ਬਾਬਾ ਬਲਬੀਰ ਸਿੰਘ ਵੱਲੋਂ ਹੈਦਰਾਬਾਦ ਵਿਖੇ ਦੁਸਹਿਰੇ ਮੌਕੇ ਖ਼ਾਲਸਾਈ ਜਾਹੋ-ਜਲਾਲ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ
ਸੈਂਟਰਲ ਸਿੱਖ ਗੁਰਦੁਆਰਾ ਸਾਹਿਬ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਵਿੱਚ ਸੰਗਤਾਂ ਨੇ ਉਤਸ਼ਾਹ ਨਾਲ ਭਰੀ ਹਾਜ਼ਰੀ
ਅੰਮ੍ਰਿਤਸਰ:- 25 ਅਕਤੂਬਰ 2026 : ਦੁਸਹਿਰੇ ਦੇ ਮੌਕੇ ਸੈਂਟਰਲ ਸਿੱਖ ਗੁਰਦੁਆਰਾ ਸਾਹਿਬ, ਹੈਦਰਾਬਾਦ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਖ਼ਾਲਸਾਈ ਸ਼ਾਨੋ-ਸ਼ੌਕਤ ਅਤੇ ਸਿੱਖ ਪੰਥ ਦੀਆਂ ਪੁਰਾਤਨ ਰਵਾਇਤਾਂ ਮੁਤਾਬਿਕ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਆਸਾ ਸਿੰਘ ਬਾਗ਼ ਸ਼ਹੀਦਾਂ ਸਿੰਘਾਂ ਤੋਂ ਹੋਈ, ਉਪਰੰਤ ਇਹ ਗੁਰਦੁਆਰਾ ਬਰੰਬਾਲਾ ਸਾਹਿਬ ਅਤੇ ਗੁਰਦੁਆਰਾ ਅਮੀਰਪੇਟ ਸਾਹਿਬ ਤੋਂ ਹੁੰਦਾ ਹੋਇਆ ਸੈਂਟਰਲ ਗੁਰਦੁਆਰਾ ਸਾਹਿਬ, ਗੌਲਿਗੁੜਾ, ਹੈਦਰਾਬਾਦ ਵਿਖੇ ਪੁੱਜਾ। ਨਿਹੰਗ ਸਿੰਘ ਰਵਾਇਤੀ ਬਾਣਿਆਂ, ਸ਼ਸਤਰਾਂ, ਘੋੜਿਆਂ, ਹਾਥੀਆਂ, ‘ਤੇ ਸਵਾਰ ਹੋ ਕੇ ਖੁਲੇ ਮੈਦਾਨ ਵਿੱਚ ਪਹੁੰਚੇ। ਰਸਤੇ ਵਿੱਚ ਵੱਖ ਸੰਗਤਾਂ ਸੰਪਰਦਾਵਾਂ ਨੇ ਸਿੰਘਾਂ ਦੇ ਸਵਾਗਤ ਲਈ ਠੰਡੇ ਮਿੱਠੇ ਜਲ ਅਤੇ ਫੱਲਾਂ ਦੇ ਲੰਗਰ ਲਗਾਏ ਹੋਏ ਸਨ। ਜਿਥੇ ਨਿਹੰਗ ਸਿੰਘਾਂ ਨੇ ਸੰਗਤਾਂ ਦੇ ਲਾ ਮਿਸਾਲ ਇਕੱਠ ਨੂੰ ਘੌੜ ਸਵਾਰੀ, ਨੇਜੇਬਾਜ਼ੀ, ਗਤਕੇਬਾਜ਼ੀ ਆਦਿ ਦਾ ਜੰਗਜੂ ਜੋਹਰ ਦਿਖਾਏ।
ਹੈਦਰਾਬਾਦ ਦੀ ਸਮੂਹ ਸੰਗਤਾਂ ਨੇ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ। ਸੰਗਤਾਂ ਵੱਲੋਂ ਲਗਭਗ 200 ਮੋਟਰਸਾਈਕਲਾਂ ਦੇ ਵਿਸ਼ਾਲ ਮਾਰਚ ਰਾਹੀਂ ਸਿੰਘ ਸਾਹਿਬ ਪ੍ਰਤੀ ਸਤਿਕਾਰ ਅਤੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ। ਸਮਾਗਮ ਦੌਰਾਨ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਇਤਿਹਾਸਕ ਸ਼ਸਤਰਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ। ਇਸ ਦੇ ਨਾਲ ਹੀ ਗਿਆਨੀ ਸੁਖਜੀਤ ਸਿੰਘ ਕਨ੍ਹੱਈਆ ਜੀ ਨੇ ਗੁਰਬਾਣੀ ਕਥਾ ਰਾਹੀਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।
ਸੈਂਟਰਲ ਸਿੱਖ ਗੁਰਦੁਆਰਾ ਸਾਹਿਬ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਇਹ ਨਗਰ ਕੀਰਤਨ ਸਿੱਖ ਵਿਰਾਸਤ ਅਤੇ ਪੰਥਕ ਏਕਤਾ ਦਾ ਯਾਦਗਾਰੀ ਪ੍ਰਗਟਾਵਾ ਬਣਿਆ। ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਦੀ ਅਗਵਾਈ, ਸੰਗਤਾਂ ਦੀ ਸ਼ਰਧਾ ਅਤੇ ਨੌਜਵਾਨਾਂ ਦੇ ਉਤਸ਼ਾਹ ਨੇ ਸਮਾਗਮ ਨੂੰ ਵਿਸ਼ੇਸ਼ ਰੂਪ ਪ੍ਰਦਾਨ ਕੀਤਾ। ਇਤਿਹਾਸਕ ਸ਼ਸਤਰਾਂ ਦੇ ਦਰਸ਼ਨਾਂ ਅਤੇ ਗੁਰਬਾਣੀ ਕਥਾ ਰਾਹੀਂ ਸੰਗਤਾਂ ਨੂੰ ਆਪਣੇ ਗੌਰਵਮਈ ਇਤਿਹਾਸ ਅਤੇ ਗੁਰਮਤਿ ਸਿਧਾਂਤਾਂ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ।
ਇਸ ਦੌਰਾਨ ਨਗਰ ਕੀਰਤਨ ਦੇ ਪ੍ਰਬੰਧਕਾਂ ਵਿੱਚ ਸ. ਗੁਰਚਰਨ ਸਿੰਘ ਬੱਗਾ ਜੀ-ਚੇਅਰਮੈਨ, ਤੇਲੰਗਾਨਾ, ਸ. ਮਨਜੀਤ ਸਿੰਘ ਪਾਲਾ ਜੀ-ਜਨਰਲ ਸਕੱਤਰ, ਤੇਲੰਗਾਨਾ ਗੁਰਦੁਆਰਾ, ਸ. ਤਿਰਲੋਕ ਸਿੰਘ ਜੀ-ਪ੍ਰਧਾਨ, ਸੈਂਟਰਲ ਗੁਰਦੁਆਰਾ ਸਾਹਿਬ, ਸ. ਦਰਸ਼ਨ ਸਿੰਘ ਜੀ-ਪ੍ਰਧਾਨ, ਗੁਰਦੁਆਰਾ ਅਮੀਰਪੇਟ ਸਾਹਿਬ, ਸ. ਚੇਤਨ ਸਿੰਘ ਸ਼ਿਕਾਰ ਜੀ-ਪ੍ਰਧਾਨ, ਗੁਰਦੁਆਰਾ ਬਰੰਬਾਲਾ ਸਾਹਿਬ, ਸ. ਹਰਪਾਲ ਸਿੰਘ ਰੰਜਨ ਜੀ-ਪ੍ਰਧਾਨ, ਪੁਰਾਤਨ ਗੁਰਦੁਆਰਾ ਆਸਾ ਸਿੰਘ ਬਾਗ਼ ਅਦਿ ਨੇ ਸਹਿਯੋਗ ਦਿਤਾ। ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਸਮੂਹ ਪ੍ਰਬੰਧਕਾਂ, ਸਹਿਯੋਗੀਆਂ, ਸੰਗਤਾਂ, ਸੰਤ ਮਹਾਂਪੁਰਸ਼ਾਂ ਦਾ ਦਿਲੋਂ ਧੰਨਵਾਦ ਦਿਤਾ। ਇਸ ਮੌਕੇ ਬਾਬਾ ਸੁਖਦੇਵ ਸਿੰਘ, ਬਾਬਾ ਮਲੂਕ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਸਰਵਣ ਸਿੰਘ ਮਝੈਲ, ਬਾਬਾ ਮੱਘਰ ਸਿੰਘ, ਬਾਬਾ ਸੁੱਖਾ ਸਿੰਘ, ਬਾਬਾ ਲਛਮਣ ਸਿੰਘ, ਇੰਦਰਪਾਲ ਸਿੰਘ ਰਿੱਕੀ ਅਤੇ ਬੇਅੰਤ ਸਿੰਘ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
- Download Babushahi App
-
-