ਕੈਂਸਰ ਦੀ ਸਕਰੀਨਿੰਗ ਲਈ ਸਟਾਫ ਨਰਸ ਅਤੇ ਸੀ.ਐਚ.ਓਜ਼ ਨੂੰ ਵਿਸ਼ੇਸ ਸਿਖਲਾਈ ਦਿੱਤੀ
ਅਸ਼ੋਕ ਵਰਮਾ
ਬਠਿੰਡਾ, 19 ਨਵੰਬਰ 2025: ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਅਤੇ ਨੋਡਲ ਅਫ਼ਸਰ ਡਾ ਕਰਨ ਅਬਰੋਲ ਦੀ ਦੇਖਰੇਖ ਵਿੱਚ ਸਟਾਫ ਨਰਸ ਅਤੇ ਸੀ.ਐਚ.ਓਜ਼ ਨੂੰ ਕੈਸਰ ਦੀ ਸਕਰੀਨਿੰਗ ਸਬੰਧੀ ਵਿਸ਼ੇਸ ਟ੍ਰੇਨਿੰਗ ਦਿੱਤੀ ਗਈ। ਕੈਂਸਰ ਰੋਗ ਦੇ ਮਾਹਿਰ ਡਾ ਵੰਦਨ ਮਿੱਡਾ, ਡਾ ਪੁਨੀਤ ਸਲੂਜਾ , ਡਾ ਜਸਨਪ੍ਰੀਤ, ਡਾ ਕਿਰਨ ਅਤੇ ਏਮਜ਼ ਤੋਂ ਡਾਕਟਰ ਗੁਰਕੀਰਤ, ਅਪੂਨਾ ਅਰੋੜਾ, ਮਨੀਸ਼ਾ, ਜੋਤੀ ਵੱਲੋ ਬਾਰੀਕੀ ਨਾਲ ਸਟਾਫ ਨੂੰ ਸਿਖਲਾਈ ਦਿੱਤੀ ਗਈ। ਇਸ ਟ੍ਰੇਨਿੰਗ ਨਾਲ ਸਟਾਫ ਦੀ ਕਾਰਗੁਜਾਰੀ ਵਿੱਚ ਵਾਧਾ ਤੇ ਸਕਰੀਨਿੰਗ ਦੀ ਗਿਣਤੀ ਅਤੇ ਟੀਚੇ ਆਦਿ ਪੂਰੇ ਹੋਣ ਵਿੱਚ ਸਹਾਇਤਾ ਮਿਲੇਗੀ।
ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜੱਚਾ ਬੱਚਾ ਹਸਪਤਾਲ ਬਠਿੰਡਾ ਵਿਖੇ ਹਰੇਕ ਬੁੱਧਵਾਰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਕੰਮਰਾ ਨੰ 108 ਵਿਖੇ ਕੈਂਸਰ ਦੀ ਜਾਂਚ ਮੁਫ਼ਤ ਕੀਤੀ ਜਾਂਦੀ ਹੈ । ਉਹਨਾਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਨੂੰ ਅਣਦੇਖਾ ਨਾ ਕਰਨ ਅਤੇ ਜੇਕਰ ਕੋਈ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਲੈਣ। ਡਾ ਕਰਨ ਅਬਰੋਲ ਨੇ ਦੱਸਿਆ ਕਿ ਕੈਂਸਰ ਤੋਂ ਬਚਾਅ ਲਈ ਸਿਹਤਮੰਦ ਖੁਰਾਕ, ਨਿਯਮਿਤ ਕਸਰਤ ਬਹੁਤ ਜ਼ਰੂਰੀ ਹੈ। ਸਿਹਤ ਵਿਭਾਗ ਵੱਲੋਂ ਸਭ ਮਹਿਲਾਵਾਂ ਅਤੇ ਪਰਿਵਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਆਲੇ-ਦੁਆਲੇ ਦੀਆਂ ਮਹਿਲਾਵਾਂ ਨੂੰ ਜਾਂਚ ਲਈ ਪ੍ਰੇਰਿਤ ਕਰਨ ਅਤੇ ਕੈਂਸਰ ਵਿਰੁੱਧ ਲੜਾਈ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਸੁਖਵਿੰਦਰ ਸਿੰਘ, ਰਾਜਵੰਤ ਅਤੇ ਕਰਨ ਐਨ.ਸੀ.ਡੀ ਤੋਂ ਹਾਜਰ ਸਨ ।
Click to Follow Babushahi Facebook page →