ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਛੁੱਟੀ ਪੱਕੀ, ਹਾਈਕਮਾਂਡ ਨੇ ਦਿੱਤਾ ਸੁਨੇਹਾ; ਨਵੇਂ ਪ੍ਰਧਾਨ ਦਾ ਐਲਾਨ ਇੱਕ-ਦੋ ਦਿਨਾਂ 'ਚ, ਪੜ੍ਹੋ ਕਿਸਦਾ ਦਾ ਨਾਂ ਸਭ ਤੋਂ ਮੋਹਰੀ
Zinnia Balli/ Babushahi News Network
ਚੰਡੀਗੜ੍ਹ, 23 ਸਤੰਬਰ 2026:
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਜਾਣੀ ਤੈਅ ਹੋ ਗਈ ਹੈ ਅਤੇ ਨਵੇਂ ਪ੍ਰਧਾਨ ਦੇ ਨਾਂ ਦਾ ਐਲਾਨ ਇੱਕ-ਅੱਧੇ ਦਿਨ 'ਚ ਛੇਤੀ ਹੀ ਹੋ ਜਾਵੇਗਾ।
ਕਾਂਗਰਸ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਪਾਰਟੀ ਹਾਈਕਮਾਂਡ ਨੇ ਰਾਜਾ ਵੜਿੰਗ ਨੂੰ ਬੀਤੀ ਰਾਤ ਹੀ ਇਹ ਸੁਨੇਹਾ ਪਹੁੰਚਾ ਦਿੱਤਾ ਸੀ ਕਿ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਲਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਪਾਰਟੀ 'ਚ ਕਿਸੇ ਅਹਿਮ ਅਹੁਦੇ 'ਤੇ ਐਡਜਸਟ ਕੀਤਾ ਜਾਵੇਗਾ।
ਬਹੁਤੀ ਸੰਭਾਵਨਾ ਇਹੀ ਹੈ ਕਿ ਰਾਜਾ ਵੜਿੰਗ ਨੇ ਖੁਦ ਹੀ ਆਪਣਾ ਅਸਤੀਫ਼ਾ ਹਾਈਕਮਾਂਡ ਨੂੰ ਭੇਜ ਦਿੱਤਾ ਹੋਵੇਗਾ, ਜਿਸ ਤੋਂ ਬਾਅਦ ਸੁਭਾਵਿਕ ਹੈ ਕਿ ਨਵੇਂ ਪ੍ਰਧਾਨ ਦੀ ਨਿਯੁਕਤੀ ਲਈ ਰਾਹ ਪੱਧਰਾ ਹੋ ਜਾਵੇਗਾ।
ਨਵੇਂ ਪ੍ਰਧਾਨ ਲਈ ਜਿਨ੍ਹਾਂ ਨਾਵਾਂ ਦੀ ਚਰਚਾ ਹੈ, ਉਨ੍ਹਾਂ ਵਿੱਚ ਸਾਬਕਾ ਐਮ.ਪੀ. ਅਤੇ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਦੇ ਨਾਂ ਦੀ ਸਭ ਤੋਂ ਵੱਧ ਚਰਚਾ ਹੈ। ਹਾਲਾਂਕਿ ਪਰਗਟ ਸਿੰਘ, ਪ੍ਰਤਾਪ ਸਿੰਘ ਬਾਜਵਾ, ਰਾਣਾ ਕੇ.ਪੀ. ਸਿੰਘ ਅਤੇ ਕੁਝ ਹੋਰ ਨਾਂ ਵੀ ਚਰਚਾ ਵਿੱਚ ਹਨ, ਪਰ ਲੱਗਦਾ ਹੈ ਇਸ ਵਾਰ ਹਾਈਕਮਾਂਡ ਵੱਡੇ ਕਾਂਗਰਸੀ ਨੇਤਾਵਾਂ ਦੀ ਸਲਾਹ ਲੈ ਕੇ ਹੀ ਨਵੇਂ ਪ੍ਰਧਾਨ ਦੀ ਨਿਯੁਕਤੀ ਕਰ ਰਹੀ ਹੈ।
ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਵਿੱਚ ਅਤੇ 2027 ਦੀਆਂ ਚੋਣਾਂ ਲਈ ਬਣਾਈਆਂ ਗਈਆਂ ਕਮੇਟੀਆਂ ਵਿੱਚ ਵੀ ਤਬਦੀਲੀਆਂ ਹੋਣੀਆਂ ਸੁਭਾਵਿਕ ਹਨ।
ਸਚਿਨ ਪਾਇਲਟ ਦੇ ਪੰਜਾਬ ਕਾਂਗਰਸ ਦੇ ਇੰਚਾਰਜ ਬਣਾਏ ਜਾਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਅਤੇ ਹੋਰ ਬਾਗੀ ਹੋਏ ਨੇਤਾ ਇਸੇ ਲਈ ਹੀ ਸ਼ਾਂਤ ਹੋ ਗਏ ਸਨ ਕਿਉਂਕਿ ਉਨ੍ਹਾਂ ਨੂੰ ਇਹ ਇਸ਼ਾਰਾ ਦੇ ਦਿੱਤਾ ਗਿਆ ਸੀ ਕਿ ਛੇਤੀ ਹੀ ਰਾਜਾ ਵੜਿੰਗ ਨੂੰ ਹਟਾ ਕੇ ਨਵਾਂ ਪ੍ਰਧਾਨ ਲਾਇਆ ਜਾਵੇਗਾ।
- Download Babushahi App
-
-