'ਚਿੱਟਾ ਹੀ ਚਿੱਟਾ' ਦਾ ਝਟਕਾ ਲੱਗਣ ਤੋਂ ਬਾਅਦ ਪੁਲਿਸ ਨੇ ਨਰਸਿੰਗ ਕਲੋਨੀ ਵਿਖੇ ਕੀਤੀ ਫਰੋਲਾ ਫਰਾਲੀ
ਆਪ੍ਰੇਸ਼ਨ ਦੌਰਾਨ 10 ਗ੍ਰਾਮ ਹੈਰੋਇਨ ਅਤੇ 165 ਪ੍ਰੈਗਾਬਾਲਿਨ ਕੈਪਸੂਲ ਬਰਾਮਦ, 3 ਮੁਕੱਦਮੇ ਦਰਜ
ਅਸ਼ੋਕ ਵਰਮਾ
ਬਠਿੰਡਾ, 25 ਅਕਤੂਬਰ 2026: ਬਠਿੰਡਾ ਜ਼ਿਲ੍ਹੇ ਦੇ ਹਰਿਆਣਾ ਨਾਲ ਲੱਗਦੇ ਪਿੰਡ ਡੂਮਵਾਲੀ ਦੀ ਨਰ ਸਿੰਘ ਕਲੋਨੀ ਵਿੱਚ ਅਣਪਛਾਤਿਆਂ ਵੱਲੋਂ ਚਿੱਟਾ ਹੀ ਚਿੱਟਾ ਲਿਖਣ ਸਬੰਧੀ ਝਟਕਾ ਲੱਗਣ ਤੋਂ ਬਾਅਦ ਐਸਐਸਪੀ ਬਠਿੰਡਾ ਸੁਹੇਲ ਕਾਸਿਮ ਮੀਰ, ਆਈ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸੰਗਤ ਦੇ ਏਰੀਏ ਵਿੱਚ ਪੈਂਦੇ ਡਰੱਗ ਹੌਟਸਪੌਟ ਨਰ ਸਿੰਘ ਕਲੋਨੀ ਵਿਖੇ CASO (ਕੋਰਡਨ ਐਂਡ ਸਰਚ ਆਪ੍ਰੇਸ਼ਨ) ਚਲਾਇਆ ਗਿਆ।
ਇਹ ਆਪ੍ਰੇਸ਼ਨ ਮਨੋਜ ਗੋਰਸੀ, ਪੀ.ਪੀ.ਐੱਸ., ਐੱਸ.ਪੀ. (ਡੀ), ਬਠਿੰਡਾ ਦੀ ਨਿਗਰਾਨੀ ਹੇਠ ਅਤੇ ਹਰਵਿੰਦਰ ਸਿੰਘ ਸਰਾਂ, ਪੀ.ਪੀ.ਐੱਸ., ਉਪ ਕਪਤਾਨ ਪੁਲਿਸ, ਬਠਿੰਡਾ ਦਿਹਾਤੀ ਅਤੇ ਇੰਸਪੈਕਟਰ ਹਰਬੰਸ ਸਿੰਘ, ਮੁੱਖ ਅਫ਼ਸਰ ਥਾਣਾ ਸੰਗਤ ਦੀ ਅਗਵਾਈ ਵਿੱਚ ਕੀਤਾ ਗਿਆ। ਸਰਚ ਅਭਿਆਨ ਦੌਰਾਨ ਕਰੀਬ 125 ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ। ਅਭਿਆਨ ਦੀ ਸ਼ੁਰੂਆਤ ਮੌਕੇ ਸਰਚ ਕੀਤੇ ਜਾਣ ਵਾਲੇ ਏਰੀਏ ਨੂੰ ਚਾਰੋਂ ਪਾਸਿਓਂ ਵਿਸ਼ੇਸ਼ ਨਾਕਾਬੰਦੀ ਕਰਕੇ ਘੇਰਾਬੰਦੀ ਕੀਤੀ ਗਈ ਅਤੇ ਅੰਦਰ-ਬਾਹਰ ਜਾਣ ਵਾਲੇ ਰਸਤਿਆਂ ਨੂੰ ਸੀਲ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਟੀਮਾਂ ਵੱਲੋਂ ਸ਼ੱਕੀ ਘਰਾਂ, ਥਾਵਾਂ ਅਤੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ।
ਆਪ੍ਰੇਸ਼ਨ ਦੌਰਾਨ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਹੇਠ ਲਿਖੀ ਕਾਰਵਾਈ ਕੀਤੀ ਗਈ:
ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ: ਅਰਸ਼ਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ, ਵਾਸੀ ਧੋਬੀਆਣਾ ਬਸਤੀ, ਬਠਿੰਡਾ ਨੂੰ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਐੱਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ।
165 ਪ੍ਰੈਗਾਬਾਲਿਨ ਕੈਪਸੂਲ ਬਰਾਮਦ: ਮਨਦੀਪ ਸਿੰਘ ਪੁੱਤਰ ਬਿੰਦਰ ਸਿੰਘ, ਵਾਸੀ ਡੂੰਮਵਾਲੀ ਨੂੰ ਪ੍ਰੈਗਾਬਾਲਿਨ ਕੈਪਸੂਲਾਂ ਦੇ ਕੁੱਲ 165 ਕੈਪਸੂਲਾਂ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਬੀ.ਐੱਨ.ਐੱਸ. ਦੀ ਧਾਰਾ 223 ਤਹਿਤ ਮੁਕੱਦਮਾ ਦਰਜ ਕੀਤਾ ਗਿਆ।
ਹੈਰੋਇਨ ਸਮੇਤ ਦੋ ਵਿਅਕਤੀ ਕਾਬੂ: ਅਮਰਜੀਤ ਕੌਰ ਪਤਨੀ ਸੁਖਦੇਵ ਸਿੰਘ ਅਤੇ ਯਾਦਪਾਲ ਸਿੰਘ ਪੁੱਤਰ ਸੁਖਮੰਦਰ ਸਿੰਘ, ਵਾਸੀਆਨ ਨਰ ਸਿੰਘ ਕਲੋਨੀ, ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਐੱਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ।
ਇਸ ਤਰ੍ਹਾਂ ਉਕਤ ਕਾਰਵਾਈ ਦੌਰਾਨ ਕੁੱਲ 10 ਗ੍ਰਾਮ ਹੈਰੋਇਨ ਅਤੇ 165 ਪ੍ਰੈਗਾਬਾਲਿਨ ਕੈਪਸੂਲ ਬਰਾਮਦ ਕੀਤੇ ਗਏ ਅਤੇ ਥਾਣਾ ਸੰਗਤ ਵਿਖੇ ਕੁੱਲ 3 ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ। ਇਸ ਤੋਂ ਇਲਾਵਾ, CASO ਆਪ੍ਰੇਸ਼ਨ ਦੌਰਾਨ 6 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ 5 ਮੋਟਰਸਾਈਕਲਾਂ ਨੂੰ ਕਬਜ਼ੇ ਵਿੱਚ ਲੈ ਕੇ ਉਨ੍ਹਾਂ ਦੀ ਤਸਦੀਕ ਕੀਤੀ ਜਾ ਰਹੀ ਹੈ। ਬਠਿੰਡਾ ਪੁਲਿਸ ਨਸ਼ਿਆਂ ਦੇ ਖ਼ਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਨਸ਼ਿਆਂ ਦੀ ਤਸਕਰੀ ਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਕਾਰਵਾਈ ਲਗਾਤਾਰ ਜਾਰੀ ਰਹੇਗੀ।
- Download Babushahi App
-
-