ਕਿਸਾਨਾਂ ਦਾ ਵੱਡਾ ਐਲਾਨ, ਨਹੀਂ ਚੱਲਣ ਦੇਣਗੇ ਸਰਕਾਰੀ ਰੇਤ ਦੀ ਖੱਡ- ਦੱਸੀ ਵਜ੍ਹਾ
ਬਲਜੀਤ ਸਿੰਘ
ਤਰਨਤਾਰਨ, 12 ਫਰਵਰੀ 2025- ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਦਰਿਆ ਤੇ ਪੰਜਾਬ ਸਰਕਾਰ ਵੱਲੋਂ ਲਾਈ ਜਾ ਰਹੀ ਰੇਤ ਦੀ ਖੱਡ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਜ਼ਿਲ੍ਹਾ ਤਰਨ ਤਾਰਨ ਪੁਲਿਸ ਵੱਲੋਂ ਕਿਸਾਨਾਂ ਉੱਪਰ ਲਾਠੀ ਚਾਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਚਲਦਿਆਂ ਇਸੇ ਰੋਸ ਵਿੱਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਸੋਹਨ ਸਿੰਘ ਸਵਰਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਵਿਤ ਸਕੱਤਰ ਸਾਹਿਬ ਸਿੰਘ ਅਤੇ ਹਾਰੜ ਪੀੜਤ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੱਜਵਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨ ਯੂਨੀਅਨ ਦੇ ਆਗੂਆਂ ਦੀ ਇਕੱਤਰਤਾ ਹੋਈ।
ਜਿਸ ਵਿੱਚ ਕਿਸਾਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਸਰਕਾਰ ਵੱਲੋਂ ਲੱਗ ਰਹੀ ਇਹ ਰੇਤ ਦੀ ਖੱਡ ਉਹ ਨਹੀਂ ਚੱਲਣ ਦੇਣਗੇ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਸਭਰਾ ਦੇ ਇਸੇ ਦਰਿਆ ਤੇ ਹੀ ਕੁਝ ਸਾਲ ਪਹਿਲਾਂ ਦਰਿਆ ਦਾ ਬੰਨ ਟੁੱਟਣ ਕਾਰਨ ਵੱਡੀ ਤਬਾਹੀ ਹੋਈ ਸੀ ਅਤੇ ਇਹ ਬੰਨ ਟੁੱਟਣ ਦਾ ਕਾਰਨ ਇਹੀ ਸੀ ਕਿ ਇਹਨਾਂ ਜਗ੍ਹਾ ਉੱਪਰ ਨਜਾਇਜ਼ ਮਾਈਨਿੰਗ ਹੁੰਦੀ ਸੀ ਅਤੇ ਹੁਣ ਵੀ ਪੰਜਾਬ ਸਰਕਾਰ ਉਸੇ ਹੀ ਜਗ੍ਹਾ ਤੇ ਇਹ ਰੇਤਾ ਦੀ ਖੱਡ ਲਾ ਰਹੀ ਹੈ ਜਿਸ ਕਾਰਨ ਪਿੰਡ ਸਭਰਾ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਇਹ ਦਰਿਆ ਵੱਡੇ ਪੱਧਰ ਤੇ ਤਬਾਹੀ ਮਚਾ ਸਕਦਾ ਹੈ ਜਿਸ ਕਰਕੇ ਉਹ ਇਸ ਦਾ ਵਿਰੋਧ ਕਰ ਰਹੇ ਹਨ ਉਹਨਾਂ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਰੇਤਾ ਦੀ ਖੱਡ ਨਹੀਂ ਚੱਲਣ ਦੇਣਗੇ।
Click to Follow Babushahi Facebook page →