ਜਗਰਾਉਂ: ਸ਼ਰੇਆਮ ਖੁੱਲ੍ਹੇ ਰਹੇ ਮੀਟ-ਆਂਡੇ ਦੀਆਂ ਦੁਕਾਨਾਂ ਅਤੇ ਅਹਾਤੇ! ਪ੍ਰਸਾਸ਼ਨ ਦੇ ਹੁਕਮਾਂ ਦੀ ਉੱਡੀਆਂ ਧੱਜੀਆਂ!
ਦੁਕਾਨਦਾਰਾਂ ਨੇ ਕਿਹਾ, ਉਨ੍ਹਾਂ ਨੂੰ ਬੰਦ ਸਬੰਧੀ ਕੋਈ ਇਤਲਾਹ ਨਹੀਂ ਮਿਲੀ
ਦੀਪਕ ਜੈਨ
ਜਗਰਾਉਂ, 15 ਸਤੰਬਰ 2026- ਜੈਨ ਸਮਾਜ ਵੱਲੋਂ 15 ਸਤੰਬਰ 2026 ਨੂੰ ਮਹਾਂਪਰਵ ਸਾਬੰਤਸਰੀ ਜਯੰਤੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਹਿਮਾਂਸ਼ੂ ਜੈਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਅੱਜ ਜ਼ਿਲ੍ਹੇ ਵਿੱਚ ਮੀਟ, ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ, ਨਾਨ-ਵੈਜੀਟੇਰੀਅਨ ਹੋਟਲ/ਢਾਬੇ ਅਤੇ ਅਹਾਤੇ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੈਨ ਸਮਾਜ ਦੇ ਇਸ ਧਾਰਮਿਕ ਦਿਹਾੜੇ ਮੌਕੇ ਕਿਸੇ ਵੀ ਜਾਨਵਰ ਦੀ ਹੱਤਿਆ ਕਰਨਾ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਅਸ਼ੁੱਧ ਹੈ ਅਤੇ ਜੀਵ ਹੱਤਿਆ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਇਸ ਲਈ 15 ਸਤੰਬਰ ਨੂੰ ਮੀਟ/ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ, ਨਾਨ-ਵੈਜੀਟੇਰੀਅਨ ਹੋਟਲ/ਢਾਬੇ ਅਤੇ ਅਹਾਤੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ।
ਇਨ੍ਹਾਂ ਹੁਕਮਾਂ ਦੇ ਬਾਵਜੂਦ ਜਗਰਾਉਂ ਵਿੱਚ ਕਈ ਥਾਵਾਂ ’ਤੇ ਮੀਟ ਅਤੇ ਅੰਡੇ ਵੇਚਣ ਵਾਲੀਆਂ ਦੁਕਾਨਾਂ ਅਤੇ ਅਹਾਤੇ ਖੁੱਲ੍ਹੇ ਨਜ਼ਰ ਆਏ, ਜਿਸ ਕਾਰਨ ਸਰਕਾਰੀ ਹੁਕਮਾਂ ਦੀ ਪਾਲਣਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ। ਜਦੋਂ ਇਸ ਸਬੰਧੀ ਕੁਝ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 15 ਸਤੰਬਰ ਨੂੰ ਦੁਕਾਨਾਂ ਬੰਦ ਰੱਖਣ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਇਤਲਾਹ ਜਾਂ ਜਾਣਕਾਰੀ ਨਹੀਂ ਦਿੱਤੀ ਗਈ।
ਇਸ ਸਬੰਧੀ ਜਦੋਂ ਐਸਡੀਐਮ ਜਗਰਾਉਂ ਬਾਦਲ ਦੀਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ ਅਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਵੱਲੋਂ ਇਹ ਹੁਕਮ 11 ਸਤੰਬਰ 2026 ਨੂੰ ਜਾਰੀ ਕੀਤੇ ਗਏ ਸਨ ਅਤੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ।
- Download Babushahi App
-
-