ਜਗਜੀਤ ਸਿੰਘ ਲੋਟਬੱਦੀ ਦੇ ਮਿੰਨੀ ਕਹਾਣੀ ਸੰਗ੍ਰਹਿ ਦਾ ਲੋਕ ਅਰਪਣ ਸਮਾਗਮ
ਲੁਧਿਆਣਾ-11.03.2026
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਨਿਰਦੇਸ਼ਕ ਵਿਦਿਆਰਥੀ ਭਲਾਈ ਦੀ ਸਰਪ੍ਰਸਤੀ ਹੇਠ ਯੰਗ ਰਾਈਟਰਜ਼ ਐਸੋਸੀਏਸ਼ਨ ਵੱਲੋਂ ਉੱਘੇ ਪੰਜਾਬੀ ਲੇਖਕ ਜਗਜੀਤ ਸਿੰਘ ਲੋਹਟਬੱਦੀ ਜੀ ਦੀ ਕਿਤਾਬ 'ਬਲੌਰੀ ਮੂਨ' ਦਾ ਲੋਕ ਅਰਪਣ ਕੀਤਾ ਗਿਆ। 'ਬਲੌਰੀ ਮੂਨ' ਸਮਾਜਿਕ ਸਰੋਕਾਰਾਂ ਤੇ ਅਧਾਰਿਤ ਰੌਚਕ ਤੇ ਭਾਵੁਕਤਾ ਭਰਪੂਰ ਮਿੰਨੀ ਕਹਾਣੀਆਂ ਦਾ ਸੰਗ੍ਰਹਿ ਹੈ। ਵਿਦਿਆਰਥੀ ਭਵਨ ਵਿਚ ਆਯੋਜਿਤ ਕੀਤੇ ਗਏ ਇਸ ਸਮਾਗਮ ਵਿੱਚ ਕਲਾ ਅਤੇ ਸਾਹਿਤ ਨਾਲ ਜੁੜੀਆਂ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਦੇ ਮੁੱਖ ਮਹਿਮਾਨ ਉੱਘੇ ਸਿਖਿਆ ਸ਼ਾਸਤਰੀ ਡਾ. ਧਰਮ ਸਿੰਘ ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਾਹਿਤ ਨਾਲ਼ ਜੋੜੀ ਰੱਖਣਾ ਸਮੇਂ ਦੀ ਵੱਡੀ ਲੋੜ ਹੈ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਚਰਨਜੀਤ ਸਿੰਘ ਔਲਖ, ਡੀਨ, ਖੇਤੀਬਾੜੀ ਕਾਲਜ ਨੇ ਸ. ਲੋਹਟਬੱਦੀ ਨੂੰ ਉਹਨਾਂ ਦੀ ਪਲੇਠੀ ਕਿਤਾਬ ਲਈ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਕਾਹਲ਼ ਦੇ ਜ਼ਮਾਨੇ ਵਿੱਚ ਥੋੜ੍ਹੇ ਸ਼ਬਦਾਂ ਵਿਚ ਵੱਡੇ ਸੁਨੇਹੇ ਦੇਣ ਵਾਲ਼ੀਆਂ ਮਿੰਨੀ ਕਹਾਣੀਆਂ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਡਾ. ਗੁਰਭਜਨ ਗਿੱਲ ਨੇ ਵਿਦਿਆਰਥੀਆਂ ਨੂੰ ਚੰਗਾ ਸਾਹਿਤ ਪੜ੍ਹਨ ਦੀ ਪ੍ਰੇਰਨਾ ਕਰਦਿਆਂ ਕਿਤਾਬ ਅਤੇ ਮਿੰਨੀ ਕਹਾਣੀਆਂ ਸਬੰਧੀ ਆਪਣੇ ਵਿਚਾਰ ਰੱਖੇ।
ਡਾ. ਨਿਰਮਲ ਜੌੜਾ, ਨਿਰਦੇਸ਼ ਵਿਦਿਆਰਥੀ ਭਲਾਈ ਨੇ ਆਪਣੇ ਸਵਾਗਤੀ ਸ਼ਬਦਾਂ ਵਿੱਚ ਦੱਸਿਆ ਕਿ ਜਗਜੀਤ ਸਿੰਘ ਲੋਹਟਬੱਦੀ ਜੀ ਦੀ ਇਹ ਤੀਜੀ ਕਿਤਾਬ ਹੈ ਅਤੇ ਇਸ ਤੋਂ ਪਹਿਲਾਂ ਉਹ ਦੋ ਕਿਤਾਬਾਂ ‘ਰੁਤਿ ਫਿਰੀ ਵਣ ਕੰਬਿਆ’ ਅਤੇ ‘ਜੁਗਨੂੰਆਂ ਦੇ ਅੰਗ ਸੰਗ‘ ਪੰਜਾਬੀ ਸਾਹਿਤ ਦੀ ਝੋਲ਼ੀ ਪਾ ਚੁੱਕੇ ਹਨ। ਡਾ. ਜੌੜਾ ਨੇ ਯੰਗ ਰਾਈਟਰਜ਼ ਐਸੋਸੀਏਸ਼ਨ ਦੇ ਇਤਿਹਾਸ ਨੂੰ ਯਾਦ ਕਰਦਿਆਂ, ਵਿਦਿਆਰਥੀਆਂ ਨੂੰ ਸਾਹਿਤ ਨਾਲ਼ ਜੋੜਨ ਵਿੱਚ ਸੰਸਥਾ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸ. ਐਮ ਐੱਸ ਔਲਖ, ਸ. ਸੁਰਿੰਦਰ ਕੈਲੇ, ਸ. ਗੁਲਜ਼ਾਰ ਪੰਧੇਰ, ਸ. ਜਸਮੇਰ ਸਿੰਘ ਢੱਟ, ਸ. ਚਰਨਜੀਤ ਸਿੰਘ ਅਤੇ ਸ. ਸਤਿੰਦਰ ਸਿੰਘ ਸਿਧਵਾਂ ਨੇ ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਡਾ ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ ਸੱਭਿਆਚਾਰ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਅਜਿਹੇ ਸਾਹਿਤਕ ਪ੍ਰੋਗਰਾਮਾਂ ਦਾ ਹੋਣਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਵਡਮੁੱਲੀ ਭੂਮਿਕਾ ਨਿਭਾਉਂਦਾ ਹੈ। ਸਮਾਗਮ ਦੌਰਾਨ ਯੰਗ ਰਾਈਟਰਸ ਐਸੋਸੀਏਸ਼ਨ ਦੇ ਵਿਦਿਆਰਥੀ ਹਰਮਨ ਮਾਨ ਨੇ ਆਪਣੀ ਕਵਿਤਾ ਰਾਹੀਂ ਸਾਂਝ ਪਾਈ । ਡਾ. ਬਿਕਰਮਜੀਤ ਸਿੰਘ, ਪ੍ਰਧਾਨ ਯੰਗ ਰਾਈਟਰਸ ਐਸੋਸੀਏਸ਼ਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਥਾਪਿਤ ਸਾਹਿਤਕ ਸ਼ਖਸੀਅਤਾਂ ਨਾਲ਼ ਵਿਚਾਰਾਂ ਦੀ ਸਾਂਝ, ਵਿਦਿਆਰਥੀਆਂ ਵਿੱਚ ਸਾਹਿਤਿਕ ਬਿਰਤੀਆਂ ਉਭਾਰਨ ਲਈ ਵੱਡੀ ਪ੍ਰੇਰਨਾ ਦਾ ਕੰਮ ਕਰਦੀ ਹੈ। ਮੰਚ ਦਾ ਸੰਚਾਲਨ ਡਾ. ਸੁਮੇਧ ਭੰਡਾਰੀ ਵੱਲੋਂ ਕੀਤਾ ਗਿਆ।
ਸਮਾਗਮ ਵਿੱਚ ਉੱਘੇ ਫੋਟੋਗ੍ਰਾਫਰ ਸ. ਤੇਜਪ੍ਰੀਤ ਸਿੰਘ ਸੰਧੂ, ਕਵੀ ਸ੍ਰੀ ਤ੍ਰਿਲੋਚਨ ਲੋਚੀ, ਜੁਆਇੰਟ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ, ਐਡਵੋਕੇਟ ਕਿਰਪਾਲ ਸਿੰਘ ਕਾਲੜਾ, ਐਡਵੋਕੇਟ ਅਮਰਜੀਤ ਸਿੰਘ ਪੰਨੂੰ, ਪ੍ਰਿੰਸੀਪਲ ਜਗਪ੍ਰੀਤ ਕੌਰ, ਸ਼੍ਰੀ ਅਰੁਣ ਭਾਰਦਵਾਜ ਅਤੇ ਸ. ਜੇ.ਪੀ.ਐੱਸ ਸਹੋਤਾ ਸਹਿਤ, ਦੂਰੋਂ ਨੇੜਿਓਂ ਆਏ ਸਾਹਿਤ ਅਤੇ ਕਲਾ ਪ੍ਰੇਮੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਸ਼ਮੂਲੀਅਤ ਕੀਤੀ ਗਈ।
Click to Follow Babushahi Facebook page →