ਪ੍ਰਵਾਸੀ ਮਜ਼ਦੂਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦਾ ਕਿਰਤੀ ਕਿਸਾਨ ਯੂਨੀਅਨ ਵਲੋਂ ਡਟਵਾਂ ਵਿਰੋਧ
Babushahi Bureau
ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਵਿੱਚ ਪ੍ਰਵਾਸੀ ਮਜਦੂਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਖਤਰਨਾਕ ਕਰਾਰ ਦਿੰਦਿਆਂ ਪੰਜਾਬੀਆਂ ਨੂੰ ਇਸ ਬਾਰੇ ਚੇਤਨ ਹੋਣ ਦੇ ਡਟਵਾਂ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ! ਪ੍ਰੈਸ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁਡੀਕੇ, ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਪ੍ਰੈਸ ਸਕੱਤਰ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਇੱਕ ਬੱਚੇ ਦਾ ਕਤਲ ਹੋਣਾ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ! ਪਰ ਇਸ ਦੀ ਆੜ ਵਿੱਚ ਕਿਸੇ ਸਮੁੱਚੇ ਭਾਈਚਾਰੇ ਨੂੰ ਦੋਸ਼ੀ ਗਰਦਾਨ ਦੇਣਾ ਵਾਜਿਬ ਨਹੀਂ।
ਉਹਨਾਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਦੀ ਆਰਥਿਕਤਾ ਵਿੱਚ ਖਾਸ ਕਰ ਖੇਤੀ ਅਤੇ ਉਦਯੋਗ ਦੇ ਵਿੱਚ ਅਹਿਮ ਯੋਗਦਾਨ ਹੈ ਅਤੇ ਉਹਨਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਜਿੱਥੇ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਏਗੀ ਉਥੇ ਹੀ ਪੰਜਾਬ ਦੀ ਕਿਸਾਨ ਅੰਦੋਲਨ ਦੇ ਨਾਲ ਬਣੀ ਹੋਈ ਛਵੀ,ਜਿਸ ਕਰਕੇ ਹੜਾਂ ਦੇ ਦੌਰਾਨ ਵੱਖ-ਵੱਖ ਸੂਬਿਆਂ ਯੂਪੀ ਬਿਹਾਰ ਹਰਿਆਣਾ ਦਿੱਲੀ ਰਾਜਸਥਾਨ ਦੂਰ ਦੂਰ ਤੋਂ ਲੋਕਾਂ ਨੇ ਪੰਜਾਬ ਦੇ ਵਿੱਚ ਹੜ ਪੀੜਤਾਂ ਦੀ ਮਦਦ ਕੀਤੀ ਅਤੇ ਪੰਜਾਬ ਦਾ ਸਾਂਝੀਵਾਲਤਾ ਦਾ ਬਿੰਬ ਉਭਰਿਆ, ਉਸ ਬਿੰਬ ਨੂੰ ਮੱਧਮ ਪਾਉਣ ਲਈ ਪੰਜਾਬ ਵਿਰੋਧੀ ਅਨਸਰਾਂ ਖਾਸਕਰ ਭਾਜਪਾ ਦੇ ਲੁਕਵੇਂ ਹਮਾਇਤੀਆਂ ਵੱਲੋਂ ਚਲਾਈ ਜਾ ਰਹੀ ਹੈ!
ਕਿਸਾਨ ਆਗੂਆਂ ਕਿਹਾ ਕੇ ਪੰਜਾਬ ਸਰਕਾਰ ਹੜਾ ਕਰਕੇ ਅਤੇ ਹੋਰ ਮਸਲਿਆਂ ਕਰਕੇ ਬੁਰੀ ਤਰਾਂ ਫਸੀ ਹੋਈ ਹੈ!ਇਸੇ ਦੌਰਾਨ ਪ੍ਰਵਾਸੀਆਂ ਖਿਲਾਫ ਜਹੀਰੀਲੇ ਪ੍ਰਚਾਰ ਦੇ ਚਲਦਿਆ ਹੜਾ ਦਾ ਮੁੱਦਾ ਘੱਟੇ ਰੋਲਣ ਦੀ ਕੋਸ਼ਿਸ਼ ਹੋ ਰਹੀ ਹੈ! ਪ੍ਰਵਾਸੀਆਂ ਦੇ ਨਾਮ ਤੇ ਪੰਜਾਬ ਦੇ ਹਕੀਕੀ ਮਸਲੇ ਘੱਟੇ ਰੋਲਣ ਦੀਆਂ ਕੋਸ਼ਿਸ਼ਾਂ ਦਾ ਡਟਵਾ ਵਿਰੋਧ ਕਰਨਾ ਚਾਹੀਦਾ ਹੈ. ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮੁਹਿੰਮ ਕਿਰਤੀਆਂ ਦੇ ਵਿਰੋਧੀ ਹੈ! ਕਿਰਤ ਕਰਨ ਵਾਲਾ ਬੰਦਾ ਯਕੀਨਨ ਤੌਰ ਤੇ ਵੱਧ ਵਿਕਸਿਤ ਖੇਤਰਾਂ ਵੱਲ ਪ੍ਰਵਾਸ ਕਰਦਾ ਹੈ ਪੰਜਾਬ ਵਿੱਚ ਬੇਰੁਜ਼ਗਾਰੀ ਤੋਂ ਤੰਗ ਆਏ ਲੋਕ ਦੁਨੀਆਂ ਭਰ ਦੇ ਅਲੱਗ ਅਲੱਗ ਮੁਲਕਾਂ ਦੇ ਵਿੱਚ ਪਹੁੰਚੇ ਹਨ!
ਉਸੇ ਤਰ੍ਹਾਂ ਹੀ ਪੰਜਾਬ ਦੇ ਲੋਕ ਮੁਲਕ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਬੈਠੇ ਹਨ ਅਤੇ ਆਪੋ ਆਪਣੇ ਕਾਰੋਬਾਰ ਚਲਾ ਰਹੇ ਹਨ ਉਹਨਾਂ ਕਿਹਾ ਕਿ ਸਮੁੱਚੀ ਦੁਨੀਆਂ ਦੇ ਵਿੱਚ ਅਤੇ ਸਮੁੱਚੇ ਭਾਰਤ ਵਿੱਚ ਜਿੱਥੇ ਜਿੱਥੇ ਪੰਜਾਬੀ ਬੈਠੇ ਹਨ ਇਹ ਮੁਹਿੰਮ ਉਹਨਾਂ ਦੇ ਖਿਲਾਫ ਵੀ ਭੁਗਤੇਗੀ ਅਤੇ ਕੁੱਲ ਮਿਲਾ ਕੇ ਪੰਜਾਬ ਦਾ ਆਰਥਿਕਤਾ ਪੱਖੋਂ ਅਤੇ ਪੰਜਾਬ ਦੇ ਸਾਂਝੀਵਾਲਤਾ ਦੇ ਕਿਰਦਾਰ ਨੂੰ ਢਾਹ ਲਾਉਣ ਦਾ ਕੰਮ ਕਰੇਗੀ! ਪੰਜਾਬੀਆਂ ਨੂੰ ਇਸ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ ਅਤੇ ਇਸਦਾ ਵਿਰੋਧ ਕਰਨਾ ਚਾਹੀਦਾ ਹੈ!