ਅੰਮ੍ਰਿਤਸਰ: NCB ਹਿਰਾਸਤ 'ਚ BSF ਜਵਾਨ ਦੀ ਮੌਤ ਦਾ ਮਾਮਲਾ, ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਸਖ਼ਤ ਨੋਟਿਸ
Ravi Jakhu
ਚੰਡੀਗੜ੍ਹ/ਅੰਮ੍ਰਿਤਸਰ, 25 March 2026: ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਅੰਮ੍ਰਿਤਸਰ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਹਿਰਾਸਤ ਵਿੱਚ ਹੋਈ ਇੱਕ ਬੀ.ਐਸ.ਐਫ. ਜਵਾਨ ਦੀ ਮੌਤ ਦਾ ਗੰਭੀਰ ਨੋਟਿਸ ਲੈਂਦਿਆਂ 'ਸੂ ਮੋਟੋ' (Suo Motu) ਸੰਗਿਆਨ ਲਿਆ ਹੈ। ਕਮਿਸ਼ਨ ਨੇ ਇਸ ਘਟਨਾ ਨੂੰ ਮਨੁੱਖੀ ਅਧਿਕਾਰਾਂ ਦੀ ਵੱਡੀ ਉਲੰਘਣਾ ਮੰਨਦੇ ਹੋਏ ਸਬੰਧਤ ਅਧਿਕਾਰੀਆਂ ਤੋਂ ਜਵਾਬ ਤਲਬ ਕੀਤਾ ਹੈ।
ਕੀ ਹੈ ਪੂਰਾ ਮਾਮਲਾ?
ਪ੍ਰਾਪਤ ਜਾਣਕਾਰੀ ਅਨੁਸਾਰ, ਬੀ.ਐਸ.ਐਫ. ਜਵਾਨ ਜਸਵਿੰਦਰ ਸਿੰਘ ਨੂੰ 3 ਮਾਰਚ ਨੂੰ ਮੀਰਾਂ ਸਾਹਿਬ ਦੇ ਬਿਲੋਲ ਪੁਲ ਨੇੜਿਓਂ ਹਿਰਾਸਤ ਵਿੱਚ ਲਿਆ ਗਿਆ ਸੀ। ਇਲਜ਼ਾਮ ਹਨ ਕਿ ਲਗਭਗ 17 ਦਿਨਾਂ ਤੱਕ ਹਿਰਾਸਤ ਦੌਰਾਨ ਉਸ ਨੂੰ ਬੁਰੀ ਤਰ੍ਹਾਂ ਤਸੀਹੇ ਦਿੱਤੇ ਗਏ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਮਾਂ ਨੇ ਗੰਭੀਰ ਦੋਸ਼ ਲਾਏ ਹਨ ਕਿ ਉਸ ਨੂੰ ਆਪਣੇ ਪੁੱਤਰ ਨਾਲ ਮਿਲਣ ਨਹੀਂ ਦਿੱਤਾ ਗਿਆ ਅਤੇ ਮੌਤ ਤੋਂ ਬਾਅਦ ਜਵਾਨ ਦੀ ਦੇਹ 'ਤੇ ਸੱਟਾਂ ਦੇ ਨਿਸ਼ਾਨ ਵੀ ਪਾਏ ਗਏ ਹਨ।
ਜਸਟਿਸ ਸੰਤ ਪ੍ਰਕਾਸ਼ (ਚੇਅਰਪਰਸਨ), ਜਸਟਿਸ ਗੁਰਬੀਰ ਸਿੰਘ ਅਤੇ ਸ੍ਰੀ ਐਸ. ਜਤਿੰਦਰ ਸਿੰਘ ਸ਼ੰਟੀ (ਮੈਂਬਰ) ਦੀ ਅਗਵਾਈ ਹੇਠ ਕਮਿਸ਼ਨ ਨੇ ਜ਼ੋਨਲ ਡਾਇਰੈਕਟਰ NCB, ਅੰਮ੍ਰਿਤਸਰ, ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ, ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਰਿਪੋਰਟਾਂ ਸੌਂਪਣ ਦੇ ਹੁਕਮ ਦਿੱਤੇ ਹਨ।
ਕਮਿਸ਼ਨ ਨੇ ਮੈਜਿਸਟ੍ਰੇਟ ਜਾਂਚ ਰਿਪੋਰਟ, ਪੋਸਟਮਾਰਟਮ ਰਿਪੋਰਟ (ਵੀਡੀਓਗ੍ਰਾਫੀ ਸਮੇਤ), ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ ਅਤੇ ਇਲਾਜ ਦੇ ਮੁਕੰਮਲ ਵੇਰਵੇ ਮੰਗੇ ਹਨ। ਪੁਲਿਸ ਕਮਿਸ਼ਨਰ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਉਨ੍ਹਾਂ ਸਾਰੇ ਅਧਿਕਾਰੀਆਂ ਦੇ ਨਾਮ ਅਤੇ ਅਹੁਦੇ ਦੱਸਣ ਜੋ ਘਟਨਾ ਦੇ ਸਮੇਂ ਡਿਊਟੀ 'ਤੇ ਤਾਇਨਾਤ ਸਨ। ਕੇਸ ਦੇ ਜਾਂਚ ਅਧਿਕਾਰੀ (I.O.) ਨੂੰ ਅਗਲੀ ਸੁਣਵਾਈ 'ਤੇ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਹਿਰਾਸਤ ਵਿੱਚ ਮੌਤ ਇੱਕ ਗੰਭੀਰ ਅਪਰਾਧ ਹੈ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਯਕੀਨੀ ਬਣਾਈ ਜਾਵੇਗੀ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।
Click to Follow Babushahi Facebook page →