ਨਵੇਂ ਫੜ੍ਹਾਂ ਦੀ ਵੰਡ 'ਚ ਪੱਖਪਾਤ ਨੂੰ ਲੈਕੇ ਸਬਜ਼ੀ ਕਾਰੋਬਾਰੀਆਂ ਵੱਲੋਂ ਰੋਸ ਪ੍ਰਦਰਸ਼ਨ
ਨਵੇਂ ਮਾਰਕੀਟ ਕਮੇਟੀ ਚੇਅਰਮੈਨ 'ਤੇ ਚਹੇਤਿਆਂ ਨੂੰ ਨਵੇਂ ਲਾਇਸੰਸ ਦੇ ਕੇ ਕਬਜ਼ੇ ਕਰਾਉਣ ਦੇ ਲਾਏ ਦੋਸ਼
ਅਸ਼ੋਕ ਵਰਮਾ
ਬਰਨਾਲਾ, 15 ਸਤੰਬਰ 2026 :ਸਬਜੀ ਮੰਡੀ ਬਰਨਾਲਾ ਵਿਖੇ ਪਿੱਛੇ ਜਿਹੇ ਬਣੇ ਨਵੇਂ ਸ਼ੈੱਡ 'ਚ ਪਹਿਲਾਂ ਤੋਂ ਕੰਮ ਕਰ ਰਹੇ ਆੜ੍ਹਤੀਆਂ ਨੂੰ ਜਗ੍ਹਾ/ਫੜ੍ਹ ਦੇਣ ਦੀ ਥਾਂ ਸੱਤਾਧਾਰੀਆਂ ਵੱਲੋਂ ਕਥਿਤ ਤੌਰ 'ਤੇ ਆਪਣੇ ਚਹੇਤਿਆਂ ਦੇ ਨਵੇਂ ਲਾਈਸੈਂਸ ਬਣਾ ਕੇ ਜਗ੍ਹਾ ਦੇਣ ਖ਼ਿਲਾਫ਼ ਸਬਜ਼ੀ ਮੰਡੀ ਦੇ ਆੜ੍ਹਤੀਆਂ ਨੇ ਕੰਮ ਬੰਦ ਕਰਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਹਮਾਇਤ 'ਚ ਆਏ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਬੁੱਟਰ)ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ ਨੇ ਕਿਹਾ ਕਿ ਉਹਨਾਂ ਦੇ ਜੱਥੇਬੰਦੀ ਦੇ ਜ਼ਿਲ੍ਹਾ ਵਿੱਤ ਸਕੱਤਰ ਦਲਜੀਤ ਸਿੰਘ ਪੱਤੀ ਆਪਣੀ ਖ਼ੁਦ ਕਾਸ਼ਤ ਕੀਤੀ ਸਬਜ਼ੀ ਸੁਵਖ਼ਤੇ ਮੰਡੀ 'ਚ ਵੇਚਣ ਲਈ ਆਉਂਦੇ ਹਨ ਜਿਸ ਦਾ ਕਰੀਬ ਦੋ ਦਹਾਕੇ ਤੋਂ ਆੜ੍ਹਤ ਦਾ ਲਾਈਸੈਂਸ ਵੀ ਬਣਿਆ ਹੋਇਆ ਹੈ । ਪਰ ਹੁਣ ਸੱਤਾਧਾਰੀਆਂ ਦੀ ਸ਼ਹਿ'ਤੇ ਉਸਨੂੰ ਅਤੇ ਹੋਰ ਆੜ੍ਹਤੀਆਂ ਨੂੰ ਜਗ੍ਹਾ ਦੇਣ ਦੀ ਥਾਂ ਆਪਣੇ ਹੀ ਚਹੇਤਿਆਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਉਹਨਾਂ ਦੋਸ਼ ਲਾਇਆ ਕਿ ਕੁੱਝ ਦਿਨ ਪਹਿਲਾਂ ਨਵੇਂ ਬਣੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਆਪਣੇ ਭਰਾ ਤੇ 'ਆਪ' ਦੇ ਚਹੇਤੇ ਵਰਕਰਾਂ ਦੇ ਕਥਿਤ ਲਾਈਸੈਂਸ ਬਣਾ ਕੇ ਜਗ੍ਹਾ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ । ਉਹਨਾਂ ਕਿਹਾ ਕਿ 'ਆਪ' ਦੇ ਜੋ ਆਗੂ ਕਦੇ ਵੀ ਸਬਜ਼ੀ ਮੰਡੀ ਨਹੀਂ ਆਏ, ਉਹ ਹੁਣ ਕਬਜ਼ਾ ਕਰਨ ਦੀ ਤਾਕ 'ਚ ਹਨ।
ਸਬਜ਼ੀ ਮੰਡੀ ਨਿਊ ਆੜ੍ਹਤੀਆਂ ਅਸੋਸੀਏਸ਼ਨ ਦੇ ਆਗੂ ਗੌਰਵ ਕੁਮਾਰ,ਹਰਮੇਲ ਸਿੰਘ,ਗੋਰਾ ਖਾਨ ਤੇ ਪਵਨ ਕੁਮਾਰ ਆਦਿ ਨੇ ਇਸ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ 'ਚ ਸਹਿਯੋਗ ਦੀ ਅਪੀਲ ਕੀਤੀ ਹੈ।
ਇਸ ਮੌਕੇ ਬੇਰੁਜ਼ਗਾਰ ਅਧਿਆਪਕ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਰਾਜੀਵ ਕੁਮਾਰ, ਜਮਹੂਰੀ ਮੋਰਚਾ ਦੇ ਜਗਰਾਜ ਸਿੰਘ ਟੱਲੇਵਾਲ, ਕਿਸਾਨ ਆਗੂ ਗੋਰਾ ਸਿੰਘ ਢਿੱਲਵਾਂ, ਗੁਰਪ੍ਰੀਤ ਸਿੰਘ ਗੋਪੀ, ਸੋਹਣ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ ਆਦਿ ਨੇ ਸੰਘਰਸ਼ ਦੇ ਸਮਰਥਨ ਦਾ ਐਲਾਨ ਕੀਤਾ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਕੁਲਵੰਤ ਸਿੰਘ ਕਾਂਤਾ, ਬਿੱਟੂ ਦੀਵਾਨਾ, ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਗੁਰਦੀਪ ਸਿੰਘ ਬਾਠ, ਹਰਜੀਤ ਸਿੰਘ ਖਿਆਲੀ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਉਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ।
ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਨੁਮਾਇੰਦੇ ਰਾਹੀਂ ਵਿਧਾਇਕ ਵੱਲੋਂ ਹਰ ਤਰ੍ਹਾਂ ਦੀ ਹਮਾਇਤ ਦਾ ਸੁਨੇਹਾ ਭੇਜਿਆ।
ਦੂਜੇ ਪਾਸੇ ਮਾਰਕੀਟ ਕਮੇਟੀ ਚੇਅਰਮੈਨ ਜਸਵਿੰਦਰ ਸਿੰਘ ਸੰਘੇੜਾ ਨੇ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਨਿਯਮਾਂ ਨੂੰ ਦਰਕਿਨਾਰ ਕਰਕੇ ਕੁਝ ਨਹੀਂ ਕੀਤਾ ਜਾ ਰਿਹਾ। ਵਿਰੋਧੀ ਪਾਰਟੀਆਂ ਬੁਖਲਾਹਟ'ਚ 'ਆਪ' ਸਰਕਾਰ ਦੀ ਸ਼ਵੀ ਵਿਗਾੜਨ ਦਾ ਮੌਕਾ ਸਮਝ ਬੇਬੁਨਿਆਦ ਤੇ ਝੂਠੇ ਦੋਸ਼ ਲਗਾ ਕੁਪ੍ਰਚਾਰ ਕਰ ਰਹੇ ਹਨ।
- Download Babushahi App
-
-