'ਕੌਮੀ ਪੋਸ਼ਣ ਹਫ਼ਤਾ' ਸਫ਼ਲਤਾਪੂਰਵਕ ਸੰਪੰਨ
ਧਨੌਲਾ 8 ਸਤੰਬਰ 2026- ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਚੰਗੀ ਸਿਹਤ ਅਤੇ ਪੌਸ਼ਟਿਕ ਆਹਾਰ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਪਹਿਲੀ ਸਤੰਬਰ ਤੋਂ ਮਨਾਇਆ ਜਾ ਰਿਹਾ 'ਕੌਮੀ ਪੋਸ਼ਣ ਹਫ਼ਤਾ' ਸਫਲਤਾਪੂਰਵਕ ਸੰਪੰਨ ਹੋ ਗਿਆ। ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਪੁੂਰੇ ਹਫਤੇ ਦੌਰਾਨ ਬਲਾਕ ਧਨੌਲਾ ਦੇ ਵੱਖ-ਵੱਖ ਪਿੰਡਾਂ ਅਤੇ ਸਕੂਲਾਂ ਵਿਚ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ।
ਸੀ.ਐੱਚ.ਸੀ ਧਨੌਲਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ.ਸਤਵੰਤ ਸਿੰਘ ਔਜਲਾ ਦੇ ਮਾਰਗਦਰਸ਼ਨ ਵਿੱਚ ਐੱਸ.ਐੱਮ.ਓ ਦਾ ਕਾਰਜਭਾਰ ਸੰਭਾਲ ਰਹੇ ਡਾ. ਵਿਸ਼ਾਲਵੀਰ ਸਿੰਘ ਦੇ ਦੱਸਿਆ ਕਿ “ਡਿਸਕਵਰ ਦਾ ਪਾਵਰ ਆਫ ਨਿਊਟ੍ਰੀਸ਼ਨ” (ਪੋਸ਼ਣ ਦੀ ਤਾਕਤ ਨੂੰ ਜਾਣੋ) ਥੀਮ ਤਹਿਤ ਮਨਾਏ ਗਏ ਰਾਸ਼ਟਰੀ ਪੋਸ਼ਣ ਹਫ਼ਤੇ ਦੌਰਾਨ ਸਕੂਲਾਂ,ਆਂਗਨਵਾੜੀ ਕੇਂਦਰਾਂ ਅਤੇ ਸਿਹਤ ਕੇਂਦਰਾਂ 'ਤੇ ਖ਼ਾਸਕਰ ਬੱਚਿਆਂ, ਨੌਜਵਾਨਾਂ,ਗਰਭਵਤੀ ਔਰਤਾਂ/ਦੁੱਧ ਚੁੰਘਾਉਣ ਵਾਲੀਆਂ ਮਾਵਾਂ ਅਤੇ ਬਜ਼ੁਰਗਾਂ ਨੂੰ ਸੰਤੁਲਿਤ ਖ਼ੁਰਾਕ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ।ਡਾ.ਵਿਸ਼ਾਲਵੀਰ ਸਿੰਘ ਨੇ ਦੱਸਿਆ ਕਿ ਅਸੰਤੁਲਿਤ ਖ਼ੁਰਾਕ ਅਤੇ ਮਾੜੀ ਜੀਵਨ ਸ਼ੈਲੀ ਕਾਰਨ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਮੋਟਾਪੇ ਵਰਗੀਆਂ ਗ਼ੈਰ-ਸੰਚਾਰੀ ਬਿਮਾਰੀਆਂ ਦਾ ਖ਼ਤਰਾ ਵਧਦਾ ਹੈ, ਜਿਸ ਤੋਂ ਬਚਣ ਲਈ ਸਿਹਤਮੰਦ ਆਦਤਾਂ ਅਪਣਾਉਣਾ ਜ਼ਰੂਰੀ ਹੈ।
ਬਲਾਕ ਮੀਡੀਆ ਅਫ਼ਸਰ ਰਤਿਕਾ ਓਬਰਾਏ ਨੇ ਦੱਸਿਆ ਕਿ ਠੁੱਲੇਵਾਲ ਸਥਿਤ ਸਿਹਤ ਕੇਂਦਰ ਦੀ ਟੀਮ ਵੱਲੋਂ ਆਰ.ਐੱਮ.ਓ ਡਾਕਟਰ ਰੀਚਾ ਗਰਗ ਦੀ ਮੌਜੂਦਗੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਸੈਮੀਨਾਰ ਦੌਰਾਨ ਏ.ਐੱਨ.ਐੱਮ ਕਿਰਨਪਾਲ ਕੌਰ ਨੇ ਵਿਦਿਆਰਥੀਆਂ ਨੂੰ ਘਰ ਬਣਿਆ ਭੋਜਨ ਖਾਣ ਲਈ ਪ੍ਰੇਰਿਤ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਮੋਟੇ ਅਨਾਜ, ਹਰੀਆਂ ਸਬਜ਼ੀਆਂ, ਫ਼ਲ ਅਤੇ ਦੁੱਧ ਦਹੀਂ ਆਦਿ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ 'ਤੇ ਜ਼ੋਰ ਦਿੱਤਾ। ਇਸ ਦੌਰਾਨ ਬੱਚਿਆਂ ਨੂੰ ਫਾਸਟ ਫੂਡ, ਤਲੀਆਂ ਚੀਜ਼ਾਂ, ਅਤੇ ਨਮਕ-ਚੀਨੀ ਦੀ ਲੋੜ੍ਹ ਤੋਂ ਵੱਧ ਵਰਤੋਂ ਤੋਂ ਪਰਹੇਜ਼ ਕਰਨ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਫਾਰਮਾਸਿਸਟ ਸੁਖਜੀਤ ਸਿੰਘ ਅਤੇ ਮਲਟੀਪਰਪਜ਼ ਹੈਲਥ ਵਰਕਰ ਸੁਖਪ੍ਰੀਤ ਸਿੰਘ ਤੋਂ ਇਲਾਵਾ ਅਧਿਆਪਕ ਵੀ ਹਾਜ਼ਰ ਸਨ।
- Download Babushahi App
-
-