ਖੰਨਾ ਪੁਲਿਸ ਵੱਲੋਂ ਪੰਜਾਬ ਪੁਲਿਸ ਦਾ ਫਰਜ਼ੀ DSP ਗ੍ਰਿਫ਼ਤਾਰ
Ravinder Singh
ਖੰਨਾ, 27 ਸਤੰਬਰ, 2026: ਖੰਨਾ ਪੁਲਿਸ ਨੇ ਪੰਜਾਬ ਪੁਲਿਸ ਦਾ ਫਰਜ਼ੀ ਡੀਐੱਸਪੀ (DSP) ਬਣ ਕੇ ਲੋਕਾਂ 'ਤੇ ਰੌਅਬ ਝਾੜਨ ਅਤੇ ਇੱਕ ਲੜਕੀ ਨੂੰ ਧੋਖੇ 'ਚ ਫਸਾਉਣ ਵਾਲੇ ਭਗੌੜੇ ਮੁਲਜ਼ਮ ਕਰਨਵੀਰ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਿੰਡ ਕੱਦੋਂ ਦਾ ਰਹਿਣ ਵਾਲਾ ਕਰਨਵੀਰ ਸਾਲ 2020 ਦੇ ਜਬਰ ਜਨਾਹ ਦੇ ਮਾਮਲੇ (ਐੱਫ.ਆਈ.ਆਰ. ਨੰਬਰ 123, ਸਿਟੀ ਪੁਲਿਸ ਸਟੇਸ਼ਨ 2, ਖੰਨਾ) ਵਿੱਚ ਅਦਾਲਤੀ ਕਾਰਵਾਈ ਤੋਂ ਲਗਾਤਾਰ ਗੈਰ-ਹਾਜ਼ਰ ਰਹਿਣ ਕਾਰਨ ਭਗੌੜਾ (PO) ਐਲਾਨਿਆ ਹੋਇਆ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਰਨਵੀਰ ਸ਼ਰਮਾ ਨੇ ਡੀਐੱਸਪੀ ਦੀ ਵਰਦੀ ਪਾ ਕੇ ਕਈ ਖੇਡ ਟੂਰਨਾਮੈਂਟਾਂ ਅਤੇ ਸਮਾਜਿਕ ਸਮਾਗਮਾਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ। ਉਸ ਨੇ ਇਸੇ ਫਰਜ਼ੀ ਪਛਾਣ ਦੀ ਵਰਤੋਂ ਕਰਕੇ ਪੀੜਤ ਮੁਟਿਆਰ ਨਾਲ ਸੰਪਰਕ ਬਣਾਇਆ ਸੀ। ਇਸ ਤੋਂ ਇਲਾਵਾ, ਉਸ 'ਤੇ ਧਮਕੀਆਂ ਦਾ ਬਹਾਨਾ ਬਣਾ ਕੇ ਪੁਲਿਸ ਸੁਰੱਖਿਆ ਅਤੇ ਗੰਨਮੈਨ ਹਾਸਲ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਥਾਣਾ ਦੋਰਾਹਾ ਵਿਖੇ ਵੀ ਦਰਜ ਹੈ। ਜ਼ਿਕਰਯੋਗ ਹੈ ਕਿ ਸਾਲ 2024 ਵਿੱਚ ਸ਼੍ਰੀਨਗਰ ਪੁਲਿਸ ਨੇ ਵੀ ਉਸ ਨੂੰ ਨਹਿਰੂ ਪਾਰਕ ਇਲਾਕੇ ਵਿੱਚ ਫਰਜ਼ੀ ਪੁਲਿਸ ਵਰਦੀ ਵਿੱਚ ਘੁੰਮਦੇ ਹੋਏ ਗ੍ਰਿਫ਼ਤਾਰ ਕੀਤਾ ਸੀ।
ਡੀਐੱਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਕਬੱਡੀ ਪਿਛੋਕੜ ਵਾਲੇ ਇਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਹੁਣ ਉਸ ਦੀਆਂ ਪਿਛਲੀਆਂ ਗਤੀਵਿਧੀਆਂ, ਫਰਜ਼ੀ ਅਧਿਕਾਰੀ ਬਣ ਕੇ ਕੀਤੇ ਗਏ ਹੋਰ ਕਾਰਨਾਮਿਆਂ ਅਤੇ ਬਾਕੀ ਮਾਮਲਿਆਂ ਵਿੱਚ ਉਸ ਦੀ ਭੂਮਿਕਾ ਦੀ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
- Download Babushahi App
-
-