ਕਮਲ ਭਾਬੀ ਕਤਲ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋਂ ਭਗੌੜਾ ਕਰਾਰ
ਅਸ਼ੋਕ ਵਰਮਾ
ਬਠਿੰਡਾ, 10 ਫਰਵਰੀ 2026 :ਬਠਿੰਡਾ ਦੀ ਸਥਾਨਕ ਅਦਾਲਤ ਨੇ ਸੋਸ਼ਲ ਮੀਡੀਆ ’ਤੇ ਮਕਬੂਲ ਹੋਈ ਕੰਚਨ ਕੁਮਾਰੀ ਉਰਫ ਕਮਲ ਭਾਬੀ ਕਤਲ ਮਾਮਲੇ ਵਿੱਚ ਗਰਮ ਖਿਆਲੀ ਸਿੱਖ ਕਾਰਕੁੰਨ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਭਗੌੜਾ ਕਰਾਰ ਦਿੱਤਾ ਹੈ। ਅਦਾਲਤ ਨੇ ਮਹਿਰੋਂ ਨੂੰ ਵਾਰ-ਵਾਰ ਸੰਮਨ ਭੇਜੇ ਸਨ, ਇਸ ਦੇ ਬਾਵਜੂਦ ਉਹ ਪੇਸ਼ ਨਾ ਹੋਇਆ ਜਿਸ ਤੋਂ ਬਾਅਦ ਉਸ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਪੁਲੀਸ ਅਨੁਸਾਰ, ਅੰਮ੍ਰਿਤਪਾਲ ਸਿੰਘ ਮਹਿਰੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੇਸ਼ ਤੋਂ ਫਰਾਰ ਹੋ ਗਿਆ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਇਸ ਸਮੇਂ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਲੁਕਿਆ ਹੋਇਆ ਹੈ। ਮਹਿਰੋਂ ਨੂੰ ਪੁਲਿਸ ਨੇ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਵਜੋਂ ਨਾਮਜਦ ਕੀਤਾ ਹੋਇਆ ਹੈ ਅਤੇ ਉਹ ‘ਕੌਮ ਦੇ ਰਾਖੇ’ ਨਾਮਕ ਰੈਡੀਕਲ ਗਰੁੱਪ ਦੀ ਅਗਵਾਈ ਕਰਦਾ ਹੈ। ਮਹਿਰੋਂ ਨੂੰ ਬਠਿੰਡਾ ਤੋਂ ਭਜਾਉਣ ਵਾਲੇ ਮੁਲਜਮ ਰਣਜੀਤ ਸਿੰਘ ਨੂੰ ਦੋ ਦਿਨ ਪਹਿਲਾਂ ਹੀ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ। ਇਸ ਮਾਮਲੇ ਵਿੱਚ ਮਹਿਰੋਂ ਦੇ ਤ ਸਾਥੀ ਜਸਪ੍ਰੀਤ ਸਿੰਘ ਅਤੇ ਨਿਮਰਜੀਤ ਸਿੰਘ ਵੀ ਮੁਲਜ਼ਮ ਹਨ। ਜਸਪ੍ਰੀਤ ਸਿੰਘ ਅਤੇ ਨਿਮਰਜੀਤ ਸਿੰਘ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਪੁਲੀਸ ਮੁਤਾਬਕ, 9 ਅਤੇ 10 ਜੂਨ ਦੀ ਦਰਮਿਆਨੀ ਰਾਤ ਨੂੰ ਇਨ੍ਹਾਂ ਵੱਲੋਂ ਕੰਚਨ ਕੁਮਾਰੀ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ। ਬਾਅਦ ਵਿੱਚ ਉਸ ਦੀ ਲਾਸ਼ ਨੂੰ ਬਠਿੰਡਾ ਦੇ ਭੁੱਚੋ ਖੇਤਰ ਵਿੱਚ ਸਥਿਤ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਪਾਰਕਿੰਗ ’ਚ ਸੁੱਟ ਦਿੱਤਾ ਸੀ। ਅਗਲੇ ਦਿਨ ਲਾਸ਼ ਦੀ ਬਰਾਮਦਗੀ ਹੋਈ, ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ। ਬਠਿੰਡਾ ਕੈਂਟ ਥਾਣੇ ਦੇ ਐੱਸਐੱਚਓ ਦਲਜੀਤ ਧਾਲੀਵਾਲ ਨੇ ਦੱਸਿਆ ਕਿ ਅਦਾਲਤ ਵੱਲੋਂ ਮਹਿਰੋਂ ਨੂੰ ਭਗੌੜਾ ਕਰਾਰ ਦੇਣ ਨਾਲ ਪੁਲੀਸ ਨੂੰ ਇੰਟਰਪੋਲ ਰਾਹੀਂ ਉਸ ਦੇ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਵਿੱਚ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਰਾਜ ਅਤੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
ਪੁਲੀਸ ਅਨੁਸਾਰ, ਮਹਿਰੋਂ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਦੁਬਈ ਭੱਜਿਆ ਸੀ, ਜਿਸ ਵਿੱਚ ਉਸਦੇ ਸਾਥੀ ਰਣਜੀਤ ਸਿੰਘ ਦੀ ਭੂਮਿਕਾ ਸਾਹਮਣੇ ਆਈ ਹੈ।
Click to Follow Babushahi Facebook page →