ਅਧਿਆਪਕਾਂ ਦੀਆਂ ਗ਼ੈਰ ਵਿੱਦਿਅਕ ਡਿਊਟੀਆਂ ਦੇ ਮਸਲੇ 'ਤੇ ਐੱਸ. ਡੀ.ਐੱਮ. ਧੂਰੀ ਖਿਲਾਫ਼ ਧਰਨਾ 20 ਨੂੰ
ਦਲਜੀਤ ਕੌਰ
ਸੰਗਰੂਰ, 16 ਅਪ੍ਰੈਲ, 2026: ਧੂਰੀ ਵਿਧਾਨ ਸਭਾ ਹਲਕੇ ਵਿੱਚ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਕਮ ਐੱਸ.ਡੀ.ਐੱਮ. ਧੂਰੀ ਦੁਆਰਾ ਸਕੱਤਰ ਸਕੂਲ ਸਿੱਖਿਆ ਦੇ ਹੁਕਮਾਂ ਨੂੰ ਛਿੱਕੇ 'ਤੇ ਟੰਗ ਕੇ ਮੁੱਖ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਬੀ.ਐੱਲ.ਓ. ਡਿਊਟੀਆਂ ਲਗਾਉਣ ਅਤੇ ਡੀਸੀ ਸੰਗਰੂਰ ਦੇ ਹੁਕਮਾਂ ਦੇ ਬਾਵਜੂਦ ਵੀ ਇਹ ਡਿਊਟੀਆਂ ਨਾ ਕੱਟਣ 'ਤੇ ਉਕਤ ਅਧਿਕਾਰੀ ਵਿਰੁੱਧ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਅਗਵਾਈ ਵਿੱਚ ਅਧਿਆਪਕਾਂ ਦੁਆਰਾ 20 ਅਪ੍ਰੈਲ ਨੂੰ ਰੋਸ ਧਰਨਾ ਦਿੱਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਜਨਰਲ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਉਕਤ ਮਸਲੇ 'ਤੇ ਜਥੇਬੰਦੀ ਪਿਛਲੇ ਸਮੇਂ ਦੌਰਾਨ ਲਗਾਤਾਰ ਡੀਸੀ ਸੰਗਰੂਰ ਨਾਲ ਸੰਪਰਕ ਵਿੱਚ ਰਹੀ ਹੈ ਅਤੇ ਉਹਨਾਂ ਨੇ ਜਥੇਬੰਦੀ ਦੇ ਪੱਖ ਨੂੰ ਜਾਇਜ਼ ਮੰਨਦੇ ਹੋਏ ਇਹ ਡਿਊਟੀਆਂ ਕੱਟਣ ਲਈ ਐੱਸ.ਡੀ.ਐੱਮ. ਧੂਰੀ ਨੂੰ ਕਿਹਾ ਵੀ ਸੀ ਪ੍ਰੰਤੂ ਜਦੋਂ ਜਥੇਬੰਦੀ ਦਾ ਵਫ਼ਦ ਇਸ ਮਸਲੇ ਵਿੱਚ ਐੱਸ.ਡੀ.ਐੱਮ. ਨੂੰ ਮਿਲਿਆ ਤਾਂ ਉਹ ਜਥੇਬੰਦੀ ਦੀ ਗੱਲ ਸੁਣਨ ਤੋਂ ਵੀ ਇਨਕਾਰੀ ਸੀ ਬਲਕਿ ਉਸਨੇ ਡਿਊਟੀ ਕੱਟਣ ਦੀ ਬਜਾਏ ਸਬੰਧਤ ਅਧਿਆਪਕ ਨੂੰ "ਕਾਰਨ ਦੱਸੋ ਨੋਟਿਸ" ਕੱਢ ਕੇ ਉਸ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ ਤੇ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਹਲਕੇ ਅਤੇ ਜ਼ਿਲ੍ਹੇ ਵਿੱਚ ਸਿੱਖਿਆ ਪ੍ਰਤੀ ਜ਼ਿਲ੍ਹੇ ਦੇ ਅਧਿਕਾਰੀਆਂ ਦੀ ਸੰਵੇਦਨਹੀਣਤਾ ਇਸ ਸਰਕਾਰ ਦੀ ਅਖੌਤੀ "ਸਿੱਖਿਆ ਕ੍ਰਾਂਤੀ" ਦੀ ਫੂਕ ਕੱਢ ਰਹੀ ਹੈ। ਇਹ ਸਰਕਾਰ ਸਿੱਖਿਆ ਅਤੇ ਸਿਹਤ ਸੁਧਾਰਾਂ ਦਾ ਨਾਅਰਾ ਲਾ ਕੇ ਸੱਤਾ ਵਿੱਚ ਆਈ ਸੀ ਪ੍ਰੰਤੂ ਅਧਿਕਾਰੀਆਂ ਦੁਆਰਾ ਅਧਿਆਪਕਾਂ ਨੂੰ ਗ਼ੈਰ ਵਿੱਦਿਅਕ ਕੰਮਾਂ ਵਿੱਚ ਉਲਝਾਉਣਾ ਅਤੇ ਸਰਕਾਰ ਦੀ ਇਸ 'ਤੇ ਮੂਕ ਸਹਿਮਤੀ ਸਰਕਾਰ ਦੀ ਨੀਅਤ ਦੀ ਪੋਲ ਖੋਲ੍ਹ ਰਹੀ ਹੈ। ਵਿੱਤ ਸਕੱਤਰ ਯਾਦਵਿੰਦਰ ਧੂਰੀ ਅਤੇ ਜਥੇਬੰਦਕ ਸਕੱਤਰ ਪਵਨ ਕੁਮਾਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਸਿੱਖਿਆ ਦੇ ਮੌਲਿਕ ਅਧਿਕਾਰ ਦਾ ਘਾਣ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਹੀ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ 20 ਅਪ੍ਰੈਲ ਨੂੰ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਅਧਿਆਪਕ ਧਰਨੇ ਵਿੱਚ ਸ਼ਾਮਿਲ ਹੋਣਗੇ ਅਤੇ ਜ਼ਿਲ੍ਹੇ ਦੀਆਂ ਭਰਾਤਰੀ ਮਜ਼ਦੂਰ, ਕਿਸਾਨ, ਮੁਲਾਜ਼ਮ, ਵਿਦਿਆਰਥੀ ਤੇ ਹੋਰ ਜਨਤਕ ਜ਼ਮਹੂਰੀ ਜਥੇਬੰਦੀਆਂ ਵੀ ਇਸ ਵਿੱਚ ਸ਼ਮੂਲੀਅਤ ਕਰਨਗੀਆਂ।
Click to Follow Babushahi Facebook page →