ਅਹੁਦਿਆਂ ਤੋਂ ਵੱਡੇ ਇਰਾਦੇ ਨੇ 'ਗੁਰਪ੍ਰੀਤ (ਕੁਸ਼) ਧਵਨ' ਦੇ
ਰਾਜਨ ਮਾਨਕਟਾਲਾ
ਕਿਸੇ ਨੇ ਬਹੁਤ ਖ਼ੂਬ ਕਿਹਾ ਹੈ ਕਿ ਸਮਾਜ ਵਿੱਚ ਵੱਡੇ ਬਦਲਾਅ ਲਿਆਉਣ ਲਈ ਹਮੇਸ਼ਾ ਕਿਸੇ ਉੱਚੇ ਅਹੁਦੇ, ਰਾਜਨੀਤਕ ਕੁਰਸੀ ਜਾਂ ਸਰਕਾਰੀ ਤਾਕਤ ਦੀ ਲੋੜ ਨਹੀਂ ਹੁੰਦੀ, ਸਗੋਂ ਮਜ਼ਬੂਤ ਇਰਾਦੇ ਅਤੇ ਸਾਫ਼ ਨੀਅਤ ਦੀ ਲੋੜ ਹੁੰਦੀ ਹੈ। ਅਹੁਦੇ ਤਾਂ ਪੰਜ ਸਾਲਾਂ ਲਈ ਆਉਂਦੇ-ਜਾਂਦੇ ਰਹਿੰਦੇ ਹਨ, ਪਰ ਜਿਹੜਾ ਇਨਸਾਨ ਬਿਨਾਂ ਕਿਸੇ ਲਾਲਸਾ ਦੇ ਸਾਲਾਂ-ਬੱਧੀ ਆਪਣੇ ਇਲਾਕੇ ਲਈ ਖੜ੍ਹਦਾ ਹੈ, ਅਸਲ ਵਿੱਚ ਉਹੀ ਇਨਸਾਨ ਇਤਿਹਾਸ ਸਿਰਜਦਾ ਹੈ।
ਹਾਲ ਹੀ ਵਿੱਚ ਇਰਿਨ ਬ੍ਰੋਕੋਵਿਚ (Erin Brockovich) ਦੇ ਸੰਘਰਸ਼ ਬਾਰੇ ਪੜ੍ਹਦਿਆਂ ਮੈਨੂੰ ਇਹ ਗੱਲ ਹੋਰ ਪ੍ਰਪੱਕਤਾ ਨਾਲ ਸਮਝ ਆਈ। ਇਸੇ ਸੋਚ ਨੂੰ ਜਿਉਂਦੇ ਹੋਏ ਜਦੋਂ ਮੈਂ ਆਪਣੇ ਇਲਾਕੇ ਗੁਰੂਹਰਸਹਾਏ ਵੱਲ ਤੱਕਦਾ ਹਾਂ, ਤਾਂ ਮੇਰੀਆਂ ਅੱਖਾਂ ਸਾਹਮਣੇ ਇੱਕੋ ਨਾਂ ਉੱਭਰਦਾ ਹੈ—ਗੁਰਪ੍ਰੀਤ (ਕੁਸ਼) ਧਵਨ। ਇੱਕ ਅਜਿਹਾ ਸ਼ਖ਼ਸ ਜੋ ਬਿਨਾਂ ਕਿਸੇ ਸਰਕਾਰੀ ਪਦਵੀ ਦੇ ਬਦਲਾਅ ਦੀ ਜਿਉਂਦੀ-ਜਾਗਦੀ ਮਿਸਾਲ ਬਣ ਚੁੱਕਾ ਹੈ। ਵੱਡੇ ਅਹੁਦਿਆਂ ਦੀ ਬਜਾਏ ਸਮਾਜ ਸੇਵਾ ਦੀ ਚੋਣ: UPSC ਦਾ ਸਫ਼ਰ
ਗੁਰਪ੍ਰੀਤ ਦੀ ਸੋਚ ਦਾ ਵੱਖਰਾਪਣ ਇਸ ਗੱਲ ਤੋਂ ਵੀ ਸਾਫ਼ ਝਲਕਦਾ ਹੈ ਕਿ ਉਹ UPSC (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਦਾ ਇੱਕ ਗੰਭੀਰ ਐਸਪੀਰੈਂਟ (ਪ੍ਰਤੀਯੋਗੀ) ਰਿਹਾ ਹੈ। ਉਸ ਵਿੱਚ ਉਹ ਸਮਰੱਥਾ ਅਤੇ ਕਾਬਲੀਅਤ ਸੀ ਕਿ ਉਹ ਦੇਸ਼ ਦੀ ਸਭ ਤੋਂ ਉੱਚੀ ਸਰਕਾਰੀ ਨੌਕਰੀ ਹਾਸਿਲ ਕਰਕੇ ਕਿਸੇ ਵੱਡੇ ਅਹੁਦੇ 'ਤੇ ਬਿਰਾਜਮਾਨ ਹੋ ਸਕਦਾ ਸੀ। ਪਰ ਉਸਨੂੰ ਮਹਿਸੂਸ ਹੋਇਆ ਕਿ ਇੱਕ ਸਰਕਾਰੀ ਨੌਕਰੀ ਉਸਨੂੰ ਕਿਸੇ ਇੱਕ ਖ਼ਾਸ ਦਾਇਰੇ, ਦਫ਼ਤਰ ਜਾਂ ਭੂਗੋਲਿਕ ਸੀਮਾ ਵਿੱਚ ਬੰਨ੍ਹ ਕੇ ਰੱਖ ਦੇਵੇਗੀ। ਇਸ ਲਈ ਉਸਨੇ ਆਪਣੇ ਨਿੱਜੀ ਕਰੀਅਰ ਅਤੇ ਆਰਾਮਦਾਇਕ ਨੌਕਰੀ ਨਾਲੋਂ ਸਮਾਜ ਦੇ ਵਿੱਚ ਰਹਿ ਕੇ, ਜ਼ਮੀਨੀ ਪੱਧਰ 'ਤੇ ਲੋਕਾਂ ਦੀ ਸੇਵਾ ਕਰਨ ਨੂੰ ਜ਼ਿਆਦਾ ਅਹਿਮੀਅਤ ਦਿੱਤੀ।
ਸਭ ਤੋਂ ਖ਼ਾਸ ਗੱਲ ਇਹ ਹੈ ਕਿ UPSC ਦੀ ਤਿਆਰੀ ਦੌਰਾਨ ਜੋ ਡੂੰਘਾ ਗਿਆਨ, ਵਿਗਿਆਨਕ ਸੋਚ ਅਤੇ ਪ੍ਰਸ਼ਾਸਨਿਕ ਸਮਝ ਉਸਨੇ ਹਾਸਿਲ ਕੀਤੀ, ਉਸਨੂੰ ਅਜੇ ਵੀ ਅਜਾਇਆ ਨਹੀਂ ਜਾਣ ਦਿੱਤਾ—ਬਲਕਿ ਉਸ ਗਿਆਨ ਅਤੇ ਸਿੱਖਿਆ ਨੂੰ ਉਹ ਅੱਜ ਆਪਣੇ ਇਲਾਕੇ ਦੇ ਵਿਕਾਸ, ਲੋਕਾਂ ਦੇ ਮਸਲੇ ਹੱਲ ਕਰਨ ਅਤੇ ਸਮਾਜ ਸੁਧਾਰ ਦੇ ਕੰਮਾਂ ਵਿੱਚ ਪੂਰੀ ਕੁਸ਼ਲਤਾ ਨਾਲ ਵਰਤ ਰਿਹਾ ਹੈ। ਇਹ ਫ਼ੈਸਲਾ ਦੱਸਦਾ ਹੈ ਕਿ ਉਸ ਲਈ ਅਹੁਦਾ ਨਹੀਂ, ਸਗੋਂ ਆਪਣੀ ਵਿੱਦਿਆ ਅਤੇ ਸਮਰੱਥਾ ਨਾਲ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆਉਣਾ ਹੀ ਸਭ ਤੋਂ ਵੱਡਾ ਮਕਸਦ ਸੀ।
ਛੋਟੀ ਜ਼ਿੰਮੇਵਾਰੀ, ਵੱਡਾ ਸੰਕਲਪ
ਗੁਰਪ੍ਰੀਤ ਪਿਛਲੇ ਕਈ ਸਾਲਾਂ ਤੋਂ ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਦੀ SMC (ਸਕੂਲ ਮੈਨੇਜਮੈਂਟ ਕਮੇਟੀ) ਵਿੱਚ ਇੱਕ ਸੋਸ਼ਲ ਵਰਕਰ (ਮੈਂਬਰ) ਵਜੋਂ ਨਿਸ਼ਕਾਮ ਸੇਵਾਵਾਂ ਨਿਭਾ ਰਿਹਾ ਹੈ। ਕਾਗਜ਼ਾਂ ਵਿੱਚ ਇਹ ਸ਼ਾਇਦ ਇੱਕ ਬਹੁਤ ਛੋਟੀ ਜਿਹੀ ਜ਼ਿੰਮੇਵਾਰੀ ਜਾਪਦੀ ਹੋਵੇ, ਪਰ ਗੁਰਪ੍ਰੀਤ ਨੇ ਇਸਨੂੰ ਕਦੇ ਛੋਟਾ ਨਹੀਂ ਸਮਝਿਆ। ਸਕੂਲ ਦੇ ਮਾਸੂਮ ਬੱਚਿਆਂ ਨੂੰ ਗਲੀਆਂ ਦੇ ਚਿੱਕੜ ਵਿੱਚੋਂ ਲੰਘਦਿਆਂ ਅਤੇ ਸੀਵਰੇਜ ਦੀਆਂ ਗੰਭੀਰ ਸਮੱਸਿਆਵਾਂ ਨਾਲ ਜੂਝਦਿਆਂ ਦੇਖ ਕੇ ਉਸ ਦੇ ਦਿਲ ਵਿੱਚ ਜੋ ਪੀੜ ਉੱਠੀ, ਉਸਨੇ ਉਸਨੂੰ ਇੱਕ ਸੰਕਲਪ ਵਿੱਚ ਬਦਲ ਦਿੱਤਾ।
ਮੇਰੇ ਅਤੇ ਮੇਰੇ ਸਟਾਫ਼ ਤੋਂ ਬਾਅਦ ਜੇਕਰ ਕਿਸੇ ਨੇ ਬੱਚਿਆਂ ਦੇ ਇਸ ਦਰਦ ਨੂੰ ਸਭ ਤੋਂ ਵੱਧ ਮਹਿਸੂਸ ਕੀਤਾ, ਤਾਂ ਉਹ ਵਾਹਿਦ ਇਨਸਾਨ ਗੁਰਪ੍ਰੀਤ ਹੀ ਸੀ। ਪਿਛਲੇ ਸਾਲ ਉਸਦੀ ਅਤੇ ਉਸਦੇ ਸਾਥੀਆਂ ਦੀ ਅਣਥੱਕ ਮਿਹਨਤ ਸਦਕਾ ਹੀ ਮੇਰੇ ਸਕੂਲ ਦੇ ਬੱਚਿਆਂ ਨੂੰ ਲਗਭਗ ਛੇ ਮਹੀਨਿਆਂ ਤੱਕ ਇਸ ਦਲਦਲ ਤੋਂ ਮੁਕਤੀ ਮਿਲੀ ਸੀ। ਉਸਦੀ ਇਸੇ ਲਗਨ ਦਾ ਸਤਿਕਾਰ ਕਰਦਿਆਂ ਅਸੀਂ ਸਕੂਲ ਦੇ ਸਾਲਾਨਾ ਸਮਾਗਮ ਵਿੱਚ ਉਸਨੂੰ ਅਤੇ ਉਸਦੀ ਟੀਮ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਸੀ। ਪਿਛਲੇ 10-12 ਸਾਲਾਂ ਤੋਂ ਮੈਂ ਗੁਰਪ੍ਰੀਤ ਨੂੰ ਬਹੁਤ ਨੇੜਿਓਂ ਕੰਮ ਕਰਦਿਆਂ ਦੇਖਿਆ ਹੈ। ਉਸਦੇ ਕੰਮ ਕਰਨ ਦੀ ਸ਼ੈਲੀ ਬਾਕੀ ਸਮਾਜਿਕ ਜਾਂ ਰਾਜਨੀਤਕ ਕਾਰਕੁਨਾਂ ਤੋਂ ਬਿਲਕੁਲ ਵੱਖਰੀ ਹੈ। ਜਿੱਥੇ ਜ਼ਿਆਦਾਤਰ ਲੋਕ ਸਮੱਸਿਆ ਦੇਖ ਕੇ ਸਿਰਫ਼ ਰੌਲਾ ਪਾਉਂਦੇ ਹਨ, ਉੱਥੇ ਗੁਰਪ੍ਰੀਤ ਸ਼ਾਂਤ ਰਹਿ ਕੇ ਸਮੱਸਿਆ ਦੀ ਜੜ੍ਹ ਤੱਕ ਪਹੁੰਚਦਾ ਹੈ। ਪੂਰੀ ਜਾਣਕਾਰੀ ਅਤੇ ਸਰਕਾਰੀ ਦਸਤਾਵੇਜ਼ ਇਕੱਠੇ ਕਰਦਾ ਹੈ। ਲੋੜ ਪੈਣ 'ਤੇਆਰ.ਟੀ.ਆਈ. (RTI) ਦਾ ਸਹਾਰਾ ਲੈਂਦਾ ਹੈ।
ਜਦੋਂ ਤੱਕ ਮਸਲੇ ਦਾ ਸਥਾਈ ਹੱਲ ਨਾ ਨਿਕਲੇ, ਉਦੋਂ ਤੱਕ ਚੈਨ ਨਾਲ ਨਾ ਬੈਠਦਾ। ਪਿੰਡ ਸ਼ਰੀਂਹ ਵਾਲਾ ਬਰਾੜ ਤੋਂ ਸ਼ਹਿਰ ਤੱਕ: ਕਾਇਆ-ਕਲਪ ਦੀ ਮਿਸਾਲ
ਉਸਦੀ ਜਿਉਂਦੀ-ਜਾਗਦੀ ਮਿਸਾਲ ਉਸਦੇ ਆਪਣੇ ਪਿੰਡ ਸ਼ਰੀਂਹ ਵਾਲਾ ਬਰਾੜ ਵਿੱਚ ਦੇਖੀ ਜਾ ਸਕਦੀ ਹੈ। ਪਿੰਡ ਵਾਸੀਆਂ ਦੇ ਸਹਿਯੋਗ ਅਤੇ ਤਤਕਾਲੀ ਸਰਪੰਚ ਸੁਰਜੀਤ ਸਿੰਘ ਧਵਨ ਦੀ ਯੋਗ ਅਗਵਾਈ ਨਾਲ ਗੁਰਪ੍ਰੀਤ ਨੇ ਪਿੰਡ ਦੇ ਰੂੜੀਆਂ ਨਾਲ਼ ਘਿਰੇ 6 ਕਿੱਲਿਆਂ ਦੇ ਬਦਬੂਦਾਰ ਛੱਪੜ ਨੂੰ ਬਹਿਸ਼ਤ ਵਿੱਚ ਬਦਲ ਦਿੱਤਾ । ਅੱਜ ਉੱਥੇ ਇੱਕ ਖ਼ੂਬਸੂਰਤ ਪਾਰਕ, ਖੇਡ ਗਰਾਊਂਡ, ਵਾਟਰ ਟਰੀਟਮੈਂਟ ਪਲਾਂਟ ਅਤੇ ਝੀਲ ਵਰਗੀਆਂ ਸਹੂਲਤਾਂ ਮੌਜੂਦ ਹਨ। ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਹਨਾਂ ਦੀ ਸੁਚੱਜੀ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਪਿਛਲੇ ਦਸ ਸਾਲਾਂ ਵਿੱਚ ਲਗਾਏ ਗਏ ਸੈਂਕੜੇ ਰੁੱਖਾਂ ਨੂੰ ਧੀਆਂ ਪੁੱਤਰਾਂ ਵਾਂਗ ਪਾਲ ਕੇ ਵੱਡਾ ਕੀਤਾ ਗਿਆ ਹੈ।
ਪਿੰਡ ਤੋਂ ਬਾਅਦ ਗੁਰੂਹਰਸਹਾਏ ਸ਼ਹਿਰ ਵਿੱਚ ਵੀ ਉਸਦੀ ਸਰਗਰਮੀ ਲਗਾਤਾਰ ਜਾਰੀ ਹੈ। ਸ਼ਹਿਰ ਵਿੱਚ ਸੀਵਰੇਜ ਦੀਆਂ ਸਮੱਸਿਆਵਾਂ ਹੱਲ ਕਰਵਾਉਣਾ ਹੋਵੇ ਜਾਂ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਖ਼ਰਾਬ ਹੋਈਆਂ ਸੜਕਾਂ ਦੇ ਮੁੜ-ਨਿਰਮਾਣ ਲਈ ਸਰਕਾਰੀ ਦਫ਼ਤਰਾਂ ਵਿੱਚ ਸਫ਼ਲ ਪੈਰਵਾਈ ਕਰਨੀ ਹੋਵੇ—ਗੁਰਪ੍ਰੀਤ ਨੇ ਹਰ ਮੋੜ 'ਤੇ ਆਪਣੀ ਯੋਗਤਾ ਦਾ ਲੋਹਾ ਮਨਵਾਇਆ ਹੈ। ਖੇਡਾਂ, ਸੰਗੀਤ, ਸਾਈਕਲ ਰੈਲੀਆਂ ਅਤੇ ਮੈਰਾਥਨ ਵਰਗੇ ਆਯੋਜਨਾਂ ਰਾਹੀਂ ਉਸਦੀ ਟੀਮ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਵੀ ਦਿਨ-ਰਾਤ ਯਤਨਸ਼ੀਲ ਹੈ।ਪਵਣੁ ਗੁਰੂ ਪਾਣੀ ਪਿਤਾ' ਦਾ ਅਸਲ ਧਾਰਨੀ ਗੁਰਪ੍ਰੀਤ ਲਈ ਸਮਾਜ ਸੇਵਾ ਸਿਰਫ਼ ਫੋਟੋਆਂ ਖਿਚਵਾਉਣ ਜਾਂ ਅਖ਼ਬਾਰੀ ਬਿਆਨਬਾਜ਼ੀ ਤੱਕ ਸੀਮਤ ਨਹੀਂ ਹੈ। ਉਹ ਗੁਰਬਾਣੀ ਦੀ ਅਮਰ ਤੁਕ "ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ" ਨੂੰ ਸਿਰਫ਼ ਪੜ੍ਹਦਾ ਹੀ ਨਹੀਂ, ਸਗੋਂ ਆਪਣੀ ਜੀਵਨ-ਸ਼ੈਲੀ ਵਿੱਚ ਕਮਾਉਂਦਾ ਹੈ। ਵਿਕਾਸ ਕਾਰਜ ਕਰਵਾਉਂਦਿਆਂ ਉਹ ਮਿੱਟੀ, ਹਵਾ ਅਤੇ ਪਾਣੀ ਦੀ ਸੰਭਾਲ ਨੂੰ ਹਮੇਸ਼ਾ ਪਹਿਲ ਦਿੰਦਾ ਹੈ। ਉਹ ਅੱਜ ਦੀ ਸਮੱਸਿਆ ਦਾ ਡੰਗ-ਟਪਾਊ ਹੱਲ ਨਹੀਂ ਲੱਭਦਾ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਟਿਕਾਊ (Sustainable) ਵਿਵਸਥਾ ਦੀ ਕਲਪਨਾ ਕਰਦਾ ਹੋਇਆ ਸਦੀਵੀਂ ਵਿਵਸਥਾਵਾਂ ਪੈਦਾ ਕਰਦਾ ਹੈ। ਇੱਕ ਕੁਸ਼ਲ ਆਗੂ ਅਤੇ ਬਿਨਾਂ ਅਹੁਦੇ ਦੀ ਤਾਕਤ
ਗੁਰਪ੍ਰੀਤ ਦੀ ਇੱਕ ਹੋਰ ਵੱਡੀ ਖ਼ੂਬੀ ਇਹ ਹੈ ਕਿ ਉਹ ਆਪਣੇ ਸਾਥੀਆਂ ਦੀ ਊਰਜਾ ਨੂੰ ਫ਼ਾਲਤੂ ਦੇ ਕੰਮਾਂ ਵਿੱਚ ਜ਼ਾਇਆ ਨਹੀਂ ਹੋਣ ਦਿੰਦਾ। ਜਦੋਂ ਕਿਸੇ ਸੰਘਰਸ਼ ਲਈ ਸਾਡੀ ਲੋੜ ਹੁੰਦੀ ਹੈ, ਉਹ ਸਾਨੂੰ ਉਦੋਂ ਹੀ ਆਵਾਜ਼ ਮਾਰਦਾ ਹੈ ਅਤੇ ਸਾਡੀ ਸ਼ਕਤੀ ਨੂੰ ਸਹੀ ਦਿਸ਼ਾ ਵਿੱਚ ਲਗਾ ਕੇ ਮਸਲੇ ਨੂੰ ਅੰਜ਼ਾਮ ਤੱਕ ਪਹੁੰਚਾਉਂਦਾ ਹੈ।
ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਇਹ ਸਭ ਕੁਝ ਕਰਨ ਲਈ ਉਸ ਕੋਲ:
ਨਾ ਕੋਈ ਸਰਕਾਰੀ ਕੁਰਸੀ ਹੈ,
ਨਾ ਕੋਈ ਸਿਆਸੀ ਪਦਵੀ ਹੈ,
ਅਤੇ ਨਾ ਹੀ ਕਿਸੇ ਲਾਲਸਾ ਦਾ ਕੋਈ ਭਾਰ ਹੈ। ਕਿਰਦਾਰਾਂ ਦੀ ਪਛਾਣ ਤੇ ਸਨਮਾਨ
ਸਾਡੇ ਪਿੰਡਾਂ ਅਤੇ ਸ਼ਹਿਰਾਂ ਦੀ ਸਭ ਤੋਂ ਵੱਡੀ ਤਾਕਤ ਅਜਿਹੇ ਹੀ ਸਿਦਕੀ ਲੋਕ ਹੁੰਦੇ ਹਨ। ਪਰ ਦੁਖਾਂਤ ਇਹ ਹੈ ਕਿ ਸਾਡਾ ਸਮਾਜ ਅਕਸਰ ਕੁਰਸੀ ਅਤੇ ਅਹੁਦੇ ਵਾਲੇ ਬੰਦੇ ਨੂੰ ਤਾਂ ਝੁਕ ਕੇ ਪ੍ਰਣਾਮ ਕਰ ਲੈਂਦਾ ਹੈ, ਪਰ ਚੁੱਪਚਾਪ ਕੰਮ ਕਰਨ ਵਾਲੇ ਹੀਰੇ ਦੀ ਪਛਾਣ ਨਹੀਂ ਕਰਦਾ।
ਸਾਨੂੰ ਆਪਣੇ ਆਸ-ਪਾਸ ਅਜਿਹੇ ਨਿਸ਼ਕਾਮ ਲੀਡਰਾਂ ਨੂੰ ਪਛਾਣਨ ਅਤੇ ਸਾਂਭਣ ਦੀ ਲੋੜ ਹੈ। ਇਹ ਜ਼ਰੂਰੀ ਨਹੀਂ ਕਿ ਅਸੀਂ ਉਨ੍ਹਾਂ ਦੀ ਹਰ ਗੱਲ ਨਾਲ ਸਹਿਮਤ ਹੋਈਏ, ਪਰ ਉਨ੍ਹਾਂ ਦੀ ਨੀਅਤ, ਮਿਹਨਤ ਅਤੇ ਦਲੇਰੀ ਦਾ ਸਤਿਕਾਰ ਕਰਨਾ ਸਾਡਾ ਫ਼ਰਜ਼ ਬਣਦਾ ਹੈ।
ਬਦਲਾਅ ਕਦੇ ਵੀ ਹਜ਼ਾਰਾਂ ਦੀ ਭੀੜ ਨਾਲ ਸ਼ੁਰੂ ਨਹੀਂ ਹੁੰਦਾ, ਇਹ ਹਮੇਸ਼ਾ ਇੱਕੋ ਇਨਸਾਨ ਦੀ ਪਹਿਲਕਦਮੀ ਤੋਂ ਸ਼ੁਰੂ ਹੁੰਦਾ ਹੈ। ਇੱਕ ਬੰਦਾ ਸਵਾਲ ਪੁੱਛਦਾ ਹੈ, ਇੱਕ ਬੰਦਾ ਅਨਿਆਂ ਖ਼ਿਲਾਫ਼ ਖੜ੍ਹਦਾ ਹੈ, ਅਤੇ ਫਿਰ ਇੱਕ ਦਿਨ ਕਾਫ਼ਲਾ ਬਣ ਜਾਂਦਾ ਹੈ। ਸਾਡੇ ਗੁਰੂਹਰਸਹਾਏ ਲਈ ਉਹ "ਇੱਕ ਬੰਦਾ" ਮੇਰਾ ਛੋਟਾ ਵੀਰ ਗੁਰਪ੍ਰੀਤ (ਕੁਸ਼) ਧਵਨ ਹੈ।
ਜੇਕਰ ਸਾਡੇ ਇਲਾਕੇ ਵਿੱਚ ਗੁਰਪ੍ਰੀਤ ਵਰਗੇ ਕੁਝ ਹੋਰ ਕਿਰਦਾਰ ਖੜ੍ਹੇ ਹੋ ਜਾਣ, ਤਾਂ ਸ਼ਹਿਰ ਅਤੇ ਸਮਾਜ ਦੀ ਨੁਹਾਰ ਬਦਲਣ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ। ਬੱਸ ਲੋੜ ਹੈ—ਥੋੜ੍ਹੀ ਜਿਹੀ ਹਿੰਮਤ ਦੀ, ਦਲੇਰੀ ਦੀ ਅਤੇ "ਮੈਂ ਇਕੱਲਾ ਕੀ ਕਰ ਸਕਦਾ ਹਾਂ?" ਵਾਲੀ ਨਿਰਾਸ਼ਾਵਾਦੀ ਸੋਚ ਨੂੰ ਤਿਆਗਣ ਦੀ। ਕਿਉਂਕਿ ਇੱਕ ਇਕੱਲਾ ਇਨਸਾਨ ਵੀ ਪੂਰੇ ਯੁੱਗ ਦਾ ਰੁੱਖ ਮੋੜਨ ਦੀ ਸਮਰੱਥਾ ਰੱਖਦਾ ਹੈ।

-
ਰਾਜਨ ਮਾਨਕਟਾਲਾ, ਲੇਖਕ
...
...
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.