ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਿਨਾਂ ਕਰ ਰਿਹਾ ਖੇਤੀ ਵਾਤਾਵਰਨ ਪ੍ਰੇਮੀ ਇਕਬਾਲ ਸਿੰਘ
ਅਸ਼ੋਕ ਵਰਮਾ
ਬਠਿੰਡਾ, 13 ਨਵੰਬਰ 2025 : ਜ਼ਿਲ੍ਹੇ ਅਧੀਨ ਪੈਂਦੇ ਪਿੰਡ ਜੱਸੀ ਪੌਂ ਵਾਲੀ ਦਾ ਵਾਤਾਵਰਨ ਪ੍ਰੇਮੀ ਕਿਸਾਨ ਇਕਬਾਲ ਸਿੰਘ ਆਧੁਨਿਕ ਤਕਨੀਕਾਂ ਨਾਲ 23 ਏਕੜ ਖੇਤੀ ਕਰ ਰਿਹਾ ਹੈ। ਇਹ ਸਫਲ ਕਿਸਾਨ ਖੇਤਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਲਗਾਤਾਰ ਜੁੜਿਆ ਹੋਇਆ ਹੈ। ਕਿਸਾਨ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਮੁਤਾਬਿਕ ਹੀ ਖੇਤੀ ਕਰਦਾ ਹੈ।
ਆਗਾਂਹ ਵਧੂ ਕਿਸਾਨ ਇਕਬਾਲ ਸਿੰਘ ਦਾ ਕਹਿਣਾ ਹੈ ਕਿ 23 ਕਿੱਲੇ ਝੋਨੇ ਦੀ ਫਸਲ ਤੋਂ ਬਾਅਦ ਹੀ ਕਣਕ ਦੀ ਬਿਜਾਈ ਆਧੁਨਿਕ ਸੰਦਾਂ (ਸੁਪਰਸੀਡਰ) ਨਾਲ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 5 ਸਾਲ ਤੋਂ ਝੋਨੇ ਦੀ ਪਰਾਲ਼ੀ ਨੂੰ ਬਿਨਾਂ ਅੱਗ ਲਗਾਏ ਖੇਤੀ ਕਰ ਰਿਹਾ ਹੈ।
ਅਗਾਂਹਵਧੂ ਕਿਸਾਨ ਇਕਬਾਲ ਸਿੰਘ ਦਾ ਕਹਿਣਾ ਹੈ ਕਿ ਉਸ ਵਲੋਂ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਸੁਪਰਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ ਜਿੱਥੇ ਖੇਤਾਂ ਵਿਚ ਮਿੱਤਰ ਕੀੜੇ ਜੀਵਤ ਰਹਿੰਦੇ ਹਨ ਉੱਥੇ ਜ਼ਮੀਨ ਦੀ ਸਿਹਤ ਵਿਚ ਵੀ ਸੁਧਾਰ ਆਉਂਦਾ ਹੈ ਅਤੇ ਫ਼ਸਲਾਂ ਦਾ ਝਾੜ ਵੀ ਵੱਧ ਨਿਕਲਦਾ ਹੈ।
ਕਿਸਾਨ ਇਕਬਾਲ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਜ਼ਮੀਨ ਵਿਚ ਮਿਲਾਉਣ। ਇਸ ਤਰ੍ਹਾਂ ਕਰਨ ਨਾਲ ਜਿਥੇ ਵਾਤਾਵਰਣ ਵੀ ਪ੍ਰਦੂਸ਼ਿਤ ਨਹੀਂ ਹੁੰਦਾ ਉਥੇ ਹੀ ਪਸ਼ੂ-ਪੰਛੀਆਂ ਦੇ ਨਾਲ-ਨਾਲ ਮਨੁੱਖੀ ਜਾਨਾਂ ਦੀ ਵੀ ਬਚਤ ਰਹਿੰਦੀ ਹੈ।
ਕਲੱਸਟਰ ਅਫਸਰ ਜਗਦੀਪ ਸਿੰਘ ਸਰਾਂ, ਨੋਡਲ ਅਫਸਰ ਗੁਰਮੀਤ ਸਿੰਘ ਅਤੇ ਜਸਮੇਲ ਸਿੰਘ ਹੋਲਦਾਰ ਵਲੋਂ ਕਿਸਾਨ ਇਕਬਾਲ ਸਿੰਘ ਦੇ ਖੇਤ ਵਿੱਚ ਖੁਦ ਟਰੈਕਟਰ ਚਲਾ ਕੇ ਕਣਕ ਦੀ ਬਿਜਾਈ ਵੀ ਕੀਤੀ ਗਈ।