ਡਾਇਰੈਕਟਰ ਸਕੂਲ ਸਿੱਖਿਆ ਵੱਲੋਂ ਮੈਰੀਟੋਰੀਅਸ ਸਕੂਲ ਵਿਖੇ ਜੇਈਈ-ਨੀਟ ਬੂਟ ਕੈਂਪ ਦਾ ਨਿਰੀਖਣ
ਅਸ਼ੋਕ ਵਰਮਾ
ਬਠਿੰਡਾ, 25 ਜੂਨ 2026 : ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਸ੍ਰੀ ਸਕੱਤਰ ਸਿੰਘ ਬੱਲ ਪੀ.ਸੀ.ਐਸ. ਨੇ ਮੈਰੀਟੋਰੀਅਸ ਸਕੂਲ ਬਠਿੰਡਾ ਦਾ ਦੌਰਾ ਕਰਕੇ ਇੱਥੇ ਚੱਲ ਰਹੇ ਜੇਈਈ/ਨੀਟ ਬੂਟ ਕੈਂਪ ਦਾ ਨਿਰੀਖਣ ਕੀਤਾ। ਉਨ੍ਹਾਂ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਕੋਚਿੰਗ, ਕਲਾਸਾਂ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਾਇਰੈਕਟਰ ਸਕੂਲ ਸਿੱਖਿਆ ਨੇ ਖੁਦ ਕਲਾਸਾਂ ਵਿੱਚ ਜਾ ਕੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਇਸ ਬੂਟ ਕੈਂਪ ਵਿੱਚ ਦਿੱਤੀ ਜਾ ਰਹੀ ਕੋਚਿੰਗ ਅਤੇ ਸਕੂਲ ਸਿੱਖਿਆ ਦੌਰਾਨ ਮਿਲ ਰਹੀ ਪੜ੍ਹਾਈ ਵਿੱਚ ਅੰਤਰ ਬਾਰੇ ਜਾਣਕਾਰੀ ਹਾਸਲ ਕੀਤੀ। ਵਿਦਿਆਰਥੀਆਂ ਨੇ ਬੂਟ ਕੈਂਪ ਵਿੱਚ ਮਿਲ ਰਹੀ ਵਿਸ਼ੇਸ਼ ਕੋਚਿੰਗ ਅਤੇ ਮਾਰਗਦਰਸ਼ਨ ਪ੍ਰਤੀ ਸੰਤੁਸ਼ਟੀ ਪ੍ਰਗਟਾਈ।
ਮੈਰੀਟੋਰੀਅਸ ਸਕੂਲ ਬਠਿੰਡਾ ਵਿਖੇ ਚੱਲ ਰਿਹਾ ਇਹ ਜੇਈਈ/ਨੀਟ ਬੂਟ ਕੈਂਪ 5 ਜੂਨ ਤੋਂ 28 ਜੂਨ ਤੱਕ ਚੱਲ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਸੱਤ ਜ਼ਿਲ੍ਹਿਆਂ ਦੇ ਕੁੱਲ 635 ਵਿਦਿਆਰਥੀ ਭਾਗ ਲੈ ਰਹੇ ਹਨ। ਇਸ ਕੈਂਪ ਵਿੱਚ ਮੈਰੀਟੋਰੀਅਸ ਸਕੂਲਾਂ, ਸਕੂਲਜ਼ ਆਫ਼ ਐਮੀਨੈਂਸ (SOE) ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਲਈ ਬਿਹਤਰ ਤਿਆਰੀ ਕਰਵਾਉਣ ਦੇ ਉਦੇਸ਼ ਨਾਲ ਇਸ ਕੈਂਪ ਵਿੱਚ ਮਾਹਿਰ ਅਧਿਆਪਕਾਂ ਵੱਲੋਂ ਵਿਸ਼ੇਸ਼ ਕੋਚਿੰਗ ਦਿੱਤੀ ਜਾ ਰਹੀ ਹੈ। ਫਿਜ਼ਿਕਸ ਵਾਲਾਹ ਦੇ 15 ਅਧਿਆਪਕ ਅਤੇ ਅਵੰਤੀ ਫੈਲੋਜ਼ ਦੇ 7 ਅਧਿਆਪਕ ਵਿਦਿਆਰਥੀਆਂ ਨੂੰ ਜੇਈਈ ਅਤੇ ਨੀਟ ਪ੍ਰੀਖਿਆਵਾਂ ਲਈ ਮਾਰਗਦਰਸ਼ਨ ਦੇ ਰਹੇ ਹਨ।
ਇਸ ਤੋਂ ਇਲਾਵਾ ਸ੍ਰੀ ਸਕੱਤਰ ਸਿੰਘ ਬੱਲ ਨੇ ਵਿਦਿਆਰਥੀਆਂ ਲਈ ਮੁਹੱਈਆ ਕਰਵਾਏ ਜਾ ਰਹੇ ਖਾਣ-ਪੀਣ ਅਤੇ ਰਹਿਣ-ਸਹਿਣ ਦੇ ਪ੍ਰਬੰਧਾਂ ਦੀ ਵੀ ਜਾਂਚ ਕੀਤੀ ਅਤੇ ਸਾਰੇ ਪ੍ਰਬੰਧਾਂ ’ਤੇ ਸੰਤੁਸ਼ਟੀ ਪ੍ਰਗਟਾਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਬਠਿੰਡਾ ਸ੍ਰੀਮਤੀ ਮਮਤਾ ਖੁਰਾਣਾ ਸੇਠੀ, ਸਕੂਲ ਪ੍ਰਿੰਸੀਪਲ ਡਾ. ਗੁਰਦੀਪ ਸਿੰਘ ਸਿੱਧੂ, ਕੈਂਪ ਕੋਆਰਡੀਨੇਟਰ ਡਾ. ਜਸਬੀਰ ਸਿੰਘ ਢਿੱਲੋਂ ਤੋਂ ਇਲਾਵਾ ਮੰਡੀ ਬੋਰਡ ਬਠਿੰਡਾ ਦੇ ਚੇਅਰਮੈਨ ਸ੍ਰੀ ਬਲਜੀਤ ਸਿੰਘ ਬੱਲੀ, ਪ੍ਰਿੰਸੀਪਲ ਅੰਮ੍ਰਿਤਪਾਲ ਸਿੰਘ ਭੱਟੀ, ਮਹਿੰਦਰਪਾਲ ਸਿੰਘ ਮੀਡੀਆ ਕੋਆਰਡੀਨੇਟਰ, ਸੂਬੇਦਾਰ ਮੇਜਰ ਸ੍ਰੀ ਕੁਲਦੀਪ ਸਿੰਘ ਰਜਿਸਟਰਾਰ, ਸ੍ਰੀਮਤੀ ਧਰਮਜੀਤ ਕੌਰ ਲੇਡੀ ਵਾਰਡਨ, ਡਾ. ਮਨਜੀਤ ਕੌਰ ਡੀ.ਈ.ਪੀ. ਅਤੇ ਮੈਰੀਟੋਰੀਅਸ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।
- Download Babushahi App
-
-