ਬਿਜਲੀ ਕਾਮਿਆਂ ਵੱਲੋਂ ਕਾਲਾ ਦਿਨ ਮਨਾਇਆ
ਕੇਂਦਰ ਦੀ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਤਿੱਖਾ ਰੋਸ ਪ੍ਰਗਟ
ਰੋਹਿਤ ਗੁਪਤਾ
ਗੁਰਦਾਸਪੁਰ , 2 ਅਪ੍ਰੈਲ 2026 :
ਪਾਵਰਕੌਮ ਉਪ ਮੰਡਲ ਕਾਦੀਆਂ ਦੇ ਬਿਜਲੀ ਕਾਮਿਆਂ ਵੱਲੋਂ ਅੱਜ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਦੇ ਸੱਦੇ ’ਤੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਕਾਲੇ ਬਿੱਲੇ ਲਾ ਕੇ “ਕਾਲਾ ਦਿਨ” ਮਨਾਇਆ ਗਿਆ। ਇਸ ਦੌਰਾਨ ਕਰਮਚਾਰੀਆਂ ਨੇ ਆਪਣੇ ਵਿਭਾਗੀ ਦਫ਼ਤਰਾਂ ਵਿੱਚ ਇਕੱਠੇ ਹੋ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਮਜ਼ਦੂਰ ਹੱਕਾਂ ਦੀ ਰੱਖਿਆ ਲਈ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕੀਤਾ।
ਇਸ ਪ੍ਰਦਰਸ਼ਨ ਦੀ ਅਗਵਾਈ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਕਾਦੀਆਂ ਦੇ ਆਗੂ ਸੁਰਜੀਤ ਸਿੰਘ ਗੁਰਾਇਆ, ਫੈਡਰੇਸ਼ਨ ਏਟਕ ਦੇ ਹਰਪ੍ਰੀਤ ਸਿੰਘ, ਇੰਪਲਾਈਜ ਫੈਡਰੇਸ਼ਨ ਚਾਹਲ ਦੇ ਆਗੂ ਬਲਜਿੰਦਰ ਸਿੰਘ ਬਾਜਵਾ ਅਤੇ ਐਮ ਯੂ ਓ ਦੇ ਜਸਬੀਰ ਸਿੰਘ ਕੋਟ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ।
ਪ੍ਰਦਰਸ਼ਨ ਦੌਰਾਨ ਆਗੂਆਂ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀਆਂ ਨਵੀਆਂ ਲੇਬਰ ਨੀਤੀਆਂ ’ਤੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਚਾਰ ਲੇਬਰ ਕੋਡ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਹਨ ਅਤੇ ਇਹ ਮਜ਼ਦੂਰ ਵਰਗ ਦੇ ਮੂਲ ਅਧਿਕਾਰਾਂ ਨੂੰ ਖਤਮ ਕਰਨ ਵੱਲ ਇੱਕ ਵੱਡਾ ਕਦਮ ਹਨ।
ਉਨ੍ਹਾਂ ਕਿਹਾ ਕਿ ਇਹ ਨਵੇਂ ਲੇਬਰ ਕਾਨੂੰਨ ਮਜ਼ਦੂਰਾਂ ਦੇ ਜਥੇਬੰਦ ਹੋਣ ਦੇ ਹੱਕ ਨੂੰ ਕਮਜ਼ੋਰ ਕਰਨਗੇ ਅਤੇ ਹੜਤਾਲ ਵਰਗੇ ਲੋਕਤਾਂਤ੍ਰਿਕ ਹਥਿਆਰਾਂ ’ਤੇ ਪਾਬੰਦੀ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਉਜਰਤ ਕਾਨੂੰਨ 1948 ਨੂੰ ਖਤਮ ਕਰਕੇ ਘੱਟੋ-ਘੱਟ ਮਜ਼ਦੂਰੀ ਨਿਰਧਾਰਿਤ ਕਰਨ ਦਾ ਹੱਕ ਵੀ ਮਜ਼ਦੂਰਾਂ ਤੋਂ ਖੋਹਿਆ ਜਾ ਰਿਹਾ ਹੈ, ਜਿਸ ਨਾਲ ਗਰੀਬ ਅਤੇ ਮੱਧ ਵਰਗ ਦੇ ਕਰਮਚਾਰੀਆਂ ਦੀ ਆਰਥਿਕ ਸਥਿਤੀ ਹੋਰ ਵੀ ਖ਼ਰਾਬ ਹੋ ਸਕਦੀ ਹੈ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਊਟਸੋਰਸ ਅਤੇ ਠੇਕੇ ’ਤੇ ਕੰਮ ਕਰ ਰਹੇ ਹਜ਼ਾਰਾਂ ਕਰਮਚਾਰੀ ਪਹਿਲਾਂ ਹੀ ਅਸਥਿਰਤਾ ਦਾ ਸਾਹਮਣਾ ਕਰ ਰਹੇ ਹਨ ਅਤੇ ਨਵੀਆਂ ਨੀਤੀਆਂ ਨਾਲ ਉਨ੍ਹਾਂ ਦੀ ਨੌਕਰੀ ਹੋਰ ਵੀ ਅਸੁਰੱਖਿਅਤ ਹੋ ਜਾਵੇਗੀ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਐਸੇ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕਰੇ ਅਤੇ ਉਨ੍ਹਾਂ ਨੂੰ ਬਰਾਬਰ ਹੱਕ ਦਿੱਤੇ ਜਾਣ।
ਆਗੂਆਂ ਨੇ ਆਪਣੀਆਂ ਮੁੱਖ ਮੰਗਾਂ ਰੱਖਦਿਆਂ ਕਿਹਾ ਕਿ ਚਾਰੋ ਲੇਬਰ ਕੋਡ ਤੁਰੰਤ ਰੱਦ ਕੀਤੇ ਜਾਣ, ਮਜ਼ਦੂਰ ਪੱਖੀ ਪੁਰਾਣੇ ਕਾਨੂੰਨ ਦੁਬਾਰਾ ਲਾਗੂ ਕੀਤੇ ਜਾਣ, ਉਜਰਤ ਕਾਨੂੰਨ 1948 ਨੂੰ ਲਾਗੂ ਕਰਕੇ ਘੱਟੋ-ਘੱਟ ਉਜਰਤ ਨਿਰਧਾਰਿਤ ਕੀਤੀ ਜਾਵੇ, ਆਊਟਸੋਰਸ ਅਤੇ ਠੇਕਾ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਤੁਰੰਤ ਵਾਪਸ ਲਿਆ ਜਾਵੇ।
ਪ੍ਰਦਰਸ਼ਨ ਦੌਰਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਵਾਪਸ ਨਾ ਲਿਆ ਗਿਆ ਤਾਂ ਮਜ਼ਦੂਰ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਵੱਡਾ ਅਤੇ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਰਾਜ ਅਤੇ ਦੇਸ਼ ਪੱਧਰ ’ਤੇ ਵੱਡੇ ਪੱਧਰ ’ਤੇ ਆੰਦੋਲਨ ਕੀਤੇ ਜਾਣਗੇ।
ਇਸ ਮੌਕੇ ਜਗਤਾਰ ਸਿੰਘ ਖੁੰਡਾ, ਹਰਦੀਪ ਸਿੰਘ ਸੇਖੋਂ, ਮਨਦੀਪ ਸਿੰਘ, ਯਾਦਵਿੰਦਰ ਸਿੰਘ, ਦਲਜੀਤ ਸਿੰਘ ਸਿੱਧਵਾਂ ਸਮੇਤ ਕਈ ਹੋਰ ਬਿਜਲੀ ਕਰਮਚਾਰੀ ਅਤੇ ਯੂਨੀਅਨ ਮੈਂਬਰ ਵੱਡੀ ਗਿਣਤੀ ਵਿੱਚ ਮੌਜੂਦ ਸਨ, ਜਿਨ੍ਹਾਂ ਨੇ ਇਕਸੁਰ ਹੋ ਕੇ ਮਜ਼ਦੂਰ ਹੱਕਾਂ ਦੀ ਰੱਖਿਆ ਲਈ ਸੰਘਰਸ਼ ਜਾਰੀ ਰੱਖਣ ਦਾ ਸੰਕਲਪ ਲਿਆ।
Click to Follow Babushahi Facebook page →