ਈਰਾਨ ਤੋਂ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਸ਼ੁਰੂ, ਆਪ੍ਰੇਸ਼ਨ ਸਿੰਧੂ ਤਹਿਤ ਵਿਦਿਆਰਥੀਆਂ ਦਾ ਪਹਿਲਾ ਜੱਥਾ ਭਾਰਤ ਪਹੁੰਚਿਆ
ਮਹਿਕ ਅਰੋੜਾ
19 ਜੂਨ 2025 : ਈਰਾਨ-ਇਜ਼ਰਾਈਲ ਵਿਚਕਾਰ ਵਧਦੇ ਜੰਗੀ ਹਾਲਾਤਾਂ ਦੌਰਾਨ ਭਾਰਤ ਨੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ 'ਓਪਰੇਸ਼ਨ ਸਿੰਧੂ' ਦੀ ਸ਼ੁਰੂਆਤ ਕੀਤੀ। ਵੀਰਵਾਰ ਸਵੇਰੇ ਇਸ ਮੁਹਿੰਮ ਹੇਠ 110 ਭਾਰਤੀ ਵਿਦਿਆਰਥੀਆਂ ਦਾ ਪਹਿਲਾ ਜਥਾ ਸੁਰੱਖਿਅਤ ਤੌਰ 'ਤੇ ਵਾਪਸ ਮੁਲਕ ਆ ਗਿਆ। ਦੱਸ ਦਈਏ ਕਿ ਇਹ ਸਾਰੇ ਵਿਦਿਆਰਥੀ ਉੱਤਰੀ ਈਰਾਨ ਤੋਂ ਆਰਮੇਨੀਆ ਰਾਹੀਂ ਭਾਰਤ ਲਿਆਏ ਗਏ।
ਵਿਦਿਆਰਥੀਆਂ ਦੀ ਵਾਪਸੀ 'ਤੇ ਭਾਵੁਕ ਮਾਹੌਲ
ਜਦੋਂ ਵਿਦਿਆਰਥੀਆਂ ਦਾ ਪਹਿਲਾ ਜਥਾ ਦਿੱਲੀ ਏਅਰਪੋਰਟ ਉੱਤੇ ਉਤਰਿਆ, ਤਾਂ ਮਾਹੌਲ ਬਹੁਤ ਹੀ ਭਾਵੁਕ ਹੋ ਗਿਆ। ਕਈ ਮਾਪੇ ਆਪਣੇ ਬੱਚਿਆਂ ਨੂੰ ਮਿਲਣ ਲਈ ਬੇਸਬਰੀ ਨਾਲ ਉਡੀਕ ਰਹੇ ਸਨ। ਇਸੇ ਦੌਰਾਨ ਉੱਤਰੀ ਈਰਾਨ ਦੀ ਉਰਮੀਆ ਮੈਡੀਕਲ ਯੂਨੀਵਰਸਿਟੀ 'ਚ ਪੜ੍ਹ ਰਹੇ 21 ਸਾਲਾ ਮਾਜ਼ ਹੈਦਰ ਦੇ ਪਿਤਾ ਹੈਦਰ ਅਲੀ ਨੇ ਕਿਹਾ— "ਜਦੋਂ ਪੁੱਤ ਦੀ ਆਵਾਜ਼ ਫੋਨ 'ਤੇ ਸੁਣੀ ਕਿ ਉਹ ਸੁਰੱਖਿਅਤ ਹੈ, ਤਾਂ ਅੱਖਾਂ 'ਚ ਹੰਝੂ ਆ ਗਏ। ਉਹਨਾਂ ਕਿਹਾ ਕਿ ਮੈਂ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਬੱਚਿਆਂ ਨੂੰ ਸਮੇਂ 'ਤੇ ਵਾਪਸ ਲਿਆਉਣ ਲਈ ਤੇਜ਼ੀ ਨਾਲ ਕੰਮ ਕੀਤਾ।"
ਸਰਕਾਰ ਦੀ ਤਤਪਰਤਾ, ਵਿਦੇਸ਼ ਮੰਤਰਾਲੇ ਦੀ ਪ੍ਰਾਥਮਿਕਤਾ
ਵਿਦੇਸ਼ ਮੰਤਰਾਲੇ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਵਿਦੇਸ਼ਾਂ 'ਚ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ। ਇਸ ਸਮੇਂ ਈਰਾਨ 'ਚ 4,000 ਤੋਂ ਵੱਧ ਭਾਰਤੀ ਨਾਗਰਿਕ ਹਨ, ਜਿਨ੍ਹਾਂ 'ਚ ਲਗਭਗ 50% ਵਿਦਿਆਰਥੀ ਹਨ। ਬਾਕੀ ਬਚੇ ਨਾਗਰਿਕਾਂ ਨੂੰ ਵੀ ਜਲਦੀ ਸੁਰੱਖਿਅਤ ਬਾਹਰ ਕੱਢਣ ਦੀ ਪ੍ਰਕਿਰਿਆ ਜਾਰੀ ਹੈ।
ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਦਾ ਧੰਨਵਾਦ
ਜੰਮੂ-ਕਸ਼ਮੀਰ ਵਿਦਿਆਰਥੀ ਯੂਨੀਅਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਦਾ ਧੰਨਵਾਦ ਕਰਦਿਆਂ ਕਿਹਾ ਕਿ "ਇਹ ਫੈਸਲਾ ਸਿਰਫ਼ ਇੱਕ ਮੁਹਿੰਮ ਨਹੀਂ, ਸਗੋਂ ਇੱਕ ਭਾਵਨਾਤਮਕ ਰਾਹਤ ਹੈ। ਸਾਨੂੰ ਪੂਰਾ ਯਕੀਨ ਹੈ ਕਿ ਹੋਰ ਸਾਰੇ ਵਿਦਿਆਰਥੀ ਵੀ ਜਲਦੀ ਵਾਪਸ ਆ ਜਾਣਗੇ।"
MA
Click to Follow Babushahi Facebook page →