ਪੰਜਾਬ ਦੇ ਇੱਕ ਹੋਰ ਸਾਬਕਾ IAS ਅਤੇ ਸਾਬਕਾ ਚੀਫ਼ ਇੰਜੀਨੀਅਰ ਭਾਜਪਾ 'ਚ ਸ਼ਾਮਲ
Ravi Jakhu
ਚੰਡੀਗੜ੍ਹ 30 ਅਪ੍ਰੈਲ 2026: ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਕੜੀ ਤਹਿਤ ਅੱਜ ਭਾਜਪਾ ਦੇ ਪਰਿਵਾਰ ਵਿੱਚ ਉਸ ਸਮੇਂ ਵੱਡਾ ਵਾਧਾ ਹੋਇਆ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਕਈ ਪ੍ਰਮੁੱਖ ਸ਼ਖਸੀਅਤਾਂ ਅਤੇ ਸਿਆਸੀ ਆਗੂਆਂ ਨੇ ਭਾਜਪਾ ਦਾ ਪੱਲਾ ਫੜ ਲਿਆ।
ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਮੈਂਬਰਾਂ ਵਿੱਚ ਪ੍ਰਸ਼ਾਸਨਿਕ ਅਤੇ ਸਿਆਸੀ ਖੇਤਰ ਦੇ ਵੱਡੇ ਨਾਮ ਧਰਮਪਾਲ (ਰਿਟਾਇਰਡ IAS) ਪੰਜਾਬ ਦੇ ਗਵਰਨਰ ਦੇ ਸਾਬਕਾ ਸਲਾਹਕਾਰ, ਸੋਹਣ ਲਾਲ ਸਿੱਧੂ ਸਾਬਕਾ ਸਿੰਚਾਈ ਵਿਭਾਗ ਪੰਜਾਬ ਦੇ ਰਿਟਾਇਰਡ ਚੀਫ ਇੰਜੀਨੀਅਰ, ਜਸਬੀਰ ਸਿੰਘ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ, ਸ੍ਰੀਮਤੀ ਰਾਜਵਿੰਦਰ ਕੌਰ ਅਤੇ ਸੁਖਜੀਤ ਸਿੰਘ ਸ਼ਾਮਲ ਹਨ।
ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਾਲ ਭਾਜਪਾ ਪੰਜਾਬ ਐਸ.ਸੀ. ਮੋਰਚਾ ਦੇ ਸੂਬਾ ਪ੍ਰਧਾਨ ਐਸ.ਆਰ. ਲੱਧੜ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸਾਬਕਾ ਨੌਕਰਸ਼ਾਹਾਂ ਅਤੇ ਦੂਜੀਆਂ ਪਾਰਟੀਆਂ ਦੇ ਅਹੁਦੇਦਾਰਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਇਹ ਦਰਸਾਉਂਦਾ ਹੈ ਕਿ ਪਾਰਟੀ ਆਉਣ ਵਾਲੀਆਂ ਚੋਣਾਂ ਲਈ ਆਪਣਾ ਆਧਾਰ ਵਧਾ ਰਹੀ ਹੈ।
ਲੱਧੜ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਭਾਜਪਾ ਦੀਆਂ ਨੀਤੀਆਂ 'ਤੇ ਭਰੋਸਾ ਜਤਾ ਰਹੇ ਹਨ ਅਤੇ ਪਾਰਟੀ ਦਿਨ-ਬ-ਦਿਨ ਹੋਰ ਮਜ਼ਬੂਤ ਹੋ ਰਹੀ ਹੈ। ਨਵੇਂ ਸ਼ਾਮਲ ਹੋਏ ਮੈਂਬਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀ ਮਜ਼ਬੂਤੀ ਅਤੇ ਦੇਸ਼ ਦੀ ਸੇਵਾ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
Click to Follow Babushahi Facebook page →