ਪ੍ਰਸਿੱਧ ਚਿੰਤਕ ਪੰਡਤ ਤਾਰਾ ਸਿੰਘ ਨਰੋਤਮ ਬਾਰੇ ਵਿਸ਼ੇਸ਼ ਸਮਾਗਮ
ਭੁੱਲੇ-ਵਿਸਰੇ ਮਹਾਨ ਵਿਦਵਾਨਾਂ ਨੂੰ ਯਾਦ ਕਰਨਾ ਜਿਉਂਦੀ ਕੌਮ ਦੀ ਜ਼ਿੰਮੇਵਾਰੀ: ਪ੍ਰੋ. ਗੁਰਭਜਨ ਸਿੰਘ ਗਿੱਲ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ, 16 ਮਈ
ਜਿਨ੍ਹਾਂ ਕੌਮਾਂ ਨੇ ਆਪਣੇ ਵੱਡੇ ਵਿਦਵਾਨਾਂ ਅਤੇ ਸਾਹਿਤਕਾਰਾਂ ਨੂੰ ਭੁਲਾ ਦਿੱਤਾ, ਉਹ ਕੌਮਾਂ ਆਪਣੀਆਂ ਜੜ੍ਹਾਂ ਤੋਂ ਟੁੱਟ ਗਈਆਂ। ਇਸ ਸੋਚ ਨੂੰ ਕੇਂਦਰ ਵਿੱਚ ਰੱਖ ਕੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਇੰਟੈਕ ਪੰਜਾਬ ਦੇ ਸਹਿਯੋਗ ਨਾਲ ਭੁੱਲੇ-ਵਿਸਰੇ ਸਾਹਿਤਕਾਰਾਂ ਨੂੰ ਮੁੜ ਉਭਾਰਨ ਦੀ ਲੜੀ ਤਹਿਤ ਨਿਰਮਲ ਪੰਥ ਦੇ ਅਦੁੱਤੀ ਵਿਦਵਾਨ ਪੰਡਿਤ ਤਾਰਾ ਸਿੰਘ ਨਰੋਤਮ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰੇਰਣਾ ਡਾਕਟਰ ਪਰਮਜੀਤ ਸਿੰਘ ਮਾਨਸਾ ਦੇ ਉਸ ਖੋਜ ਕਾਰਜ ਤੋਂ ਮਿਲੀ ਜਿਨ੍ਹਾਂ ਨੇ ਪੰਡਿਤ ਤਾਰਾ ਸਿੰਘ ਨਰੋਤਮ ਉੱਤੇ ਪੀਐੱਚਡੀ ਕੀਤੀ ਹੈ ਅਤੇ ਜਿਨ੍ਹਾਂ ਦੀ ਖੋਜ ਨੇ ਇਸ ਮਹਾਨ ਵਿਦਵਾਨ ਦੀ ਬਹੁਪੱਖੀ ਸਾਹਿਤਕ ਵਿਰਾਸਤ ਨੂੰ ਨਵੀਂ ਪੀੜ੍ਹੀ ਦੇ ਸਾਹਮਣੇ ਉਜਾਗਰ ਕਰਨ ਦਾ ਅਧਾਰ ਤਿਆਰ ਕੀਤਾ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪ੍ਰੋ. ਨਰੇਸ਼ ਕੁਮਾਰ, ਮੁਖੀ ਪੰਜਾਬੀ ਅਤੇ ਡੋਗਰੀ ਵਿਭਾਗ, ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ, ਨੇ ਕਿਹਾ ਕਿ ਪੰਡਿਤ ਤਾਰਾ ਸਿੰਘ ਨਰੋਤਮ ਦੀਆਂ 4000 ਤੋਂ ਵੱਧ ਪੰਨਿਆਂ ਦੀਆਂ ਰਚਨਾਵਾਂ ਇੱਕ ਜੀਵਨ ਭਰ ਦੀ ਤਪੱਸਿਆ ਦੀ ਸਾਖੀ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਭੁੱਲੇ-ਵਿਸਰੇ ਵਿਦਵਾਨਾਂ ਨੂੰ ਯਾਦ ਕਰਨਾ ਸਿਰਫ਼ ਸ਼ਰਧਾਂਜਲੀ ਨਹੀਂ, ਸਗੋਂ ਕੌਮ ਦੀ ਅਕਾਦਮਿਕ ਜ਼ਿੰਮੇਵਾਰੀ ਹੈ। ਜਿਸ ਵਿਦਵਾਨ ਨੇ 'ਗੁਰੂ ਗਿਰਾਰਥ ਕੋਸ਼' ਵਰਗੀ ਅਜਿਹੀ ਰਚਨਾ ਰਚੀ ਜੋ ਆਧੁਨਿਕ ਕੋਸ਼ਾਂ ਦੀ ਆਧਾਰ-ਵਿਧੀ ਬਣੀ ਹੈ ।
ਇੰਟੈਕ ਪੰਜਾਬ ਦੇ ਕਨਵੀਨਰ ਮੇਜਰ ਜਨਰਲ ਬਲਵਿੰਦਰ ਸਿੰਘ ਨੇ ਕਿਹਾ ਕਿ ਇੰਟੈਕ ਦਾ ਮਨੋਰਥ ਸਿਰਫ਼ ਇਮਾਰਤਾਂ ਅਤੇ ਵਿਰਸੇ ਦੀ ਸੰਭਾਲ ਤੱਕ ਸੀਮਤ ਨਹੀਂ । ਸਾਹਿਤਕ ਅਤੇ ਵਿਚਾਰਕ ਵਿਰਾਸਤ ਵੀ ਸਾਡਾ ਅਣਮੁੱਲਾ ਖ਼ਜ਼ਾਨਾ ਹੈ। ਪੰਡਿਤ ਨਰੋਤਮ ਵਰਗੇ ਵਿਦਵਾਨ, ਜਿਨ੍ਹਾਂ ਨੇ 'ਗੁਰ ਤੀਰਥ ਸੰਗ੍ਰਹਿ' ਵਿੱਚ ਹੇਮਕੁੰਟ ਸਾਹਿਬ ਦੇ ਮਹੱਤਵ ਦਾ ਸਭ ਤੋਂ ਪਹਿਲਾ ਪ੍ਰਕਾਸ਼ਨ ਦਿੱਤਾ, ਅਜਿਹੇ ਵਿਦਵਾਨਾਂ ਨੂੰ ਮੁੜ ਉਭਾਰਨਾ ਸਾਡੀ ਸੰਸਥਾਗਤ ਪ੍ਰਤੀਬੱਧਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਇੰਟੈਕ ਪੰਜਾਬ ਜਲਦ ਹੀ ਪੰਡਿਤ ਨਰੋਤਮ ਦੇ ਅਣਛਪੇ ਗ੍ਰੰਥਾਂ ਨੂੰ ਦੁਬਾਰਾ ਪ੍ਰਕਾਸ਼ਿਤ ਕਰਨ ਦਾ ਬੀੜਾ ਚੁੱਕੇਗੀ।
ਰਿਆੜਕੀ ਸੰਸਥਾਵਾਂ ਦੇ ਪ੍ਰਬੰਧਕ ਸ. ਗਗਨਦੀਪ ਸਿੰਘ ਵਿਰਕ ਨੇ ਸਮਾਗਮ ਵਿੱਚ ਨਿਰਮਲੇ ਪੰਥ ਬਾਰੇ ਵਿਸਤਾਰ ਨਾਲ ਚਾਨਣਾ ਪਾਉਂਦਿਆਂ ਕਿਹਾ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਥਾਪਿਤ ਨਿਰਮਲ ਪੰਥ ਦਾ ਮਨੋਰਥ ਗੁਰਬਾਣੀ ਦੀ ਵਿਆਖਿਆ ਠੀਕ ਢੰਗ ਨਾਲ ਕਰਨਾ ਸੀ। ਨਿਰਮਲ ਪੰਥ ਦੇ ਵਿਦਵਾਨਾਂ ਨੇ ਗੁਰਬਾਣੀ ਦੇ ਟੀਕਿਆਂ, ਵਿਆਕਰਣ ਗ੍ਰੰਥਾਂ ਅਤੇ ਤੁਲਨਾਤਮਕ ਵਿਆਖਿਆ ਰਾਹੀਂ ਸਿੱਧ ਕੀਤਾ ਕਿ ਗੁਰਮਤਿ ਦਾ ਗਿਆਨ ਉੱਤਮ ਹੈ । ਉਨ੍ਹਾਂ ਕਿਹਾ ਕਿ ਰਿਆੜਕੀ ਸੰਸਥਾਵਾਂ ਅਜਿਹੇ ਹਰ ਉੱਦਮ ਦਾ ਹਿੱਸਾ ਬਣਨਾ ਆਪਣਾ ਫ਼ਰਜ਼ ਸਮਝਦੀਆਂ ਹਨ ਜੋ ਵਿੱਦਿਆ ਅਤੇ ਵਿਰਸੇ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਂਦਾ ਹੋਵੇ।
ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਸ. ਸਵਰਨ ਸਿੰਘ ਵਿਰਕ ਨੇ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਉਨ੍ਹਾਂ ਕਿਹਾ ਕਿ ਪੰਡਿਤ ਤਾਰਾ ਸਿੰਘ ਨਰੋਤਮ ਨੇ ਇੱਕ ਸਾਧਾਰਨ ਕਿਸਾਨ ਪਰਿਵਾਰ ਤੋਂ ਉੱਠ ਕੇ ਕਾਸ਼ੀ, ਅੰਮ੍ਰਿਤਸਰ ਅਤੇ ਬੰਗਾਲ ਤੱਕ ਗਿਆਨ ਦੀ ਜੋ ਯਾਤਰਾ ਕੀਤੀ, ਉਹ ਸਾਡੇ ਵਿਦਿਆਰਥੀਆਂ ਲਈ ਸਦੀਵੀ ਪ੍ਰੇਰਨਾ ਸ੍ਰੋਤ ਹੈ। ਜੋ ਵਿਦਵਾਨ ਅੰਤਿਮ ਸਾਹ ਤੱਕ ਕਲਮ ਦੀ ਸੇਵਾ ਕਰਦਾ ਰਿਹਾ ਅਤੇ ਜਿਸ ਦੀ ਅੰਤਿਮ ਰਚਨਾ ਅਤੇ ਅੰਤਿਮ ਸਾਹ ਇੱਕੋ ਵੇਲੇ ਸੰਪੂਰਨ ਹੋਏ । ਉਹ ਜੀਵਨ ਕੋਈ ਸਾਧਾਰਨ ਜੀਵਨ ਨਹੀਂ, ਉਹ ਸਾਧਨਾ ਦਾ ਸਿਖ਼ਰ ਹੈ।
ਪੰਜਾਬੀ ਦੇ ਸਿਰਮੌਰ ਕਵੀ ਅਤੇ ਸਾਹਿਤਕ ਸ਼ਖ਼ਸੀਅਤ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਆਨਲਾਈਨ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਦੇ ਉਸ ਕਾਰਜ ਲਈ ਦਿਲੋਂ ਮਸ਼ਕੂਰ ਹਨ, ਜਿਸ ਰਾਹੀਂ ਇਹ ਸੰਸਥਾ ਭੁੱਲੇ-ਵਿਸਰੇ ਸਾਹਿਤਕਾਰਾਂ ਨੂੰ ਮੁੜ ਜ਼ਿੰਦਾ ਕਰਨ ਅਤੇ ਲੱਭ-ਲੱਭ ਕੇ ਅੱਗੇ ਲਿਆਉਣ ਦਾ ਵੱਡਾ ਅਤੇ ਅਣਮੁੱਲਾ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਕੇਵਲ ਇੱਕ ਵਿਦਵਾਨ ਨੂੰ ਯਾਦ ਕਰਨ ਦਾ ਨਹੀਂ, ਸਗੋਂ ਪੰਜਾਬੀ ਸਾਹਿਤ ਦੀ ਉਸ ਜੜ੍ਹ ਨੂੰ ਸਿੰਚਣ ਦਾ ਜ਼ਰੀਆ ਹਨ ਜਿਸ ਤੋਂ ਅਸੀਂ ਟੁੱਟਦੇ ਜਾ ਰਹੇ ਹਾਂ। ਗਿੱਲ ਸਾਹਿਬ ਨੇ ਯਾਦ ਕਰਵਾਇਆ ਕਿ ਇਸ ਤੋਂ ਪਹਿਲਾਂ ਵੀ ਇਸ ਸੰਸਥਾ ਨੇ 'ਪੰਜਾਬੀ ਸਾਹਿਤਕਾਰ — ਤਸਵੀਰਾਂ ਦੀ ਜ਼ੁਬਾਨੀ' ਵਰਗੇ ਵਿਲੱਖਣ ਉੱਦਮ ਰਾਹੀਂ ਪੰਜਾਬ ਦੀਆਂ ਪ੍ਰਮੁੱਖ ਸਾਹਿਤਕ ਅਤੇ ਸੱਭਿਆਚਾਰਕ ਸ਼ਖ਼ਸੀਅਤਾਂ ਨੂੰ ਨਵੀਂ ਪੀੜ੍ਹੀ ਦੇ ਸਾਹਮਣੇ ਲਿਆਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ।
ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿੱਦਿਅਕ ਸੰਸਥਾ ਕੇਵਲ ਡਿਗਰੀਆਂ ਵੰਡਣ ਤੱਕ ਸੀਮਤ ਨਾ ਰਹਿ ਕੇ ਸਾਹਿਤਕ ਵਿਰਸੇ ਦੀ ਰਾਖੀ ਦਾ ਬੀੜਾ ਚੁੱਕ ਲੈਂਦੀ ਹੈ, ਤਾਂ ਉਹ ਸੰਸਥਾ ਆਪਣੇ ਆਪ ਵਿੱਚ ਇੱਕ ਸਾਹਿਤਕ ਤੀਰਥ ਬਣ ਜਾਂਦੀ ਹੈ।
ਸਮਾਗਮ ਵਿੱਚ ਆਨਲਾਈਨ ਮਾਧਿਅਮ ਰਾਹੀਂ ਸੰਬੋਧਨ ਕਰਦਿਆਂ ਡਾ. ਪਰਮਜੀਤ ਸਿੰਘ ਮਾਨਸਾ ਨੇ ਕਿਹਾ ਕਿ ਆਪਣੇ ਸਮੇਂ ਦੇ ਨਿਰਮਲੇ ਚਿੰਤਕਾਂ ਵਿੱਚ ਪੰਡਿਤ ਤਾਰਾ ਸਿੰਘ ਨਰੋਤਮ ਦਾ ਨਾਮ ਬਹੁਤ ਵੱਡੇ ਸਤਿਕਾਰ ਅਤੇ ਅਕੀਦਤ ਨਾਲ ਲਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਅੱਜ ਵੇਲੇ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਅਜਿਹੇ ਮਹਾਨ ਸਾਹਿਤਕਾਰਾਂ ਨੂੰ ਨਵੀਂ ਪੀੜ੍ਹੀ ਦੇ ਸਾਹਮਣੇ ਰੂਬਰੂ ਪੇਸ਼ ਕੀਤਾ ਜਾਵੇ, ਉਨ੍ਹਾਂ ਦੀਆਂ ਵਡਮੁੱਲੀਆਂ ਰਚਨਾਵਾਂ ਨੂੰ ਉੱਚ ਪਾਏ ਦੀਆਂ ਪੁਸਤਕਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਹੱਥ-ਲਿਖਤਾਂ ਨੂੰ ਸੰਭਾਲ ਕੇ ਛਪਾਈ ਰਾਹੀਂ ਖੋਜਾਰਥੀਆਂ ਤੱਕ ਪਹੁੰਚਾਇਆ ਜਾਵੇ।
ਉਨ੍ਹਾਂ ਆਖਿਆ ਕਿ ਜੇ ਅਸੀਂ ਹੁਣ ਵੀ ਨਾ ਜਾਗੇ ਤਾਂ ਸਦੀਆਂ ਦੀ ਇਹ ਵਿਦਵਤਾ ਦੀ ਵਿਰਾਸਤ ਸਾਡੇ ਹੱਥੋਂ ਸਦਾ ਲਈ ਖਿਸਕ ਜਾਵੇਗੀ।
ਸਮਾਗਮ ਵਿੱਚ ਪੰਡਿਤ ਨਰੋਤਮ ਦੀਆਂ ਚਾਰ ਕਿਸਮਾਂ ਦੀਆਂ ਰਚਨਾਵਾਂ — ਸਿਧਾਂਤਕ ਵਿਆਖਿਆ, ਗੁਰਬਾਣੀ ਟੀਕੇ, ਕੋਸ਼ ਰਚਨਾਵਾਂ ਅਤੇ ਫੁਟਕਲ ਰਚਨਾਵਾਂ — ਬਾਰੇ ਵਿਦਵਾਨਾਂ ਨੇ ਵਿਸਤਾਰ ਨਾਲ ਚਰਚਾ ਕੀਤੀ। ਵਿਸ਼ੇਸ਼ ਤੌਰ ਤੇ 'ਸ੍ਰੀ ਗੁਰਮਤਿ ਨਿਰਣਯ ਸਾਗਰ', 'ਭਗਤ ਬਾਣੀ ਸਟੀਕ' ਅਤੇ 'ਗੁਰ ਤੀਰਥ ਸੰਗ੍ਰਹਿ' ਵਰਗੀਆਂ ਰਚਨਾਵਾਂ ਨੂੰ ਸਿੱਖ ਸਾਹਿਤ ਦੀ ਅਮੁੱਲੀ ਵਿਰਾਸਤ ਵਜੋਂ ਉਜਾਗਰ ਕੀਤਾ ਗਿਆ। ਕਾਲਜ ਦੀਆਂ ਵਿਦਿਆਰਥਣਾਂ ਆਂਚਲ ਪ੍ਰੀਤ ਕੌਰ ਅਤੇ ਮੁਸਕਾਨ ਦੀਪ ਕੌਰ ਨੇ ਇਸ ਵਿਸ਼ੇ ਸਬੰਧੀ ਆਪਣੀ ਰਚਨਾਵਾਂ ਸਾਂਝੀਆਂ ਕੀਤੀਆਂ। ਇਹ ਵੀ ਦੱਸਿਆ ਗਿਆ ਕਿ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਨਰੋਤਮ ਦੀਆਂ ਦਸ ਪ੍ਰਮੁੱਖ ਰਚਨਾਵਾਂ ਦਾ ਬਿਓਰਾ ਦਿੱਤਾ ਹੈ ਜਿਨ੍ਹਾਂ ਦੀ ਕੁੱਲ ਸੰਖਿਆ 4000 ਤੋਂ ਵੱਧ ਪੰਨਿਆਂ ਦੀ ਹੈ।
ਸਮਾਗਮ ਵਿੱਚ ਕਾਲਜ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਾਹਿਤ-ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
- Download Babushahi App
-
-