ਪੀਣ ਵਾਲੇ ਪਾਣੀ ਦੀਆਂ ਨਵੀਆਂ ਪਾਈਪਾਂ ਪਾਏ ਜਾਣ ‘ਤੇ 57 ਕਰੋੜ ਰੁਪਏ ਖਰਚ ਹੋਣਗੇ : ਵਿਧਾਇਕ ਕੁਲਵੰਤ ਸਿੰਘ
ਕਿਹਾ, ਨਗਰ ਨਿਗਮ ਚੋਣਾਂ ਨੂੰ ਲੈ ਕੇ ਮਾਨਯੋਗ ਅਦਾਲਤ ਦੇ ਫੈਸਲੇ ਦੀ ਇੰਨ ਬਿੰਨ ਪਾਲਣਾ ਕਰਾਂਗੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਮਾਰਚ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੇ ਚਿਰਕੋਣੇ ਮਸਲਿਆਂ ਦਾ ਤਰਜੀਹੀ ਅਧਾਰ ‘ਤੇ ਹੱਲ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਅੱਜ ਵਿਧਾਇਕ ਮੋਹਾਲੀ ਸ੍ਰੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਹ ਫੇਜ਼-10 ਵਿਖੇ ਪੀਣ ਵਾਲੇ ਪਾਣੀ ਦੀਆਂ ਨਵੀਆਂ ਪਾਈਪਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਮੌਕੇ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਐਲ.ਆਈ.ਜੀ. ਅਤੇ ਐਮ.ਆਈ.ਜੀ. ਫੇਜ਼-10 ਦੇ ਇਲਾਕੇ ਵਿੱਚ ਪੁਰਾਣੀਆਂ ਅਤੇ ਖਰਾਬ ਪਾਣੀ ਸਪਲਾਈ ਲਾਈਨਾਂ ਕਾਰਨ ਪਾਣੀ ਅਸ਼ੁੱਧ ਹੋਣ ਦੀ ਸਮੱਸਿਆ ਆ ਰਹੀ ਸੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਪੁਰਾਣੀਆਂ ਲਾਈਨਾਂ ਨੂੰ ਬਦਲ ਕੇ ਨਵੀਆਂ 4 ਇੰਚ ਦੀਆਂ ਡੀ.ਆਈ. ਪਾਈਪਾਂ ਪਾਈਆਂ ਜਾ ਰਹੀਆਂ ਹਨ। ਇਸ ਪ੍ਰੋਜੈਕਟ ‘ਤੇ ਲਗਭਗ 57 ਕਰੋੜ ਰੁਪਏ ਖਰਚ ਆਉਣ ਦਾ ਅੰਦਾਜ਼ਾ ਹੈ ਅਤੇ ਕੰਮ ਕਰੀਬ ਢਾਈ ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਵਿਧਾਇਕ ਨੇ ਕਿਹਾ ਕਿ ਪੁਰਾਣੀਆਂ ਪਾਈਪਾਂ ਵਿੱਚ ਪਾਣੀ ਦੇ ਮਿਕਸ ਹੋਣ ਕਾਰਨ ਸਾਫ ਪਾਣੀ ਨਹੀਂ ਮਿਲ ਰਿਹਾ ਸੀ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਸੀ। ਨਵੀਆਂ ਪਾਈਪਾਂ ਪਾਉਣ ਨਾਲ ਇਲਾਕੇ ਦੇ ਲੋਕਾਂ ਨੂੰ ਸਾਫ ਪਾਣੀ ਮਿਲੇਗਾ ਅਤੇ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਫੇਜ਼-10 ਵਿੱਚ ਨਹਿਰੀ ਪਾਣੀ ਦੀ ਸਪਲਾਈ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਦਿੱਕਤ ਆਉਣ ‘ਤੇ ਸੰਬੰਧਿਤ ਵਿਭਾਗ ਵੱਲੋਂ ਤੁਰੰਤ ਠੀਕ ਕੀਤਾ ਜਾਂਦਾ ਹੈ।
ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਫੇਜ਼-10 ਨਾਲ ਉਨ੍ਹਾਂ ਦਾ ਵਿਸ਼ੇਸ਼ ਲਗਾਅ ਹੈ ਕਿਉਂਕਿ ਉਹ 1995 ਵਿੱਚ ਇੱਥੋਂ ਕੌਂਸਲਰ ਚੁਣੇ ਗਏ ਸਨ ਅਤੇ ਇਸ ਇਲਾਕੇ ਦੇ ਵਸਨੀਕਾਂ ਨੇ ਉਨ੍ਹਾਂ ਨੂੰ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਕਰਨ ਦਾ ਮੌਕਾ ਦਿੱਤਾ।
ਨਗਰ ਨਿਗਮ ਚੋਣਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਭਨਾਂ ਨੂੰ ਮਾਨਯੋਗ ਅਦਾਲਤ ਦੇ ਫੈਸਲੇ ਦੀ ਉਡੀਕ ਸੀ ਅਤੇ ਅਦਾਲਤ ਦੇ ਫੈਸਲੇ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇਗੀ।
ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਸਿੰਘ ਗਾੜ੍ਹਾ, ਚੀਫ ਇੰਜੀਨੀਅਰ ਨਰੇਸ਼ ਕੁਮਾਰ ਬੱਤਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਸਮੇਤ ਕਈ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।
Click to Follow Babushahi Facebook page →