ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਨੂੰ ਦਿੱਲੀ ਤੋਂ ਚੁੱਕ ਲਿਆਈ ਮਾਛੀਵਾੜਾ ਪੁਲਸ
ਸਕੂਲ ਟਰੱਸਟੀ ਤੋਂ 5 ਕਰੋੜ ਦੀ ਫਿਰੌਤੀ ਅਤੇ ਉਸ ਉੱਪਰ ਕਾਤਲਾਨਾ ਹਮਲਾ ਕਰਨ ਦੇ ਮਾਮਲੇ ਵਿਚ ਲੋੜੀਂਦਾ ਸੀ ਮੁਲਜ਼ਮ
Ravinder SIngh, ਖੰਨਾ
ਪੁਲਸ ਜ਼ਿਲ੍ਹਾ ਖੰਨਾ ਅਧੀਨ ਮਾਛੀਵਾੜਾ ਇਲਾਕੇ ਦੇ ਨਾਮੀ ਸਕੂਲ ਦੇ ਟਰੱਸਟੀ ਬਲਦੇਵ ਸਿੰਘ ’ਤੇ 30-9-2024 ਨੂੰ ਗੋਲੀਆਂ ਚਲਾ ਕੇ ਕਾਤਲਾਨਾ ਹਮਲਾ ਕੀਤਾ ਗਿਆ ਸੀ ਜਿਸ ਵਿਚ ਉਹ ਜਖ਼ਮੀ ਹੋ ਗਿਆ ਸੀ। ਥਾਣਾ ਮੁਖੀ ਪਵਿੱਤਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਘਟਨਾ ਸਮੇਂ ਸਕੂਲ ਟਰੱਸਟੀ ਬਲਦੇਵ ਸਿੰਘ ਆਪਣੇ ਮਾਛੀਵਾੜਾ ਸਾਹਿਬ ਨੇੜ੍ਹਲੇ ਸਕੂਲ ’ਚੋਂ ਫਾਰਚੂਨਰ ਕਾਰ ’ਚ ਸਵਾਰ ਹੋ ਕੇ ਆਪਣੇ ਘਰ ਚੰਡੀਗੜ੍ਹ ਲਈ ਰਵਾਨਾ ਹੋਇਆ ਸੀ ਕਿ 3 ਕਿਲੋਮੀਟਰ ਦੂਰੀ ’ਤੇ ਹੀ ਸਰਹਿੰਦ ਨਹਿਰ ਦੇ ਗੜ੍ਹੀ ਪੁਲ ’ਤੇ ਅਣਪਛਾਤੇ ਕਾਰ ਸਵਾਰਾਂ ਨੇ ਉਨ੍ਹਾਂ ਉੱਪਰ ਗੋਲੀ ਚਲਾ ਦਿੱਤੀ ਸੀ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕਰਦਿਆਂ 5 ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਸੀ ਜਿਨ੍ਹਾਂ ’ਚੋਂ ਗੁਰਪ੍ਰੀਤ ਸਿੰਘ ਉਰਫ਼ ਗੋਪੀ ਥਾਣਾ ਪਿੰਡ ਮੋਹਾਵਾ, ਥਾਣਾ ਅਟਾਰੀ, ਪ੍ਰਿਤਪਾਲ ਸਿੰਘ ਗੋਰਾ ਵਾਸੀ ਅਟਾਰੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਨ੍ਹਾਂ ਪੁਲਸ ਨੂੰ ਦੱਸਿਆ ਸੀ ਕਿ ਇਹ ਕਾਤਲਾਨਾ ਹਮਲਾ ਵਿਦੇਸ਼ ਵਿਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਸੁਪਾਰੀ ਲੈ ਕੇ ਕੀਤਾ ਸੀ ਜਿਸ ’ਤੇ ਪੁਲਸ ਨੇ ਇਸ ਮਾਮਲੇ ਵਿਚ 3 ਹੋਰ ਵਿਅਕਤੀਆਂ ਨੂੰ ਨਾਮਜ਼ਦ ਕਰ ਲਿਆ। ਅਮਰੀਕਾ ਵਿਚ ਡੌਂਕੀ ਲਗਾ ਕੇ ਗਏ ਕਮਲਪ੍ਰੀਤ ਸਿੰਘ ਉਰਫ਼ ਬਿੱਲਾ ਵਾਸੀ ਕੋਟਲਾ, ਅੰਮ੍ਰਿਤਸਰ ਵੀ ਇਸ ਮਾਮਲੇ ਵਿਚ ਪੁਲਸ ਨੂੰ ਲੋੜੀਂਦਾ ਸੀ। ਪੁਲਸ ਵਲੋਂ ਇਹ ਵਿਅਕਤੀ ਫਿਰੌਤੀ ਮੰਗਣ ਦੀ ਸਾਜਿਸ਼ ਵਿਚ ਸ਼ਾਮਲ ਸੀ। ਮਾਛੀਵਾੜਾ ਪੁਲਸ ਵਲੋਂ ਇਸ ਨੌਜਵਾਨ ਦੀ ਐੱਲਓਸੀ ਜਾਰੀ ਕੀਤੀ ਸੀ ਅਤੇ ਹੁਣ ਜਦੋਂ ਉਹ ਡਿਪੋਰਟ ਹੋ ਕੇ ਅਮਰੀਕਾ ਤੋਂ ਦਿੱਲੀ ਏਅਰਪੋਰਟ ਪੁੱਜਾ ਤਾਂ ਮਾਛੀਵਾੜਾ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮਾਛੀਵਾੜਾ ਪੁਲਸ ਵਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਫਿਰੌੌਤੀ ਤੇ ਕਾਤਲਾਨਾ ਹਮਲੇ ਦੀ ਸਾਜਿਸ਼ ਵਿਚ ਉਸਦੀ ਕਿੰਨੀ ਕੁ ਭੂਮਿਕਾ ਹੈ ਅਤੇ ਹੋਰ ਕੌਣ-ਕੌਣ ਸ਼ਾਮਲ ਹਨ।
Click to Follow Babushahi Facebook page →