ਤਿੰਨ ਪਾਸਿਓਂ ਸਰਹੱਦ ਨਾਲ ਘਿਰੇ ਸਭ ਤੋਂ ਛੋਟੇ ਪਿੰਡ ਦੇ ਲੋਕ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ
ਸਿਰਫ 17 ਮਕਾਨ ਹਨ ਸਰਹੱਦ ਦੇ ਆਖਰੀ ਪਿੰਡ ਕਮਾਲਪੁਰ ਜੱਟਾਂ ਵਿੱਚ, ਪਿੰਡ ਵਿੱਚ ਨਾ ਕੋਈ ਸਕੂਲ ਨਾ ਕੋਈ ਡਿਸਪੈਂਸਰੀ, ਰਾਵੀ ਦਰਿਆ ਵੀ ਹਰ ਸਾਲ ਮਾਰਦਾ ਮਾਰ
ਰੋਹਿਤ ਗੁਪਤਾ
ਗੁਰਦਾਸਪੁਰ 19 ਅਪ੍ਰੈਲ 2026
ਭਾਰਤ-ਪਾਕਿਸਤਾਨ ਸਰਹੱਦ (ਜ਼ੀਰੋ ਲਾਈਨ) ਦੇ ਬਿਲਕੁਲ ਨਜ਼ਦੀਕ ਵਸੇ ਅਤੇ ਭਾਰਤ ਪਾਕਿਸਤਾਨ ਸਰਹੱਦ ਦੇ ਆਖਰੀ ਪਿੰਡ ਕਮਾਲਪੁਰ ਜੱਟਾ ਦੇ ਨਿਵਾਸੀ ਅੱਜ ਦੇ ਯੁੱਗ ਵਿੱਚ ਵੀ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਨਾ ਹੀ ਪਿੰਡ ਵਿੱਚ ਕੋਈ ਡਿਸਪੈਂਸਰੀ ਹੈ ਤੇ ਨਾ ਹੀ ਕੋਈ ਸਰਕਾਰੀ ਸਕੂਲ । ਰਾਵੀ ਦਰਿਆ ਦੇ ਕੰਡੇ ਵਸਿਆ ਹੋਣ ਕਾਰਨ ਪਿੰਡ ਵਿੱਚ ਪੀਣ ਯੋਗ ਪਾਣੀ ਵੀ ਉਪਲਬਧ ਨਹੀਂ ਹੈ ਇਹ ਉਹ ਇਲਾਕਾ ਹੈ ਜਿੱਥੋਂ ਦੇ ਲੋਕ ਸਰਹੱਦ ਤੇ ਤਨਾਓ ਜਾਂ ਲੜਾਈ ਵਰਗੇ ਹਾਲਾਤ ਬਣਨ ਦੇ ਬਾਵਜੂਦ ਜਾਣ ਦੀ ਪਰਵਾਹ ਕੀਤੇ ਬਿਨਾਂ ਭਾਰਤੀ ਫੌਜ ਅਤੇ ਸੀਮਾ ਸੁਰੱਖਿਆ ਬਲ ਦੀ ਮਦਦ ਵੀ ਕਰਦੇ ਹਨ ਪਰ ਸਰਕਾਰਾਂ ਨੇ ਕਦੇ ਇਹਨਾਂ ਦੀ ਸੁੱਧ ਨਹੀਂ ਲਈ ।
ਗੱਲਬਾਤ ਕਰਦਿਆਂ ਪਰਮਜੀਤ ਸਿੰਘ ਅਤੇ ਅਮਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਕੋਈ ਵੀ ਸਰਕਾਰੀ ਸਕੂਲ ਨਹੀਂ ਹੈ। ਛੋਟੇ-ਛੋਟੇ ਬੱਚਿਆਂ ਨੂੰ ਪੜ੍ਹਨ ਲਈ ਕਈ ਕਿਲੋਮੀਟਰ ਦੂਰ ਜਾਣਾ ਪੈਂਦਾ ਹੈ। ਰਸਤੇ ਵਿੱਚ ਅਵਾਰਾ ਕੁੱਤਿਆਂ ਅਤੇ ਹੋਰ ਕਈ ਤਰ੍ਹਾਂ ਦੇ ਖਤਰਿਆਂ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ।ਪਿੰਡ ਵਿੱਚ ਕੋਈ ਡਿਸਪੈਂਸਰੀ ਜਾਂ ਹਸਪਤਾਲ ਨਹੀਂ ਹੈ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਨੂੰ ਸ਼ਹਿਰਾਂ ਵੱਲ ਭੱਜਣਾ ਪੈਂਦਾ ਹੈ।ਜਿਸ ਕਾਰਨ ਕਈ ਵਾਰ ਜਾਨੀ ਨੁਕਸਾਨ ਦਾ ਖਤਰਾ ਵੀ ਬਣ ਜਾਂਦਾ ਹੈ। ਸਰਹੱਦੀ ਖੇਤਰ ਅਤੇ ਦਰਿਆਈ ਇਲਾਕਾ ਹੋਣ ਕਾਰਨ ਪਿੰਡ ਦਾ ਪਾਣੀ ਪੀਣ ਯੋਗ ਨਹੀਂ ਹੈ। ਪਿੰਡ ਵਿੱਚ ਪਾਣੀ ਵਾਲੀ ਕੋਈ ਟੈਂਕੀ ਨਹੀਂ ਹੈ ਅਤੇ ਕੁਝ ਨਲਕਿਆਂ ਦਾ ਪਾਣੀ ਵੀ ਬੇਹੱਦ ਖਰਾਬ ਹੈ। ਪਿੰਡ ਨੂੰ ਆਉਂਦੀਆਂ ਸੜਕਾਂ ਦੀ ਹਾਲਤ ਬੇਹੱਦ ਮਾੜੀ ਹੈ। ਇਸ ਦੇ ਨਾਲ ਹੀ ਬਿਜਲੀ ਦੀ ਸਪਲਾਈ ਦਾ ਵੀ ਬੁਰਾ ਹਾਲ ਹੈ।ਮਾੜੀ ਜਿਹੀ ਹਵਾ ਚੱਲਣ 'ਤੇ ਵੀ ਬਿਜਲੀ ਕੱਟ ਦਿੱਤੀ ਜਾਂਦੀ ਹੈ।ਪਹਿਲਾਂ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਨੌਕਰੀਆਂ ਵਿੱਚ ਵਿਸ਼ੇਸ਼ ਛੋਟ (Border Area Certificate) ਮਿਲਦੀ ਸੀ, ਜੋ ਕਿ ਹੁਣ ਬੰਦ ਕਰ ਦਿੱਤੀ ਗਈ ਹੈ। ਇਸ ਕਾਰਨ ਪੜ੍ਹੇ-ਲਿਖੇ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ।ਪਿੰਡ ਵਾਸੀਆਂ ਨੇ ਕਿਹਾ ਕਿ ਚੋਣਾਂ ਵੇਲੇ ਤਾਂ ਹਰ ਪਾਰਟੀ ਦੇ ਲੀਡਰ ਵੋਟਾਂ ਲੈਣ ਲਈ ਇੱਥੇ ਗੇੜੇ ਮਾਰਦੇ ਹਨ ਅਤੇ ਵੱਡੇ-ਵੱਡੇ ਵਾਅਦੇ ਕਰਦੇ ਹਨ, ਪਰ ਜਿੱਤਣ ਤੋਂ ਬਾਅਦ ਕੋਈ ਵੀ ਇਨ੍ਹਾਂ ਸਰਹੱਦੀ ਪਿੰਡਾਂ ਦੀ ਸਾਰ ਨਹੀਂ ਲੈਂਦਾ। ਉਨ੍ਹਾਂ ਕਿਹਾ ਕਿ ਜੰਗ ਵਰਗੇ ਹਾਲਾਤਾਂ ਵਿੱਚ ਵੀ ਅਸੀਂ ਆਪਣੀਆਂ ਜ਼ਮੀਨਾਂ ਅਤੇ ਪਿੰਡ ਨਹੀਂ ਛੱਡਦੇ, ਪਰ ਸਰਕਾਰ ਨੇ ਸਾਨੂੰ ਅਣਗੌਲਿਆ ਕਰ ਦਿੱਤਾ ਹੈ।
ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਬੁਨਿਆਦੀ ਮੰਗਾਂ (ਸਕੂਲ, ਹਸਪਤਾਲ, ਪਾਣੀ ਦੀ ਟੈਂਕੀ ਅਤੇ ਸੜਕਾਂ) ਜਲਦ ਪੂਰੀਆਂ ਨਾ ਕੀਤੀਆਂ ਗਈਆਂ, ਤਾਂ ਉਹ ਆਉਣ ਵਾਲੀਆਂ ਚੋਣਾਂ ਵਿੱਚ ਸਖ਼ਤ ਫੈਸਲਾ ਲੈਣ ਲਈ ਮਜਬੂਰ ਹੋਣਗੇ।
Click to Follow Babushahi Facebook page →