ਪੰਜਾਬ ਸਰਕਾਰ ਨੇ ਜੰਗਲਾਤ ਵਿਭਾਗ ਦੇ 516 ਕੱਚੇ ਮੁਲਾਜ਼ਮ ਕੀਤੇ ਪੱਕੇ, CM ਮਾਨ ਨੇ ਸੌਂਪੇ ਨਿਯੁਕਤੀ ਪੱਤਰ
ਚੰਡੀਗੜ੍ਹ, 13 ਜੁਲਾਈ 2026- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕੱਚੇ ਅਤੇ ਦਿਹਾੜੀਦਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਵਿੱਢੀ ਗਈ ਮੁਹਿੰਮ ਤਹਿਤ ਅੱਜ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਜੰਗਲਾਤ ਵਿਭਾਗ (Forest Department) ਵਿੱਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ 516 ਕੱਚੇ ਕਾਮਿਆਂ ਨੂੰ ਪੱਕੇ ਕਰਨ ਦੇ ਨਿਯੁਕਤੀ ਪੱਤਰ ਸੌਂਪੇ। ਇਨ੍ਹਾਂ ਮੁਲਾਜ਼ਮਾਂ ਵਿੱਚ ਮੁੱਖ ਤੌਰ 'ਤੇ ਡਰਾਈਵਰ, ਬੇਲਦਾਰ ਅਤੇ ਹੋਰ ਦਰਜਾ-ਚਾਰ ਅਹੁਦਿਆਂ 'ਤੇ ਤੈਨਾਤ ਦਿਹਾੜੀਦਾਰ ਸ਼ਾਮਲ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਖੁਲਾਸਾ ਕੀਤਾ ਕਿ ਜਦੋਂ ਇਹ ਮਸਲਾ ਕੈਬਨਿਟ ਵਿੱਚ ਆਇਆ ਸੀ, ਤਾਂ ਸਰਕਾਰ ਨੇ ਮੁਲਾਜ਼ਮਾਂ ਦੇ ਹੱਕ ਵਿੱਚ ਵੱਡੇ ਫੈਸਲੇ ਲਏ। ਕਈ ਮੁਲਾਜ਼ਮ ਪਿਛਲੇ 10 ਤੋਂ 20 ਸਾਲਾਂ ਤੋਂ ਵਿਭਾਗ ਵਿੱਚ ਸੇਵਾਵਾਂ ਦੇ ਰਹੇ ਸਨ, ਜਿਸ ਕਾਰਨ ਕਈਆਂ ਦੀ ਉਮਰ ਲੰਘ ਚੁੱਕੀ ਸੀ। ਇਸ ਲਈ ਸਰਕਾਰ ਨੇ ਵਿਸ਼ੇਸ਼ ਤੌਰ 'ਤੇ ਪੜ੍ਹਾਈ (Qualification) ਅਤੇ ਉਮਰ ਦੀ ਹੱਦ ਵਿੱਚ ਵੱਡੀਆਂ ਛੋਟਾਂ ਦਿੱਤੀਆਂ ਤਾਂ ਜੋ ਕੋਈ ਵੀ ਮਿਹਨਤੀ ਮੁਲਾਜ਼ਮ ਪੱਕਾ ਹੋਣ ਤੋਂ ਵਾਂਝਾ ਨਾ ਰਹਿ ਜਾਵੇ।
"ਹੁਣ ਤਾਂ ਦੇਸ਼ ਵਿੱਚੋਂ ਕੱਚੇ ਕੋਠਿਆਂ ਦਾ ਰਿਵਾਜ਼ ਵੀ ਖਤਮ ਹੋ ਗਿਆ ਹੈ, ਕੱਚੀਆਂ ਛੱਤਾਂ ਅਤੇ ਕੱਚੇ ਚੁੱਲ੍ਹੇ ਵੀ ਕਿਤੇ ਲੱਭਣੇ ਮੁਸ਼ਕਿਲ ਹਨ, ਪਰ ਅਫਸੋਸ ਕਿ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਇਕੱਲੇ ਮੁਲਾਜ਼ਮ ਹੀ ਕੱਚੇ ਰਹਿ ਗਏ ਸਨ।"
ਆਊਟਸੋਰਸਿੰਗ (Outsourcing) ਅਤੇ ਠੇਕੇਦਾਰੀ ਸਿਸਟਮ 'ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਹੁਣ ਇਸ ਪ੍ਰਥਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਸਰਕਾਰ ਕੋਲੋਂ ਪੂਰੀ ਤਨਖਾਹ ਲੈ ਕੇ ਗਰੀਬ ਮੁਲਾਜ਼ਮਾਂ ਨੂੰ ਅੱਧੀ ਤਨਖਾਹ ਵੀ ਨਹੀਂ ਦਿੰਦੇ ਸਨ ਅਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਹੁਣ ਅਜਿਹੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਇਨ੍ਹਾਂ ਸਾਰੇ ਮੁਲਾਜ਼ਮਾਂ ਦਾ ਭਵਿੱਖ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਐਲਾਨ ਕੀਤਾ ਕਿ ਬਾਕੀ ਰਹਿੰਦੇ ਹੋਰਨਾਂ ਮਹਿਕਮਿਆਂ ਵਿੱਚ ਵੀ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ।
- Download Babushahi App
-
-