ਪਿੰਡ ਜਖਵਾਲੀ ਵਿਖੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ
ਪੰਜਾਬ ਸਰਕਾਰ ਦਾ ਉਪਰਾਲਾ ਸਲਾਘਾਯੋਗ : ਵਿਧਾਇਕ ਰਾਏ
ਗੁਰਪ੍ਰੀਤ ਸਿੰਘ ਜਖਵਾਲੀ
ਫਤਿਹਗੜ੍ਹ ਸਾਹਿਬ 10 ਨਵੰਬਰ 2025:-
ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ, ਜਿਸ ਦੇ ਤਹਿਤ ਹਲਕਾ ਫਤਿਹਗੜ੍ਹ ਸਾਹਿਬ ਦੇ ਪਿੰਡ ਜਖਵਾਲੀ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਮੌਕੇ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਵੱਡੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀ ਗੁਰੂ ਘਰ ਨਤਮਸਤਕ ਹੋਏ।
ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਸਿੱਖ ਧਰਮ ਦੇ 9ਵੇਂ ਗੁਰੂ ਸਨ। ਉਹਨਾਂ ਦਾ ਜੀਵਨ ਅਤੇ ਸ਼ਹਾਦਤ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਹੈ, ਕਿਉਂਕਿ ਉਹਨਾਂ ਨੇ ਧਰਮ, ਮਨੁੱਖਤਾ ਅਤੇ ਅਜ਼ਾਦੀ ਦੀ ਰੱਖਿਆ ਲਈ ਆਪਣੀ ਕੁਰਬਾਨੀ ਦਿੱਤੀ।
ਗੁਰੂ ਤੇਗ ਬਹਾਦਰ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਭਾਰਤ ਦੇ ਕਈ ਹਿੱਸਿਆਂ ਦੀ ਯਾਤਰਾ ਕੀਤੀ। ਉਹ ਬੰਗਾਲ, ਬਿਹਾਰ, ਅਸਾਮ ਅਤੇ ਉੱਤਰੀ ਭਾਰਤ ਦੇ ਕਈ ਖੇਤਰਾਂ ਗਏ। ਉਹਨਾਂ ਲੋਕਾਂ ਨੂੰ ਧਰਮ ਤੇ ਨੇਕੀ ਦੇ ਰਾਹੀਂ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੱਤਾ। ਉਹਨਾਂ ਨੇ ਆਨੰਦਪੁਰ ਸਾਹਿਬ ਸ਼ਹਿਰ ਦੀ ਨੀਂਹ ਵੀ ਰੱਖੀ।
ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਬਹੁਤ ਹੀ ਉਤਸਾਹ ਦੇ ਨਾਲ ਮਨਾਇਆ ਜਾ ਰਿਹਾ ਹੈ, ਜਿੱਥੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੋ ਰਹੇ ਹਨ, ਉੱਥੇ ਹੀ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਕੀਰਤਨ ਦਰਬਾਰ ਕਰਵਾਏ ਜਾ ਰਹੇ ਹਨ ਤਾਂ ਜੋ ਗੁਰੂ ਤੇਗ ਬਹਾਦਰ ਜੀ ਦੇ ਫਲਸਫੇ ਨੂੰ ਘਰ ਘਰ ਤੱਕ ਪਹੁੰਚਾਇਆ ਜਾ ਸਕੇ। ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਪੰਜਾਬ ਸਰਕਾਰ ਦੇ ਵੱਲੋਂ 23,24 ਅਤੇ 25 ਨਵੰਬਰ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਸੂਬਾ ਪੱਧਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ, ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਚਰਚਾ ਹੋਵੇਗੀ। ਇੱਥੇ ਹੀ ਬੱਸ ਨਹੀਂ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਵੇਗਾ ਕਿ ਚੰਡੀਗੜ੍ਹ ਵਾਲੀ ਵਿਧਾਨ ਸਭਾ ਅਨੰਦਪੁਰ ਸਾਹਿਬ ਤੋਂ ਚਲਾਈ ਜਾਵੇਗੀ। ਇਸ ਮੌਕੇ ਤਹਿਸੀਲਦਾਰ ਸੁਖਵਿੰਦਰ ਸਿੰਘ ਚਨਾਰਥਲ ਕਲਾਂ, ਪੰਚਾਇਤ ਸੈਕਟਰੀ ਬੂਟਾ ਸਿੰਘ ਸਰਪੰਚ ਗੁਰਦੀਪ ਸਿੰਘ ਜਖਵਾਲੀ, ਸੁਖਵਿੰਦਰ ਸਿੰਘ ਪੰਚ , ਰਵਿੰਦਰ ਮੋਨੂੰ ਪੰਚ , ਗੁਰਪ੍ਰੀਤ ਸਿੰਘ ਜਖਵਾਲੀ ਪੰਚ , ਬਲਜੀਤ ਕੌਰ ਪੰਚ , ਨਰੰਗ ਸਿੰਘ ਪੰਚ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਰਮਿੰਦਰ ਸਿੰਘ ਗੋਰਖਾ, ਮੇਹਰ ਸਿੰਘ, ਪ੍ਰੇਮ ਸਿੰਘ, ਸੂਬੇਦਾਰ ਕਰਮਜੀਤ ਸਿੰਘ, ਸਿਕੰਦਰ ਸਿੰਘ, ਕੁਲਵਿੰਦਰ ਢਿੱਲੋ, ਕੁਲਵਿੰਦਰ ਕਿੰਦਾ, ਹਰਮੇਸ਼ ਛੰਨਾ, ਅਮਰੀਕ ਸਿੰਘ ਬਾਲਪੁਰ, ਗੁਰਪ੍ਰੀਤ ਸਿੰਘ ਗੁਣੀਆ ਮਾਜਰਾ ਆਦਮੀ ਹਾਜ਼ਰ ਸਨ।