ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਜਨ ਸੰਘ) ਦੀ ਸਾਂਝ ਪੁਰਾਣੀ ਹੈ
ਉਜਾਗਰ ਸਿੰਘ
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਸੁਖਬੀਰ ਸਿੰਘ ਬਾਦਲ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਕਿਆਸ ਅਰਾਈਆਂ ਸ਼ਰੂ ਹੋ ਗਈਆਂ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਰਮਿਆਨ ਫਰਵਰੀ 2027 ਦੀਆਂ ਵਿਧਾਨ ਸਭਾ ਚੋਣਾ ਵਿੱਚ ਆਪਸੀ ਸਮਝੌਤਾ ਹੋਵੇਗਾ। ਅਖ਼ਬਾਰਾਂ ਵਿੱਚ ਸੀਟਾਂ ਦੀ ਵੰਡ ਬਾਰੇ ਵੀ ਖ਼ਬਰਾਂ ਆ ਰਹੀਆਂ ਹਨ। ਆਮ ਤੌਰ ‘ਤੇ ਅਕਾਲੀ ਸਫਾਂ ਵਿੱਚ ਇਹ ਸਮਝਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਉਣ ਵਾਲਾ ਪਰਕਾਸ਼ ਸਿੰਘ ਬਾਦਲ ਮਰਹੂਮ ਮੁੱਖ ਮੰਤਰੀ ਪੰਜਾਬ ਹੈ। ਅਕਾਲੀ ਸਮਝਦੇ ਹਨ ਕਿ ਪਰਕਾਸ਼ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾ ਕੇ ਪੰਜਾਬ ਦੀ ਰੀਜਨਲ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਦੀ ਝੋਲੀ ਵਿੱਚ ਪਾ ਦਿੱਤਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਪ੍ਰਕਾਸਸ਼ ਸਿੰਘ ਬਾਦਲ ਵੱਲੋਂ ਨਿੱਜੀ ਹਿੱਤਾਂ ਲਈ ਇਹ ਬਿ੍ਰਤਾਂਤ ਸਿਰਜਿਆ ਗਿਆ ਸੀ। ਸਿੱਖ ਭਾਵਨਾਤਮਕ ਕੌਮ ਹੈ, ਕਈ ਵਾਰ ਜਲਦਬਾਜ਼ੀ ਵਿੱਚ ਆਪਣੀ ਵਿਚਾਰਧਾਰਾ ਬਣਾ ਲੈਂਦੀ ਹੈ। ਉਹ ਫੈਸਲਾ ਦਲੀਲ ‘ਤੇ ਪੂਰਾ ਨਹੀਂ ਉਤਰਦਾ ਹੁੰਦਾ, ਕਿਉਂਕਿ ਭਾਵਨਾਵਾਂ ਵਿੱਚ ਵਹਿ ਕੇ ਕੀਤਾ ਫੈਸਲਾ ਸਹੀ ਨਹੀਂ ਹੁੰਦਾ। ਇਸ ਕਰਕੇ ਪਰਕਾਸ਼ ਸਿੰਘ ਬਾਦਲ ਨੂੰ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਉਣ ਵਾਲਾ ਪਹਿਲਾ ਨੇਤਾ ਨਹੀਂ ਕਿਹਾ ਜਾ ਸਕਦਾ। ਜੇਕਰ ਭਾਰਤੀ ਜਨ ਸੰਘ ਦੇ ਇਤਿਹਾਸ ਨੂੰ ਖੰਘਾਲੀਏ ਤਾਂ ਪਤਾ ਲੱਗਦਾ ਹੈ ਕਿ ਇਹ ਸਾਂਝ 86 ਸਾਲ ਪੁਰਾਣੀ ਹੈ। ਹਾਂ ਪਰਕਾਸ਼ ਸਿੰਘ ਬਾਦਲ ਨੇ ਇਸ ਸਾਂਝ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ। ਪੰਜਾਬ ਵਿੱਚ ਕਾਂਗਰਸ ਨੂੰ ਪਛਾੜਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਕਰਕੇ ਇੱਕ ਕਿਸਮ ਨਾਲ ਉਹ ਭਾਰਤੀ ਜਨਤਾ ਪਾਰਟੀ ਦੇ ਰਹਿਮੋ ਕਰਮ ‘ਤੇ ਹੋ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਰਤੀ ਜਨ ਸੰਘ) ਦੀ ਸਾਂਝ ਬਹੁਤ ਹੀ ਪੁਰਾਣੀ ਹੈ। ਭਾਰਤੀ ਜਨ ਸੰਘ ਦੀ ਸਥਾਪਨਾ 21 ਅਕਤੂਬਰ 1951 ਨੂੰ ਦਿੱਲੀ ਵਿੱਚ ਹੋਈ ਸੀ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ 1920 ਵਿੱਚ ਹੋਂਦ ਵਿੱਚ ਆਇਆ ਸੀ। ਦੋਹਾਂ ਵਿੱਚ ਇੱਕ ਹੋਰ ਸਾਂਝ ਇਹ ਹੈ ਕਿ ਇਹ ਦੋਵੇਂ ਆਪੋ ਆਪਣੇ ਧਰਮ ਦੀ ਪ੍ਰਫੁਲਤਾ ਲਈ ਬਣੇ ਸਨ। ਬਾਅਦ ਵਿੱਚ ਦੋਵੇਂ ਸਿਆਸੀ ਪਾਰਟੀਆਂ ਬਣ ਗਈਆਂ। ਸ਼੍ਰੋਮਣੀ ਅਕਾਲੀ ਦਲ ਨੇ ਤਾਂ ਪਹਿਲੀਆਂ ਚੋਣਾਂ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ‘ਤੇ ਲੜੀਆਂ ਸੀ।
ਭਾਰਤੀ ਜਨ ਸੰਘ ਦਾ ਸੰਸਥਾਪਕ ਸਿਆਮਾ ਪ੍ਰਸਾਦ ਮੁਖਰਜੀ ਸੀ। ਇਹ ਪਾਰਟੀ ਰਾਸ਼ਟਰੀਆ ਸਵੈਮ ਸੇਵਕ ਸੰਘ ਦੀ ਸਹਾਇਤਾ ਨਾਲ ਬਣਾਈ ਗਈ ਸੀ, ਕਿਉਂਕਿ ਸਵੈਮ ਸੇਵਕ ਸੰਘ ਦਾ ਮੁੱਖੀ ਵੀ ਸਿਆਮਾ ਪ੍ਰਸਾਦ ਮੁਖਰਜੀ ਸੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਆਰ ਐਸ ਐਸ ਦੀ ਮਿੱਤਰ ਸਿਆਸੀ ਪਾਰਟੀ ਸੀ। ਆਰ ਐਸ ਐਸ ਦੇ ਵਰਕਰ ਹੀ ਭਾਰਤੀ ਜਨ ਸੰਘ ਦੇ ਮੈਂਬਰ ਬਣੇ ਸਨ। 26 ਸਾਲ ਭਾਰਤੀ ਜਨ ਸੰਘ ਨੇ ਇਕੱਲਿਆਂ ਮਿਹਨਤ ਕਰਕੇ ਆਪਣਾ ਸੰਗਠਨ ਬਣਾਇਆ, ਪ੍ਰੰਤੂ ਫਿਰ ਕਾਂਗਰਸ ਪਾਰਟੀ ਦਾ ਕੇਂਦਰ ਵਿੱਚ ਦਬਦਬਾ ਖ਼ਤਮ ਕਰਨ ਲਈ 1977 ਵਿੱਚ ਭਾਰਤੀ ਜਨ ਸੰਘ ਪਾਰਟੀ ਨੂੰ ਭੰਗ ਕਰ ਦਿੱਤਾ ਗਿਆ ਤੇ ਇਸਨੇ ਭਾਰਤ ਦੀਆਂ ਹੋਰ ਸਿਆਸੀ ਖੱਬੇ ਤੇ ਸੱਜੇ ਪੱਖੀ ਅਤੇ ਕੇਂਦਰੀ ਪਾਰਟੀਆਂ ਨਾਲ ਗੱਠਜੋੜ ਕਰ ਲਿਆ ਤੇ ਕੌਮੀ ਪੱਧਰ ‘ਤੇ ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ ਵਿੱਚ ‘ਜਨਤਾ ਪਾਰਟੀ’ ਦੀ ਸਥਾਪਨਾ ਕੀਤੀ ਸੀ। 1980 ਵਿੱਚ ਜਨਤਾ ਪਾਰਟੀ ਦਾ ਗੱਠਜੋੜ ਟੁੱਟ ਗਿਆ ਤਾਂ ਦੁਬਾਰਾ ਇਨ੍ਹਾਂ ਨੇ 1980 ਵਿੱਚ ਹੀ ਜਨ ਸੰਘ ਦੀ ਥਾਂ ਨਵੇਂ ਨਾਮ ‘ਭਾਰਤੀ ਜਨਤਾ ਪਾਰਟੀ’ ਦੀ ਸਥਾਪਨਾ ਕਰ ਲਈ ਸੀ। ਹੁਣ ਗੱਲ ਕਰਦੇ ਹਾਂ ਕਿ ਭਾਰਤੀ ਜਨ ਸੰਘ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਕਿਵੇਂ ਤੇ ਕਦੋਂ ਤਾਲਮੇਲ ਹੋਇਆ ਤੇ ਸਾਂਝ ਬਣੀ। ਸਭ ਤੋਂ ਪਹਿਲਾਂ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਪੈਪਸੂ ਵਿੱਚ ਪਹਿਲੀਆਂ ਚੋਣਾਂ 1952 ਵਿੱਚ ਹੋਈਆਂ ਸਨ, ਉਸ ਸਮੇਂ ਕਿਸੇ ਇੱਕ ਪਾਰਟੀ ਨੂੰ ਬਹੁਮੱਤ ਨਾ ਮਿਲਿਆ। ਹੋਰ ਸਿਆਸੀ ਪਾਰਟੀ ਤੋਂ ਸਹਿਯੋਗ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਦੀ ਤਜ਼ਵੀਜ ਬਣ ਗਈ। ਉਸ ਤਜ਼ਵੀਜ ਅਨੁਸਾਰ ਗਿਆਨ ਸਿੰਘ ਰਾੜੇਵਾਲਾ ਨੇ ਆਪਣੇ ਵਿਸ਼ਵਾਸ ਪਾਤਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿਦਿਆਰਥੀ ਨੇਤਾ ਤਰਲੋਚਨ ਸਿੰਘ ਨੂੰ ਭਾਰਤੀ ਜਨ ਸੰਘ ਦੇ ਮੁੱਖੀ ਸਿਆਮਾ ਪ੍ਰਸਾਦ ਮੁਖਰਜੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰਨ ਦੀ ਗੁਹਾਰ ਵਾਲੀ ਚਿੱਠੀ ਦੇ ਕੇ ਸੰਗਰੂਰ ਤੋਂ ਲੋਕ ਸਭਾ ਦੇ ਮੈਂਬਰ ਸਰਦਾਰ ਬਹਾਦਰ ਰਣਜੀਤ ਸਿੰਘ, ਜੋ ਬੀਬੀ ਨਿਰਲੇਪ ਕੌਰ ਸਪੁੱਤਰੀ ਗਿਆਨ ਸਿੰਘ ਰਾੜੇਵਾਲਾ ਦੇ ਸਹੁਰਾ ਸਨ ਅਤੇ ਸੁਚੇਤ ਸਿੰਘ ਲੋਕ ਸਭਾ ਮੈਂਬਰ ਕੋਲ ਦਿੱਲੀ ਭੇਜਿਆ। ਫਿਰ ਉਹ ਦੋਵੇਂ ਤੇ ਤਰਲੋਚਨ ਸਿੰਘ ਸਿਆਮਾ ਪ੍ਰਸਾਦ ਮੁਖਰਜੀ ਕੋਲ ਗਿਆਨ ਸਿੰਘ ਰਾੜੇਵਾਲਾ ਦੀ ਚਿੱਠੀ ਲੈ ਕੇ ਗਏ, ਕਿਉਂਕਿ ਭਾਰਤੀ ਜਨ ਸੰਘ ਪਾਰਟੀ ਦੇ ਦੋ ਵਿਧਾਇਕ ਰਾਓ ਕਾਹਨ ਸਿੰਘ ਜੋ ਮਹਿੰਦਰਗੜ੍ਹ ਅਤੇ ਓਂਕਾਰ ਸਿੰਘ ਕਾਨਿਆਨਾ ਤੋਂ ਪੈਪਸੂ ਦੀ ਵਿਧਾਨ ਸਭਾ ਲਈ ਵਿਧਾਇਕ ਚੁਣੇ ਗਏ ਸਨ। ਸਿਆਮਾ ਪ੍ਰਸਾਦ ਮੁਖਰਜੀ ਨੇ ਭਾਰਤੀ ਜਨ ਸੰਘ ਦੇ ਮੈਂਬਰਾਂ ਦੀ ਅਕਾਲੀ ਦਲ ਨੂੰ ਸਪੋਰਟ ਦੀ ਚਿੱਠੀ ਦੇ ਦਿੱਤੀ। ਫਿਰ ਭਾਰਤੀ ਜਨ ਸੰਘ ਪਾਰਟੀ ਦੇ ਦੋ ਵਿਧਾਇਕਾਂ ਦੀ ਸਪੋਰਟ ਨਾਲ ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਦੀ ਅਗਵਾਈ ਵਿੱਚ ਸਾਂਝੀ ਸਰਕਾਰ ਬਣੀ ਸੀ। ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਅਤੇ ਨਾਨ ਕਾਂਗਰਸ ਸਰਕਾਰ ਪੈਪਸੂ ਵਿੱਚ ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਦੀ ਅਗਵਾਈ ਵਿੱਚ ਬਣੀ ਸੀ। ਰਾਓ ਕਾਹਨ ਸਿੰਘ ਪੈਪਸੂ ਵਿਧਾਨ ਸਭਾ ਦਾ ਸਪੀਕਰ ਅਤੇ ਓਂਕਾਰ ਸਿੰਘ ਨੂੰ ਮੰਤਰੀ ਬਣਾਇਆ ਗਿਆ। ਭਾਰਤ ਦੀ ਕੇਂਦਰੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਇਹ ਸਰਕਾਰ 1953 ਵਿੱਚ ਭੰਗ ਕਰ ਦਿੱਤੀ। ਉਸਤੋਂ ਬਾਅਦ ਦੂਜੀ ਵਾਰ 1967 ਵਿੱਚ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨ ਸੰਘ ਪਾਰਟੀ ਦੀ ਸਾਂਝੀ ਸਰਕਾਰ ਬਣੀ ਸੀ, ਜਿਸ ਵਿੱਚ ਜਨ ਸੰਘ ਦੇ ਦੋ ਮੰਤਰੀ ਬਲਰਾਮਜੀ ਦਾਸ ਟੰਡਨ ਅਤੇ ਕਿ੍ਰਸ਼ਨ ਲਾਲ ਵੀ ਸ਼ਾਮਲ ਸਨ। ਇਹ ਸਰਕਾਰ ਅੰਮਿ੍ਰਤਸਰ ਸਾਹਿਬ ਵਿੱਖੇ ਭਾਰਤੀ ਜਨ ਸੰਘ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਦੇ ਵਿਰੋਧ ਕਰਕੇ ਭਾਰਤੀ ਜਨ ਸੰਘ ਸਰਕਾਰ ਵਿੱਚੋਂ ਅਸਤੀਫ਼ਾ ਦੇ ਕੇ ਨਿਕਲ ਗਿਆ ਸੀ। ਬਿਲਕੁਲ ਇਸੇ ਤਰ੍ਹਾਂ ਤੀਜੀ ਵਾਰ 1970 ਵਿੱਚ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਵੀ ਭਾਰਤੀ ਜਨ ਸੰਘ ਪਾਰਟੀ ਵੀ ਸਾਂਝੀ ਸਰਕਾਰ ਵਿੱਚ ਸ਼ਾਮਲ ਹੋ ਗਈ ਸੀ। 1978 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਕਿਸਮ ਨਾਲ ਮੋਗਾ ਵਿਖੇ ਕਾਨਫਰੰਸ ਕਰਕੇ ਇਸਨੂੰ ਪੰਜਾਬੀ ਪਾਰਟੀ ਹੀ ਬਣਾ ਲਿਆ। ਫਿਰ ਸ਼੍ਰੋਮਣੀ ਅਕਾਲੀ ਦਲ ਵਿੱਚ ਹਿੰਦੂ ਅਤੇ ਹੋਰ ਘੱਟ ਗਿਣਤੀਆਂ ਵੀ ਸ਼ਾਮਲ ਹੋ ਕੇ ਪਾਰਟੀ ਦੇ ਅਹੁਦੇਦਾਰ, ਵਿਧਾਇਕ ਅਤੇ ਮੰਤਰੀ ਬਣਨ ਲੱਗ ਗਏ ਸਨ। ਪੰਜਾਬ ਦੇ ਕਾਲੇ ਦੌਰ ਦਰਮਿਆਨ ਚੋਣਾਂ ਨਾ ਹੋਣ ਕਰਕੇ ਲੰਬਾ ਸਮਾਂ ਰਾਸ਼ਟਰਪਤੀ ਰਾਜ ਰਿਹਾ। ਇਸ ਕਰਕੇ 1970 ਤੋਂ 27 ਸਾਲ ਬਾਅਦ 1997 ਵਿੱਚ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਫਿਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਬਣੀ ਸੀ। 1997 ਤੋਂ ਬਾਅਦ ਤਾਂ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਬਣਨ ਵਾਲੀ ਹਰ ਸਰਕਾਰ ਵਿੱਚ ਭਾਰਤੀ ਜਨਤਾ ਪਾਰਟੀ ਸ਼ਾਮਲ ਹੁੰਦੀ ਰਹੀ ਹੈ। ਇਸਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ 1998 ਵਿਚ ਪਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਨੂੰ ਭਰੋਸੇ ਵਿੱਚ ਲੈਣ ਤੋਂ ਬਿਨਾ ਹੀ ਬਿਨਾ ਸ਼ਰਤ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਸ੍ਰੀ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਦੀ ਸਰਕਾਰ ਨੂੰ ਸਪੋਰਟ ਦੇਣ ਦਾ ਐਲਾਨ ਕਰ ਦਿੱਤਾ। ਇਥੇ ਪਰਕਾਸ਼ ਸਿੰਘ ਬਾਦਲ ਦੀ ਮਨਮਾਨੀ ਅਤੇ ਦੂਰਅੰਦੇਸ਼ੀ ਦਾ ਪ੍ਰਗਟਾਵਾ ਹੁੰਦਾ ਹੈ, ਕਿਉਂਕਿ ਉਸਨੇ ਮਹਿਸੂਸ ਕਰ ਲਿਆ ਸੀ ਕਿ ਸਾਂਝ ਤੋਂ ਬਿਨਾ ਸਰਕਾਰ ਬਣਾਉਣਾ ਅਸੰਭਵ ਹੋਵੇਗਾ। ਬਸ ਫਿਰ ਇਸ ਤੋਂ ਬਾਅਦ ਤਾਂ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸਾਂਝੀਆਂ ਪੰਜਾਬ ਅਤੇ ਕੇਂਦਰ ਵਿੱਚ ਸਰਕਾਰਾਂ ਬਣਦੀਆਂ ਆ ਰਹੀਆਂ ਹਨ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਭਾਈਵਾਲ ਰਿਹਾ। ਸ੍ਰੀ ਨਰਿੰਦਰ ਮੋਦੀ ਤਾਂ ਮਰਹੂਮ ਪਰਕਾਸ਼ ਸਿੰਘ ਬਾਦਲ ਦੇ ਪੈਰ ਛੂੰਹਦਾ ਰਿਹਾ ਹੈ। ਪਰਕਾਸ਼ ਸਿੰਘ ਬਾਦਲ ਤਾਂ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦਾ ਨਹੁੰ ਮਾਸ ਦਾ ਰਿਸ਼ਤਾ ਕਹਿੰਦੇ ਸਨ, ਪ੍ਰੰਤੂ ਉਨ੍ਹਾਂ ਦੀ ਜ਼ਿੰਦਗੀ ਦੇ ਆਖਰੀ ਸਮੇਂ ਹੀ ਭਾਰਤੀ ਜਨਤਾ ਪਾਰਟੀ ਨਾਲੋਂ ਅਕਾਲੀ ਦਲ ਨੇ ਨਾਤਾ ਤੋੜ ਲਿਆ ਸੀ। ਭਾਰਤੀ ਜਨਤਾ ਪਾਰਟੀ ਵੱਲੋਂ ਤਿੰਨ ਖੇਤੀ ਕਾਨੂੰਨ ਬਣਾਉਣ ਦੇ ਮੁੱਦੇ ‘ਤੇ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਦੀ ਵਕਾਲਤ ਕੀਤੀ ਸੀ, ਪ੍ਰੰਤੂ ਪੰਜਾਬ ਦੀ ਕਿਸਾਨੀ ਅਤੇ ਆਮ ਲੋਕਾਂ ਵੱਲੋਂ ਵਿਰੋਧ ਕਰਨ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਚਾਹੁੰਦਿਆਂ ਵੀ ਮਜ਼ਬੂਰੀ ਬਸ ਭਾਰਤੀ ਜਨਤਾ ਪਾਰਟੀ ਤੋਂ ਕਿਨਾਰਾ ਕਰਨਾ ਪਿਆ ਸੀ। ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਉਸਤੋਂ ਬਾਅਦ ਚੋਣ ਸਮਝੌਤਾ ਨਹੀਂ ਹੋਇਆ। ਦੋਹਾਂ ਪਾਰਟੀਆਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਇਕੱਲਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਕਦੀਂ ਵੀ ਸਰਕਾਰ ਨਹੀਂ ਬਣਾ ਸਕਣਗੀਆਂ। ਲਗਪਗ ਹਰ ਵਾਰ ਭਾਰਤੀ ਜਨਤਾ ਪਾਰਟੀ (ਭਾਰਤੀ ਜਨ ਸੰਘ) ਦੀ ਸਪੋਰਟ ਲੈਣੀ ਪੈਂਦੀ ਰਹੀ ਹੈ ਤੇ ਹੁਣ ਅਗਲੀਆਂ ਫਰਵਰੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਰਲਮਿਲਕੇ ਚੋਣ ਲੜਨ ਤੋਂ ਬਿਨਾ ਸਰਕਾਰ ਬਣਾਉਣੀ ਅਸੰਭਵ ਹੈ। ਇਸ ਲਈ ਇਹ ਸੋਚਣਾ ਕਿ ਇਹ ਪਾਰਟੀਆਂ ਸਮਝੌਤਾ ਨਹੀਂ ਕਰਨਗੀਆਂ ਸਹੀ ਵਿਚਾਰ ਨਹੀਂ ਹਨ। ਜੇਕਰ ਇਨ੍ਹਾਂ ਨੇ ਪੰਜਾਬ ਵਿੱਚ ਸਰਕਾਰ ਬਣਾਉਣੀ ਹੈ ਤਾਂ ਸਮਝੌਤਾ ਕਰਨਾ ਪਵੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.