ਯੁਵਾ ਮੋਰਚਾ ਦੀ ਬੈਠਕ ਵਿੱਚ ਸ਼ਾਮਲ ਹੋਏ ਅਕਸ਼ੈ ਸ਼ਰਮਾ
ਅਮਿਤ ਸ਼ਾਹ ਦੀ 14 ਮਾਰਚ ਦੀ ਰੈਲੀ ਨੂੰ ਇਤਿਹਾਸਕ ਬਣਾਉਣ ਦਾ ਲਿਆ ਸੰਕਲਪ
ਅੰਮ੍ਰਿਤਸਰ:
ਹਲਕਾ ਉੱਤਰੀ ਤੋਂ ਭਾਜਪਾ ਆਗੂ ਅਕਸ਼ੈ ਸ਼ਰਮਾ ਅੱਜ ਚੰਡੀਗੜ੍ਹ ਵਿਖੇ ਯੁਵਾ ਮੋਰਚਾ ਦੀ ਅਹਿਮ ਬੈਠਕ ਵਿੱਚ ਸ਼ਾਮਲ ਹੋਏ। ਇਹ ਬੈਠਕ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਪ੍ਰਦੇਸ਼ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਸੰਪੰਨ ਹੋਈ, ਜਿਸ ਵਿੱਚ 14 ਮਾਰਚ ਨੂੰ ਪੰਜਾਬ ਵਿੱਚ ਹੋਣ ਵਾਲੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਸਬੰਧੀ ਚਰਚਾ ਕੀਤੀ ਗਈ।
ਬੈਠਕ ਦੌਰਾਨ ਅਕਸ਼ੈ ਸ਼ਰਮਾ ਨੇ ਆਗਾਮੀ ਰੈਲੀ ਦੀ ਸਫਲਤਾ ਨੂੰ ਲੈ ਕੇ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਰੈਲੀ ਨਾਲ ਜੁੜੇ ਮੁੱਖ ਮੁੱਦਿਆਂ 'ਤੇ ਆਪਣਾ ਪੱਖ ਰੱਖਿਆ। ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 14 ਮਾਰਚ ਦੀ ਇਹ ਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਇਤਿਹਾਸ ਸਿਰਜੇਗੀ ਅਤੇ ਇਸ ਨੂੰ ਸਫਲ ਬਣਾਉਣ ਲਈ ਯੁਵਾ ਮੋਰਚਾ ਪੂਰੀ ਤਾਕਤ ਝੋਕ ਦੇਵੇਗਾ।
ਬੈਠਕ ਵਿੱਚ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਨੇ ਰੈਲੀ ਦੀਆਂ ਰਣਨੀਤੀਆਂ ਸਾਂਝੀਆਂ ਕੀਤੀਆਂ। ਅਕਸ਼ੈ ਸ਼ਰਮਾ ਅਤੇ ਹਾਜ਼ਰ ਅਹੁਦੇਦਾਰਾਂ ਨੇ ਸਮੂਹਿਕ ਤੌਰ 'ਤੇ ਇਹ ਸੰਕਲਪ ਲਿਆ ਕਿ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਯਕੀਨੀ ਬਣਾ ਕੇ ਇਸ ਆਯੋਜਨ ਨੂੰ ਸ਼ਾਨਦਾਰ ਅਤੇ ਯਾਦਗਾਰੀ ਬਣਾਇਆ ਜਾਵੇਗਾ। ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ ਅਤੇ ਸਾਰਿਆਂ ਨੇ ਇੱਕ ਸੁਰ ਵਿੱਚ ਰੈਲੀ ਨੂੰ ਇਤਿਹਾਸਕ ਬਣਾਉਣ ਦੀ ਸਹੁੰ ਚੁੱਕੀ।
ਬੈਠਕ ਤੋਂ ਬਾਅਦ ਅਕਸ਼ੈ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦਿਨ-ਬ-ਦਿਨ ਮਜ਼ਬੂਤ ਹੋ ਰਹੀ ਹੈ ਅਤੇ ਲੋਕਾਂ ਦਾ ਵਿਸ਼ਵਾਸ ਪਾਰਟੀ 'ਤੇ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਕੇਂਦਰ ਤੋਂ ਵੱਖਰੀ ਪਾਰਟੀ ਦੀ ਸਰਕਾਰ ਹੋਣ ਕਾਰਨ ਨੁਕਸਾਨ ਝੱਲਿਆ ਹੈ, ਪਰ ਇਸ ਵਾਰ ਪੰਜਾਬੀਆਂ ਨੂੰ ਕੇਂਦਰ ਅਤੇ ਭਾਜਪਾ ਦੀਆਂ ਨੀਤੀਆਂ 'ਤੇ ਪੂਰਾ ਭਰੋਸਾ ਹੈ। ਉਨ੍ਹਾਂ ਨੂੰ ਸਮਝ ਆ ਗਿਆ ਹੈ ਕਿ ਕੇਵਲ ਭਾਜਪਾ ਹੀ ਵਿਕਾਸ ਦੀ ਉਹ ਲਹਿਰ ਲਿਆ ਸਕਦੀ ਹੈ ਜਿਸ ਦੀ ਪੰਜਾਬ ਨੂੰ ਸਖ਼ਤ ਲੋੜ ਹੈ।
Click to Follow Babushahi Facebook page →