ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਜਪਾ ਦਾ ‘ਸਮਰਸਤਾ ਸੰਕਲਪ ਅਭਿਆਨ’: ਵਾਰਾਣਸੀ ਤੋਂ ਲਿਆਂਦੇ ਪਵਿੱਤਰ ਕਲਸ਼ ਦਾ ਚੰਡੀਗੜ੍ਹ 'ਚ ਕੀਤਾ ਸਵਾਗਤ; 2 ਅਗਸਤ ਤੋਂ ਪੰਜਾਬ ਭਰ 'ਚ ਨਿਕਲੇਗੀ ਯਾਤਰਾ
Prabh Sidhu
ਚੰਡੀਗੜ੍ਹ, 1 ਅਗਸਤ 2026:
ਭਾਰਤੀ ਜਨਤਾ ਪਾਰਟੀ ਵੱਲੋਂ ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸ਼੍ਰੀ ਗੁਰੂ ਰਵਿਦਾਸ ਮਹਾਰਾਜ ਸਮਰਸਤਾ ਸੰਕਲਪ ਅਭਿਆਨ’ ਤਹਿਤ ਪੰਜਾਬ ਵਿੱਚ ਇੱਕ ਵੱਡੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਲੜੀ ਅਧੀਨ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਸੀਰ ਗੋਵਰਧਨਪੁਰ (ਵਾਰਾਣਸੀ, ਉੱਤਰ ਪ੍ਰਦੇਸ਼) ਤੋਂ ਲਿਆਂਦੀ ਗਈ ਪਵਿੱਤਰ ਮਿੱਟੀ ਵਾਲੇ ਕਲਸ਼ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮਾਗਮ ਤੋਂ ਬਾਅਦ ਇਹ ਪਵਿੱਤਰ ਕਲਸ਼ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਲਈ ਰਵਾਨਾ ਕਰ ਦਿੱਤੇ ਗਏ ਹਨ।
ਇਸ ਮੁਹਿੰਮ ਤਹਿਤ ਭਾਜਪਾ ਵੱਲੋਂ 2 ਤੋਂ 6 ਅਗਸਤ ਤੱਕ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ 'ਕਲਸ਼ ਯਾਤਰਾਵਾਂ' ਦਾ ਆਯੋਜਨ ਕੀਤਾ ਜਾਵੇਗਾ। ਇਹ ਯਾਤਰਾਵਾਂ ਜ਼ਿਲ੍ਹਾ ਹੈੱਡਕੁਆਰਟਰਾਂ ਤੋਂ ਸ਼ੁਰੂ ਹੋ ਕੇ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਤੱਕ ਜਾਣਗੀਆਂ, ਜਿਨ੍ਹਾਂ ਦਾ ਮੁੱਖ ਮਕਸਦ ਗੁਰੂ ਰਵਿਦਾਸ ਜੀ ਦੁਆਰਾ ਦਿੱਤੇ ਸਮਾਨਤਾ, ਭਾਈਚਾਰੇ, ਸਮਾਜਿਕ ਨਿਆਂ ਅਤੇ 'ਬੇਗਮਪੁਰਾ' ਦੇ ਪਵਿੱਤਰ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ।
ਪਾਰਟੀ ਅਨੁਸਾਰ ਇਹ ਮੁਹਿੰਮ ਸਿਰਫ਼ ਕਲਸ਼ ਯਾਤਰਾ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਇਹ 7 ਮਹੀਨੇ ਲੰਬਾ ਚੱਲਣ ਵਾਲਾ ਅਭਿਆਨ ਹੈ ਜੋ 20 ਫ਼ਰਵਰੀ 2027 ਤੱਕ ਜਾਰੀ ਰਹੇਗਾ। ਇਸ ਦੌਰਾਨ ਦੀਪ ਮਹੋਤਸਵ, ਸੰਤ ਸੰਪਰਕ ਅਭਿਆਨ, ਸਮਰਸਤਾ ਯਾਤਰਾ, ਅਤੇ ਵਿਦਿਆਰਥੀ ਸੰਪਰਕ ਪ੍ਰੋਗਰਾਮ ਵਰਗੀਆਂ ਕਈ ਸਮਾਜਿਕ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ।
ਦੂਜੇ ਪਾਸੇ, ਰਾਜਨੀਤਿਕ ਮਾਹਰ ਇਸ ਵੱਡੀ ਮੁਹਿੰਮ ਨੂੰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੁਆਰਾ ਸੂਬੇ ਵਿੱਚ ਆਪਣੀ ਸਮਾਜਿਕ ਅਤੇ ਰਾਜਨੀਤਿਕ ਪਕੜ ਮਜ਼ਬੂਤ ਕਰਨ ਦੇ ਯਤਨ ਵਜੋਂ ਦੇਖ ਰਹੇ ਹਨ। ਹਾਲਾਂਕਿ, ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਇਸ ਅਭਿਆਨ ਦਾ ਇਕੋ-ਇਕ ਉਦੇਸ਼ ਗੁਰੂ ਸਾਹਿਬ ਦੀਆਂ ਸਿੱਖਿਆਵਾਂ, ਮਾਨਵਤਾ ਅਤੇ ਸਮਾਜਿਕ ਸਦਭਾਵਨਾ ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ।
- Download Babushahi App
-
-