CGC ਯੂਨੀਵਰਸਿਟੀ ਮੋਹਾਲੀ ਵਿਖੇ ਚੌਥੇ ਰਾਸ਼ਟਰੀ ਮੂਟ ਕੋਰਟ ਮੁਕਾਬਲੇ-2026 ਦਾ ਸਫ਼ਲ ਆਯੋਜਨ
ਦੇਸ਼ ਦੇ 14 ਰਾਜਾਂ ਦੇ 54 ਕਾਲਜਾਂ ਦੀਆਂ 70 ਟੀਮਾਂ ਨੇ ਲਿਆ ਹਿੱਸਾ; ਬਨਸਥਲੀ ਵਿਦਿਆਪੀਠ ਨੇ ਜਿੱਤਿਆ ਪਹਿਲਾ ਸਥਾਨ
ਮੋਹਾਲੀ, 12 ਨਵੰਬਰ 2026- ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਦੇ ਸਕੂਲ ਆਫ਼ ਲੀਗਲ ਸਟੱਡੀਜ਼ ਵੱਲੋਂ ਤਿੰਨ ਰੋਜ਼ਾ ਚੌਥੇ ਰਾਸ਼ਟਰੀ ਮੂਟ ਕੋਰਟ ਮੁਕਾਬਲੇ 2026 ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਦੇਸ਼ ਦੇ 14 ਰਾਜਾਂ ਅਤੇ 36 ਸ਼ਹਿਰਾਂ ਦੇ 54 ਕਾਲਜਾਂ ਦੀਆਂ 70 ਟੀਮਾਂ ਦੇ ਕੁੱਲ 210 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਰਾਸ਼ਟਰੀ ਪੱਧਰ ਦੇ ਮੁਕਾਬਲੇ ਨੇ ਵਿਦਿਆਰਥੀਆਂ ਨੂੰ ਕਾਨੂੰਨੀ ਖੋਜ, ਦਲੀਲਾਂ ਦੀ ਤਿਆਰੀ, ਮੈਮੋਰੀਅਲ ਲੇਖਣ ਅਤੇ ਅਦਾਲਤੀ ਪੇਸ਼ਕਾਰੀ ਵਰਗੇ ਵਿਹਾਰਕ ਹੁਨਰਾਂ ਦਾ ਪ੍ਰਦਰਸ਼ਨ ਕਰਨ ਲਈ ਇੱਕ ਵਿਲੱਖਣ ਮੰਚ ਪ੍ਰਦਾਨ ਕੀਤਾ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਵਿਨੈ ਕੁਮਾਰ ਗੋਇਲ ਅਤੇ ਸਕੂਲ ਆਫ਼ ਲੀਗਲ ਸਟੱਡੀਜ਼ ਦੇ ਡੀਨ ਪ੍ਰੋ. (ਡਾ.) ਜੇ.ਪੀ. ਯਾਦਵ ਦੀ ਅਗਵਾਈ ਅਤੇ ਨਿਗਰਾਨੀ ਹੇਠ ਕਰਵਾਏ ਗਏ ਇਸ ਮੁਕਾਬਲੇ ਦਾ ਉਦਘਾਟਨ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਢਾ ਨੇ ਮੁੱਖ ਮਹਿਮਾਨ ਵਜੋਂ ਕੀਤਾ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਸ਼ੁਰੂਆਤੀ ਪੜਾਵਾਂ ਅਤੇ ਨਾਕਆਊਟ ਰਾਊਂਡਾਂ ਵਿੱਚ ਆਪਣੀ ਕਾਨੂੰਨੀ ਸਮਝ, ਤਰਕਸ਼ੀਲ ਸੋਚ ਅਤੇ ਪ੍ਰਭਾਵਸ਼ਾਲੀ ਦਲੀਲਾਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਕੁੱਲ 70 ਟੀਮਾਂ ਵਿੱਚੋਂ 32 ਟੀਮਾਂ ਨੇ ਨਾਕਆਊਟ ਪੜਾਅ ਵਿੱਚ ਜਗ੍ਹਾ ਬਣਾਈ।
ਸੈਮੀਫਾਈਨਲ ਮੁਕਾਬਲਿਆਂ ਵਿੱਚ ਭਾਰਤੀ ਵਿਦਿਆਪੀਠ, ਸਿੰਬਾਇਓਸਿਸ ਲਾਅ ਸਕੂਲ ਪੁਣੇ, ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼, ਪੰਜਾਬ ਯੂਨੀਵਰਸਿਟੀ ਅਤੇ ਆਰਮੀ ਇੰਸਟੀਚਿਊਟ ਆਫ਼ ਲਾਅ ਮੋਹਾਲੀ ਦੀਆਂ ਟੀਮਾਂ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਫਾਈਨਲ ਮੁਕਾਬਲਾ ਭਾਰਤੀ ਵਿਦਿਆਪੀਠ ਅਤੇ ਆਰਮੀ ਇੰਸਟੀਚਿਊਟ ਆਫ਼ ਲਾਅ ਮੋਹਾਲੀ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ ਦੋਵਾਂ ਟੀਮਾਂ ਨੇ ਕਾਨੂੰਨੀ ਗਿਆਨ, ਤੱਥਾਂ ਦੀ ਸਮਝ ਅਤੇ ਦਲੀਲ ਪੇਸ਼ ਕਰਨ ਦੀ ਬਿਹਤਰੀਨ ਸਮਰੱਥਾ ਦਾ ਪ੍ਰਦਰਸ਼ਨ ਕੀਤਾ।
ਸਮਾਪਤੀ ਸਮਾਰੋਹ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਮਾਣਯੋਗ ਜਸਟਿਸ ਰੋਹਿਤ ਕਪੂਰ ਅਤੇ ਹਾਈ ਕੋਰਟ ਦੇ ਸਾਬਕਾ ਜੱਜ ਮਾਣਯੋਗ ਜਸਟਿਸ ਅਜੈ ਤਿਵਾੜੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਫਾਈਨਲ ਮੁਕਾਬਲੇ ਦਾ ਮੁਲਾਂਕਣ ਸੇਵਾਮੁਕਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਨਾਮ ਸਿੰਘ ਠਾਕੁਰ ਅਤੇ ਇੰਦਰਜੀਤ ਕੌਸ਼ਿਕ ਵੱਲੋਂ ਕੀਤਾ ਗਿਆ।
ਮੁਕਾਬਲੇ ਵਿੱਚ ਬਨਸਥਲੀ ਵਿਦਿਆਪੀਠ ਦੀ ਟੀਮ ਟੀਸੀ-1 ਨੇ ਜੇਤੂ ਟਰਾਫੀ ਹਾਸਲ ਕੀਤੀ, ਜਦਕਿ ਆਰਮੀ ਇੰਸਟੀਚਿਊਟ ਆਫ਼ ਲਾਅ ਮੋਹਾਲੀ ਦੀ ਟੀਮ ਟੀਸੀ-12 ਉਪ ਜੇਤੂ ਰਹੀ। ਵਿਅਕਤੀਗਤ ਅਤੇ ਵਿਸ਼ੇਸ਼ ਸ਼੍ਰੇਣੀਆਂ ਦੇ ਪੁਰਸਕਾਰਾਂ ਵਿੱਚ ਬਨਸਥਲੀ ਵਿਦਿਆਪੀਠ ਨੂੰ ਬੈਸਟ ਰਿਸਰਚਰ, ਕ੍ਰਾਈਸਟ ਯੂਨੀਵਰਸਿਟੀ ਬੈਂਗਲੁਰੂ ਨੂੰ ਬੈਸਟ ਮੈਮੋਰੀਅਲ ਅਤੇ ਡਾ. ਬੀ.ਆਰ. ਅੰਬੇਡਕਰ ਸਕੂਲ ਆਫ਼ ਲਾਅ ਨੂੰ ਬੈਸਟ ਸਪੀਕਰ ਦਾ ਪੁਰਸਕਾਰ ਪ੍ਰਦਾਨ ਕੀਤਾ ਗਿਆ।
ਇਸ ਤਿੰਨ ਰੋਜ਼ਾ ਮੁਕਾਬਲੇ ਨੂੰ ਸਫ਼ਲ ਬਣਾਉਣ ਵਿੱਚ ਯੂਨੀਵਰਸਿਟੀ ਪ੍ਰਬੰਧਨ, ਫੈਕਲਟੀ ਮੈਂਬਰਾਂ, ਮੂਟ ਕੋਰਟ ਸੋਸਾਇਟੀ ਅਤੇ ਵਿਦਿਆਰਥੀ ਵਲੰਟੀਅਰਾਂ ਨੇ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦੀ ਸੁਚੱਜੀ ਯੋਜਨਾਬੰਦੀ ਅਤੇ ਸਾਂਝੇ ਯਤਨਾਂ ਸਦਕਾ ਇਹ ਸਮਾਗਮ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ।
ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਕਿਹਾ ਕਿ ਅਜਿਹੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਾ ਰੱਖ ਕੇ ਅਸਲ ਅਦਾਲਤੀ ਪ੍ਰਕਿਰਿਆਵਾਂ, ਕਾਨੂੰਨੀ ਖੋਜ ਅਤੇ ਵਿਹਾਰਕ ਦਲੀਲਬਾਜ਼ੀ ਨਾਲ ਜੋੜਦੇ ਹਨ। ਯੂਨੀਵਰਸਿਟੀ ਭਵਿੱਖ ਦੇ ਕਾਨੂੰਨੀ ਮਾਹਿਰਾਂ ਨੂੰ ਤਿਆਰ ਕਰਨ ਅਤੇ ਉਨ੍ਹਾਂ ਵਿੱਚ ਪੇਸ਼ੇਵਰ ਕੁਸ਼ਲਤਾ, ਆਤਮਵਿਸ਼ਵਾਸ ਅਤੇ ਨਿਆਂ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨ ਲਈ ਵਚਨਬੱਧ ਹੈ।
- Download Babushahi App
-
-