ਐਸ.ਬੀ.ਐਸ. ਸੀਨੈਟਿਕ ਕਾਲਜ, ਰਾਮਗੜ੍ਹ 'ਚ ਰੋਜ਼ਗਾਰ ਮੇਲਾ 30 ਅਕਤੂਬਰ ਨੂੰ
ਸੁਖਮਿੰਦਰ ਭੰਗੂ
ਲੁਧਿਆਣਾ, 23 ਅਕਤੂਬਰ 2025
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸੀਨੈਟਿਕ ਕਾਲਜ, ਚੰਡੀਗੜ੍ਹ ਰੋਡ, ਰਾਮਗੜ੍ਹ ਵਿਖੇ 30 ਅਕਤੂਬਰ ਨੂੰ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੇਲੇ ਦਾ ਸਮਾਂ ਸਵੇਰੇ 09 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ।
ਡਿਪਟੀ ਕਮਿਸ਼ਨਰ ਜੈਨ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਦੇ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ ਜਿਸਦੇ ਤਹਿਤ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਸੀਨੈਟਿਕ ਕਾਲਜ, ਰਾਮਗੜ੍ਹ ਵਿਖੇ ਲੱਗਣ ਵਾਲੇ ਮੈਗਾ ਰੋਜ਼ਗਾਰ ਮੇਲੇ ਮੌਕੇ ਕਰੀਬ 30 ਤੋਂ ਵੱਧ ਵੱਖ-ਵੱਖ ਨਾਮੀ ਕੰਪਨੀਆਂ ਭਾਗ ਲੈ ਰਹੀਆਂ ਹਨ।
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ (ਡੀ.ਬੀ.ਈ.ਈ.), ਲੁਧਿਆਣਾ ਦੇ ਡਿਪਟੀ ਡਾਇਰੈਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਇਹ ਮੈਗਾ ਰੋਜਗਾਰ ਮੇਲਾ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ (ਪੀ.ਐਮ.ਆਈ.ਐਸ.) ਅਧੀਨ ਰਜਿਸਟਰਡ ਪ੍ਰਾਰਥੀਆਂ ਲਈ ਹੈ। ਇਸ ਤੋਂ ਇਲਾਵਾ ਇਸ ਮੇਲੇ ਵਿੱਚ ਉਹ ਪ੍ਰਾਰਥੀ ਵੀ ਹਿੱਸਾ ਲੈ ਸਕਦੇ ਹਨ ਜਿਨ੍ਹਾਂ ਦੀ ਯੋਗਤਾ ਦਸਵੀਂ, ਬਾਰਵੀ, ਡਿਪਲੋਮਾ, ਆਈ.ਟੀ.ਆਈ. ਗ੍ਰੇਜੂਏਟ, ਪੋਸਟ ਗ੍ਰੇਜੂਏਟ, ਬੀ.ਟੈਕ ਅਤੇ ਐਮ.ਬੀ.ਏ. ਪਾਸ ਹੈ. ਚਾਹਵਾਨ ਉਮੀਦਵਾਰਾਂ ਲਈ ਆਪਣੀ ਅਕਾਦਮਿਕ ਯੋਗਤਾਵਾਂ ਦੇ ਸਰਟੀਫਿਕੇਟਾਂ ਸਮੇਤ ਰੇਜਿਉਮ ਦੀਆਂ 2 ਨਕਲਾਂ ਲੈ ਕੇ ਆਉਣੀਆਂ ਲਾਜਮੀ ਹਨ।
ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਰੋਜ਼ਗਾਰ ਮੇਲੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਵਧੇਰੇ ਜਾਣਕਾਰੀ ਲਈ dbeeludhiana@gmail.com 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।