ਗੰਨੇ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਵਧਾਉਣ ਲਈ ਨਵੀਨਤਮ ਤਕਨੀਕਾਂ ਅਪਣਾਉਣ ਦੀ ਜ਼ਰੂਰਤ: ਕਮਿਸ਼ਨਰ
ਕੇਨ ਕਮਿਸ਼ਨਰ ਪੰਜਾਬ ਵੱਲੋਂ, ਦੀ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਦੇ ਅਧਿਕਾਰਤ ਖੇਤਰ ਦੇ ਵੱਖ ਵੱਖ ਪਿੰਡਾਂ ਦਾ ਕੀਤਾ ਦੌਰਾ
ਰੋਹਿਤ ਗੁਪਤਾ
ਗੁਰਦਾਸਪੁਰ : 8 ਨਵੰਬਰ 2025 ਕੇਨ ਕਮਿਸ਼ਨਰ , ਪੰਜਾਬ, ਡਾ. ਅਮਰੀਕ ਸਿੰਘ ਵਲੋਂ ਕ੍ਰਿਸ਼ੀ ਉੱਨਤੀ ਯੋਜਨਾ ਤਹਿਤ ਕੇਂਦਰੀ ਪ੍ਰਯੋਜਿਤ ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਮਿਸ਼ਨ ਤਹਿਤ ਪੰਜਾਬ ਸਰਕਾਰ ਵਲੋਂ ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਵਧਾ ਕੇ ਆਮਦਨ ਵਧਾਉਣ ਲਈ ਪੰਜਾਬ ਵਿੱਚ ਗੰਨੇ ਦੀ ਫ਼ਸਲ ਵਿਚ ਅੰਤਰ ਫ਼ਸਲਾਂ ਹੇਠ ਰਕਬਾ ਵਧਾਉਣ ਲਈ ਪ੍ਰਦਰਸ਼ਨੀ ਪਲਾਟ ਲਗਾਏ ਜਾ ਰਹੇ ਹਨ ਤਾਂ ਜੋ ਗੰਨਾ ਕਾਸ਼ਤਕਾਰਾਂ ਦੀ ਆਰਥਿਕਤਾ ਮਜ਼ਬੂਤ ਕੀਤੀ ਜਾ ਸਕੇ। ਇਸ ਤੋਂ ਇਲਾਵਾ ਇਸ ਮਿਸ਼ਨ ਦਾ ਮਕਸਦ ਫਸਲ ਉਤਪਾਦਨ, ਤਕਨਾਲੋਜੀਆਂ ਅਤੇ ਬੀਜਾਂ ਲਈ ਸਹਾਇਤਾ ਪ੍ਰਦਾਨ ਕਰਕੇ ਅਨਾਜ ਉਤਪਾਦਨ ਨੂੰ ਵਧਾਉਣਾ, ਮਿੱਟੀ ਦੀ ਸਿਹਤ ਨੂੰ ਬਹਾਲ ਕਰਨਾ, ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਕਰਨਾ ਅਤੇ ਪੋਸ਼ਣ ਸੁਰੱਖਿਆ ਨੂੰ ਵਧਾਉਣਾ ਹੈ। ਇਸ ਸਕੀਮ ਤਹਿਤ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਗੰਨਾ ਸ਼ਾਖਾ ਵਲੋਂ ਖੰਡ ਮਿੱਲਾਂ ਰਾਹੀਂ ,ਦੀ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਪਨਿਆੜ ਜ਼ਿਲਾ ਗੁਰਦਾਸਪੁਰ ਦੇ ਅਧਿਕਾਰਤ ਖੇਤਰ ਵਿਚ ਹੋ ਚੁੱਕੀ / ਹੋ ਰਹੀ , ਗੰਨੇ ਦੀ ਬਿਜਾਈ ਦਾ ਕੇਨ ਕਮਿਸ਼ਨਰ ਪੰਜਾਬ ਡਾਕਟਰ ਅਮਰੀਕ ਸਿੰਘ ਨੇ ਵੱਖ ਵੱਖ ਪਿੰਡਾਂ ਵਿਚ ਜਾ ਕੇ ਜਾਇਜ਼ਾ ਲਿਆ । ਇਸ ਮੌਕੇ ਪਨਿਆੜ ਖੰਡ ਮਿੱਲ ਦੇ ਮੁੱਖ ਗੰਨਾ ਵਿਕਾਸ ਅਫ਼ਸਰ ਪ੍ਰੇਮ ਬਹਾਦਰ , ਗੰਨਾ ਅਫ਼ਸਰ ਮਨਦੀਪ ਸਿੰਘ ਮੱਲੀ ਅਤੇ ਹੋਰ ਸਟਾਫ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰੇਕ ਡਿਵੀਜ਼ਨ ਵਿਚ 5-5 ਏਕੜ ਰਕਬੇ ਵਿੱਚ ਪੀ ਏ ਯੂ ਦੀਆਂ ਸਿਫਾਰਸ਼ਾਂ ਮੁਤਾਬਕ ਚੌੜੀ ਵਿੱਥ ਤੇ ਅੰਤਰ ਫ਼ਸਲਾਂ ਦੀ ਬਿਜਾਈ ਕਰਵਾ ਕੇ ਗੰਨੇ ਦੀ ਫ਼ਸਲ ਦੇ ਪ੍ਰਦਰਸ਼ਨੀ ਲਗਾਏ ਜਾਣ।
ਪਿੰਡ ਰਾਮਨਗਰ ਭੁਨ ਵਿਚ ਗਲਬਾਤ ਕਰਦਿਆਂ ਡਾਕਟਰ ਅਮਰੀਕ ਸਿੰਘ ਦਸਿਆ ਕਿ ਗੰਨਾ ,ਪੰਜਾਬ ਦੀ ਕਣਕ , ਝੋਨਾ ਅਤੇ ਕਪਾਹ ਤੋਂ ਚੌਥੀ ਅਜਿਹੀ ਨਕਦੀ ਫ਼ਸਲ ਹੈ ਜੋ ਮੌਸਮ ਦੇ ਬੁਰੇ ਪ੍ਰਭਾਵਾਂ ਨੂੰ ਸਹਿ ਕੇ ਵੀ ਗੰਨਾ ਕਾਸ਼ਤਕਾਰਾਂ ਨੂੰ ਆਮਦਨ ਦੇ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੰਨੇ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਵਧਾਉਣ ਲਈ ਬਿਜਾਈ ਦੀ ਚੌੜੀ ਵਿੱਥ ਵਿਧੀ,ਅੰਤਰ ਫ਼ਸਲਾਂ ਅਤੇ ਮਲਚਿੰਗ ਤਕਨੀਕ ਵਰਤ ਕੇ ਪ੍ਰਦਰਸ਼ਨੀ ਪਲਾਟ ਅਤੇ ਜਾਗਰੂਕਤਾ ਕੈਂਪ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ,ਜਿਸ ਤਹਿਤ ਪੰਜਾਬ ਦੀਆਂ ਵੱਖੋ ਵੱਖ ਖੰਡ ਮਿਲਣ ਦੇ ਅਧਿਕਾਰਤ ਖੇਤਰਾਂ ਵਿਚ 24 ਜਾਗਰੂਕਤਾ ਕੈਂਪ ਅਤੇ ਪ੍ਰਦਰਸ਼ਨੀ ਪਲਾਟ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਤੀ ਹੈਕਟੇਅਰ ਗੰਨੇ ਦੀ ਉਤਪਾਦਕਤਾ ਵਧਾਉਣ ਨਾਲ ਗੰਨੇ ਦੀ ਫ਼ਸਲ ਦੀ ਖੇਤੀ ਨੂੰ ਲਾਹੇਵੰਦ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਵਰ ਵਧਾਉਣ ਦੇ ਮਕਸਦ ਲਈ ਗੰਨਾ ਕਾਸ਼ਤਕਾਰਾਂ ਨੂੰ ਚੌੜੀ ਵਿੱਥ ਵਿਧੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ,ਇਸ ਵਿਧੀ ਤਹਿਤ ਗੰਨੇ ਦੋ ਬਿਜਾਈ 4-5 ਫੁੱਟ ਦੂਰੀ ਦੀਆਂ ਲਾਈਨਾਂ ਤੇ ਗੰਨੇ ਦੀ ਬਿਜਾਈ ਇੱਕ ਜਾਂ ਦੋ ਖਾਲੀਆਂ ਵਿਚ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿਧੀ ਨਾਲ ਬੀਜੀ ਗੰਨੇ ਦੀ ਫ਼ਸਲ ਦੇ ਬੂਟਿਆਂ ਨੂੰ ਵਧੇਰੇ ਰੌਸ਼ਨੀ ਅਤੇ ਹਵਾ ਮਿਲਦੀ ਹੈ ਜਿਸ ਨਾਲ ਫ਼ਸਲ ਘੱਟ ਡਿੱਗਣ ਕਾਰਨ ਪੈਦਾਵਾਰ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਗੰਨੇ ਦੀ ਅੱਸੂ ਦੀ ਬਿਜਾਈ ਵੇਲੇ ਖੇਤਾਂ ਵਿਚ ਝੋਨੇ ਦੀ ਪਰਾਲੀ ਖਿਲਾਰ ਕੇ ਪਾਣੀ ਅਤੇ ਖਾਦਾਂ ਦੀ ਬੱਚਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਗੰਨੇ ਦੀ ਫ਼ਸਲ ਵਿਚ ਝੋਨੇ ਦੀ ਪਰਾਲੀ ਖਿਲਾਰਨ ਨਾਲ ਜਿੱਥੇ ਵਾਤਾਵਰਨ ਨੁੰ ਪ੍ਰਦੂਸ਼ਣ ਹੋਣ ਤੋਂ ਬਚਾਇਆ ਜਾ ਸਕੇਗਾ , ਉਥੇ ਸਰਦੀ ਅਤੇ ਗਰਮੀ ਤੋਂ ਫ਼ਸਲ ਨੂੰ ਬਚਾਅ ਹੋਣਕਰਨ ਪ੍ਰਤੀ ਹੈਕਟੇਅਰ ਪੈਦਾਵਾਰ ਵਿੱਚ ਵੀ ਵਾਧਾ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਪਤਝੜ ਰੁੱਤ ਦੀ ਗੰਨੇ ਦੀ ਫ਼ਸਲ ਤੋਂ ਵਧੇਰੇ ਆਮਦਨ ਲੈਣ ਲਈ ਅੰਤਰ ਫ਼ਸਲਾਂ ਲੈਣੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਅੰਤਰ ਫ਼ਸਲਾਂ ਜਿਵੇਂ ਕਣਕ,ਸਰੋਂ,ਸਬਜੀਆਂ ਅਤੇ ਦਾਲਾਂ ਦੀ ਕਾਸ਼ਤ ਕਰਕੇ ਘਰੇਲੂ ਅਤੇ ਬਾਜ਼ਾਰ ਦੀਆਂ ਜ਼ਰੂਰਤਾਂ ਨੁੰ ਪੂਰਿਆਂ ਕੀਤਾ ਜਾ ਸਕਦਾ ਹੈ। ਉਨ੍ਹਾਂ ਅਧਿਕਾਰੀ , ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਪੀ ਏ ਯੂ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਪ੍ਰਦਰਸ਼ਨੀ ਪਲਾਟ ਲਗਾਏ ਜਾਣ ਤਾਂ ਜੋ ਗੰਨਾ ਕਾਸ਼ਤਕਾਰਾਂ ਦੇ ਖੇਤੀ ਲਾਗਤ ਖਰਚੇ ਘਟਾ ਕੇ ਸ਼ੁੱਧ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ ।