ਬਿਜਲੀ ਦੀ ਘਾਟ ਕਾਰਨ ਕਿਸਾਨਾਂ ਨੇ ਕੀਤਾ ਰੋਸ ਵਿਖਾਵਾ
ਬਲਜੀਤ ਸਿੰਘ
ਤਰਨ ਤਾਰਨ / ਪੱਟੀ, 8 ਸਤੰਬਰ:
ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਤੇ ਪੱਟੀ ਅਧੀਨ ਆਉਂਦੇ ਪਿੰਡਾਂ—ਘਰਿਆਲਾ, ਸਭਰਾਂ, ਤਲਵੰਡੀ ਸੋਭਾ ਸਿੰਘ, ਜੰਡ, ਅਤੇ ਪਿੰਡ ਮਾਨ ਵਿੱਚ ਝੋਨੇ ਦੀ ਫਸਲ ਲਈ ਪੂਰੀ ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਮੱਸਿਆ ਨੂੰ ਲੈ ਕੇ 'ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ' ਵੱਲੋਂ ਪੱਟੀ ਬਿਜਲੀ ਘਰ ਵਿਖੇ ਬਿਜਲੀ ਬੋਰਡ ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਪ੍ਰਦਰਸ਼ਨ ਦੌਰਾਨ ਗੱਲਬਾਤ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁੱਚਾ ਸਿੰਘ ਲੱਧੂ, ਸੂਬਾ ਆਗੂ ਕਾਰਜ ਸਿੰਘ ਘਰਿਆਲਾ ਅਤੇ ਜ਼ੋਨ ਪ੍ਰਧਾਨ ਹਰਪਾਲ ਸਿੰਘ ਘਰਿਆਲਾ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਨੂੰ ਖੋਖਲਾ ਦੱਸਿਆ।
ਕਿਸਾਨ ਆਗੂਆਂ ਵੱਲੋਂ ਚੁੱਕੇ ਗਏ ਮੁੱਖ ਮੁੱਦੇ:
ਸਰਕਾਰੀ ਦਾਅਵਿਆਂ ਦੀ ਫੂਕ ਨਿਕਲੀ: ਪੰਜਾਬ ਸਰਕਾਰ ਵੱਲੋਂ ਸਟੇਜਾਂ 'ਤੇ 8 ਘੰਟੇ ਨਿਰਵਿਘਨ ਬਿਜਲੀ ਅਤੇ ਖੇਤਾਂ ਦੇ ਟੇਲਾਂ ਤੱਕ ਪਾਣੀ ਪਹੁੰਚਾਉਣ ਦੇ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ।
ਸਿਰਫ਼ 2 ਘੰਟੇ ਮਿਲ ਰਹੀ ਬਿਜਲੀ: ਖੇਤਾਂ ਨੂੰ 8 ਘੰਟੇ ਦੀ ਥਾਂ ਸਿਰਫ਼ 2 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ, ਜਿਸ ਕਾਰਨ ਬਾਕੀ 6 ਘੰਟੇ ਕੱਟ ਲੱਗਣ ਨਾਲ ਕਿਸਾਨਾਂ ਦਾ ਪੱਕਿਆ ਹੋਇਆ ਝੋਨਾ ਸੁੱਕ ਕੇ ਖ਼ਰਾਬ ਹੋਣ ਦੇ ਕੰਢੇ ਪਹੁੰਚ ਗਿਆ ਹੈ।
ਅਧਿਕਾਰੀਆਂ ਦਾ ਅਣਗਹਿਲੀ ਭਰਿਆ ਰਵੱਈਆ: ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਦਫ਼ਤਰ ਆ ਕੇ ਅਤੇ ਫ਼ੋਨ ਰਾਹੀਂ ਬਾਰ-ਬਾਰ ਸਮੱਸਿਆ ਤੋਂ ਜਾਣੂ ਕਰਵਾਇਆ ਗਿਆ, ਪਰ ਕੋਈ ਸੁਣਵਾਈ ਨਹੀਂ ਹੋਈ।
ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਨੇ ਕਿਸਾਨਾਂ ਦੀ ਬਿਜਲੀ ਦੀ ਮੰਗ ਨੂੰ ਜਲਦ ਪੂਰਾ ਨਾ ਕੀਤਾ, ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
- Download Babushahi App
-
-