ਅੰਮ੍ਰਿਤਪਾਲ 'ਤੇ ਫਿਰ ਤੋਂ NSA ਲਗਾਉਣਾ ਸਰਕਾਰ ਦੀ ਸਿਆਸੀ ਕਾਇਰਤਾ ਦਾ ਸਬੂਤ- ਤਰਸੇਮ ਸਿੰਘ ਦਾ ਵੱਡਾ ਇਲਜ਼ਾਮ
ਅੰਮ੍ਰਿਤਸਰ 20 ਅਪ੍ਰੈਲ 2025 - ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ 'ਤੇ ਪਹਿਲਾਂ ਹੀ ਲਾਗੂ ਰਾਸ਼ਟਰੀ ਸੁਰੱਖਿਆ ਐਕਟ (NSA) ਦੀ ਮਿਆਦ ਪੂਰੀ ਹੋਣ ਤੋਂ ਥੋੜ੍ਹੇ ਸਮੇਂ ਪਹਿਲਾਂ ਉਸ ਵਿੱਚ ਦੁਬਾਰਾ ਵਾਧਾ ਕਰ ਦਿੱਤਾ ਜਾਣਾ ਇਹ ਨਾ ਸਿਰਫ਼ ਲੋਕਤੰਤਰ ਦਾ ਗਲਾ ਘੋਟਣਾ ਹੈ, ਸਗੋਂ ਇਹ ਸਰਕਾਰ ਦੀ ਘਬਰਾਹਟ, ਸੱਚਾਈ ਤੋਂ ਡਰ ਅਤੇ ਪੰਥਕ ਆਵਾਜ਼ਾਂ ਖ਼ਿਲਾਫ਼ ਸੋਚੀ-ਸਮਝੀ ਸਾਜਿਸ਼ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਅਤੇ ਅਕਾਲੀ ਦਲ ( ਵਾਰਿਸ ਪੰਜਾਬ ਦੇ ) ਮੁੱਖ ਸੇਵਾਦਾਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਅੰਮ੍ਰਿਤਸਰ ਪ੍ਰੈੱਸ ਕਲੱਬ ਵਿਖੇ ਰੱਖੀ ਗਈ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ।
ਇਸ ਸਮੇਂ ਤਰਸੇਮ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਜਿਸ ਤਰਾਂ ਡਿਬਰੂਗੜ੍ਹ ਜੇਲ ਵਿੱਚ ਨਜ਼ਰਬੰਦ ਬਾਕੀ ਸਿੰਘਾਂ ਦੀ ਐਨ ਐਸ ਏ ਦੀ ਮਿਆਦ ਪੂਰੀ ਹੋਣ ਉਪਰੰਤ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਗਿਆ ਹੈ ਇਸੇ ਤਰਾਂ 22 ਅਪ੍ਰੈਲ ਨੂੰ ਅੰਮ੍ਰਿਤਪਾਲ ਸਿੰਘ ਤੋਂ ਐਨ ਐਸ ਏ ਹਟਣੀ ਸੀ ਤੇ ਉਨ੍ਹਾਂ ਨੂੰ ਵੀ ਪੰਜਾਬ ਵਾਪਸ ਲਿਆਂਦਾ ਜਾਣਾ ਸੀ, ਪਰ 13 ਅਪ੍ਰੈਲ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਕੀਤੀ ਪੰਥਕ ਕਾਨਫਰੰਸ ਵਿੱਚ ਹੋਈ ਵਿਸ਼ਾਲ ਇਕੱਤਰਤਾ ਨੇ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ। ਸਰਕਾਰ ਨੇ ਆਪਣੇ ਆਕਾਂਵਾਂ ਨੂੰ ਖੁਸ਼ ਕਰਨ ਲਈ ਸਿੱਖ ਜਜ਼ਬੇ ਤੋਂ ਡਰ ਖਾ ਕੇ ਹੀ ਅਜਿਹਾ ਜ਼ੁਲਮ ਕੀਤਾ ਜੋ ਲੋਕਤੰਤਰ, ਧਾਰਮਿਕ ਅਧਿਕਾਰ ਅਤੇ ਸੰਵਿਧਾਨਿਕ ਹੱਦਾਂ ਦੀ ਸਿੱਧੀ ਉਲੰਘਣਾਂ ਹੈ।
ਭਾਈ ਅੰਮ੍ਰਿਤਪਾਲ ਸਿੰਘ ਉੱਤੇ ਫਿਰ ਤੋੰ NSA ਲਗਾਉਣਾ ਸਰਕਾਰ ਦੀ ਸਿਆਸੀ ਕਾਇਰਤਾ ਦਾ ਸਬੂਤ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਜੋ ਕਾਨੂੰਨ ਤੇ ਜਨਤਾ ਦੀ ਰਾਖੀ ਕਰਨ ਵਾਲੀ ਇਕ ਫੋਰਸ ਹੋਣੀ ਚਾਹੀਦੀ ਹੈ ਅੱਜ ਇਕ ਸਿਆਸੀ ਕੱਠਪੁਤਲੀ ਬਣ ਚੁੱਕੀ ਹੈ। ਇਹ ਵਿਭਾਗ ਬਿਨਾਂ ਕਿਸੇ ਜਾਂਚ ਜਾਂ ਤੱਥ ਦੇ ਕੇਵਲ ਸਰਕਾਰੀ ਹੁਕਮਾਂ ਅਧੀਨ ਇਕ ਗੁਲਾਮ ਅਦਾਰਾ ਬਣ ਕੇ, ਸਿੱਖ ਨੌਜਵਾਨਾਂ ਅਤੇ ਪੰਥਕ ਆਵਾਜ਼ਾਂ ਉੱਤੇ ਜ਼ੁਲਮ ਕਰ ਰਿਹਾ ਹੈ। ਪੁਲਿਸ ਦੇ ਕਰਤੱਬਾਂ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਵਿਭਾਗ ਹੁਣ ਨਾਂ ਤਾਂ ਨਿਆਂ ਪ੍ਰਣਾਲੀ ਅਨੁਸਾਰ ਕੰਮ ਕਰ ਰਿਹਾ ਹੈ ਅਤੇ ਨਾਂ ਹੀ ਲੋਕਤੰਤਰ ਦੇ ਅਸੂਲਾਂ ਦੀ ਪਾਲਣਾਂ ਕਰ ਰਿਹਾ ਹੈ ਜਿਸ ਦੀ ਅਕਾਲੀ ਦਲ ( ਵਾਰਿਸ ਪੰਜਾਬ ਦੇ ) ਸਖ਼ਤ ਲਫ਼ਜਾਂ ਵਿੱਚ ਨਿਖੇਧੀ ਕਰਦਾ ਹੈ। ਉਹਨਾਂ ਕਿਹਾ ਕਿ ਸਾਡੀ ਗੰਭੀਰ ਚਿੰਤਾ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਐਨ ਐਸ ਏ ਵਧਾ ਕੇ ਉਹਨਾਂ ਨੂੰ ਜਾਣਬੁੱਝ ਕੇ ਇਕ ਸਾਜਿਸ਼ ਅਧੀਨ ਇਕੱਲਾ ਕੀਤਾ ਗਿਆ ਹੈ ਜਿਸ ਕਰਕੇ ਉਹਨਾਂ ਦੀ ਜਾਨ ਨੂੰ ਵੀ ਸਰਕਾਰ ਤੋਂ ਖ਼ਤਰਾ ਹੈ। ਜੇਕਰ ਉਨ੍ਹਾਂ ਨਾਲ ਕਿਸੇ ਵੀ ਕਿਸਮ ਦਾ ਹਾਦਸਾ ਵਾਪਰਦਾ ਹੈ ਅਤੇ ਉਹਨਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ, ਤਾਂ ਇਸਦੀ ਸਿੱਧੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।