Education Breaking: CBSE ਨੇ ਮਿਡਲ ਈਸਟ ਦੇ ਕਈ ਦੇਸ਼ਾਂ 'ਚ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਕੀਤੀਆਂ ਰੱਦ
ਈਰਾਨ-ਇਜ਼ਰਾਈਲ-ਅਮਰੀਕਾ ਜੰਗ ਕਾਰਨ ਵਿਗੜੇ ਹਾਲਾਤ; ਬਹਿਰੀਨ, ਕੁਵੈਤ, ਓਮਾਨ ਅਤੇ ਸੌਦੀ ਅਰਬ ਸਮੇਤ ਕਈ ਦੇਸ਼ਾਂ 'ਚ ਪੜ੍ਹਾਈ ਪ੍ਰਭਾਵਿਤ
ਨਵੀਂ ਦਿੱਲੀ, 15 ਮਾਰਚ 2026- ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਭਿਆਨਕ ਜੰਗ ਨੇ ਹੁਣ ਵਿਦਿਆਰਥੀਆਂ ਦੇ ਭਵਿੱਖ 'ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਮਿਡਲ ਈਸਟ (ਮੱਧ ਪੂਰਬ) ਦੇ ਦੇਸ਼ਾਂ ਵਿੱਚ ਤੇਜ਼ੀ ਨਾਲ ਵਿਗੜ ਰਹੇ ਹਾਲਾਤ ਨੂੰ ਦੇਖਦੇ ਹੋਏ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਦਾ ਵੱਡਾ ਫੈਸਲਾ ਲਿਆ ਹੈ।
ਕਿਹੜੇ ਦੇਸ਼ਾਂ ਵਿੱਚ ਰੱਦ ਹੋਈਆਂ ਪ੍ਰੀਖਿਆਵਾਂ?
CBSE ਅਨੁਸਾਰ, ਜੰਗ ਪ੍ਰਭਾਵਿਤ ਖੇਤਰਾਂ ਵਿੱਚ ਸੁਰੱਖਿਆ ਕਾਰਨਾਂ ਕਰਕੇ ਪ੍ਰੀਖਿਆਵਾਂ ਕਰਵਾਉਣਾ ਸੰਭਵ ਨਹੀਂ ਰਿਹਾ। ਬੋਰਡ ਨੇ ਬਹਿਰੀਨ, ਈਰਾਨ, ਕੁਵੈਤ, ਓਮਾਨ, ਕਤਰ ਅਤੇ ਸੌਦੀ ਅਰਬ ਦੇਸ਼ਾਂ ਵਿੱਚ 16 ਮਾਰਚ ਤੋਂ 10 ਅਪ੍ਰੈਲ 2026 ਵਿਚਾਲੇ ਹੋਣ ਵਾਲੀਆਂ 12ਵੀਂ ਦੀਆਂ ਸਾਰੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਬੋਰਡ ਪਹਿਲਾਂ ਹੀ ਇਨ੍ਹਾਂ ਦੇਸ਼ਾਂ ਵਿੱਚ 10ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਚੁੱਕਾ ਹੈ। ਪਹਿਲਾਂ ਉਮੀਦ ਸੀ ਕਿ ਹਾਲਾਤ ਸੁਧਰ ਜਾਣਗੇ, ਪਰ ਜੰਗ ਦੇ 16ਵੇਂ ਦਿਨ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ।
ਕਿਵੇਂ ਐਲਾਨਿਆ ਜਾਵੇਗਾ ਨਤੀਜਾ?
ਵਿਦਿਆਰਥੀਆਂ ਅਤੇ ਮਾਪਿਆਂ ਲਈ ਸਭ ਤੋਂ ਵੱਡੀ ਚਿੰਤਾ ਨਤੀਜਿਆਂ ਨੂੰ ਲੈ ਕੇ ਹੈ। ਬੋਰਡ ਨੇ ਇਸ ਸਬੰਧੀ ਸਪੱਸ਼ਟ ਕੀਤਾ ਹੈ ਕਿ, 1 ਮਾਰਚ ਤੋਂ 9 ਮਾਰਚ ਵਿਚਾਲੇ ਜੋ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਸਨ, ਹੁਣ ਉਨ੍ਹਾਂ ਨੂੰ ਵੀ ਰੱਦ ਮੰਨਿਆ ਜਾਵੇਗਾ। 12ਵੀਂ ਜਮਾਤ ਦੇ ਇਨ੍ਹਾਂ ਵਿਦਿਆਰਥੀਆਂ ਦਾ ਨਤੀਜਾ ਕਿਸ ਆਧਾਰ 'ਤੇ ਤਿਆਰ ਕੀਤਾ ਜਾਵੇਗਾ, ਇਸ ਬਾਰੇ ਜਾਣਕਾਰੀ ਬੋਰਡ ਵੱਲੋਂ ਜਲਦੀ ਹੀ ਵੱਖਰੇ ਤੌਰ 'ਤੇ ਸਾਂਝੀ ਕੀਤੀ ਜਾਵੇਗੀ।
ਈਰਾਨ-ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਅੱਜ 16ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਦੋਵਾਂ ਪਾਸਿਆਂ ਤੋਂ ਕੀਤੇ ਜਾ ਰਹੇ ਹਮਲਿਆਂ ਵਿੱਚ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ ਅਤੇ ਲੱਖਾਂ ਬੇਘਰ ਹੋ ਗਏ ਹਨ। ਜੰਗ ਕਾਰਨ ਟੂਰ ਐਂਡ ਟ੍ਰੈਵਲ ਸੈਕਟਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਅਤੇ ਸਕੂਲ-ਕਾਲਜ ਬੰਦ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ।