ਚੰਨੀ ਨੂੰ ਮਿਲੇਗਾ ‘ਸੰਸਦ ਰਤਨ ਐਵਾਰਡ’! ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਬਾਰੇ ਸੰਸਦੀ ਸਥਾਈ ਕਮੇਟੀ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮਿਲੇਗਾ ਇਹ ਸਨਮਾਨ
Babushahi Network
ਚੰਡੀਗੜ੍ਹ, 6 ਸਤੰਬਰ 2026: ਪਾਰਲੀਮੈਂਟ ਦੀ ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਬਾਰੇ ਸਥਾਈ ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ & MP ਚਰਨਜੀਤ ਸਿੰਘ ਚੰਨੀ ਨੂੰ ‘ਸੰਸਦ ਰਤਨ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਐਵਾਰਡ ਉਨ੍ਹਾਂ ਦੀ ਅਗਵਾਈ ਵਾਲੀ ਸੰਸਦੀ ਸਥਾਈ ਕਮੇਟੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਦਿੱਤਾ ਜਾ ਰਿਹਾ ਹੈ। MP ਚੰਨੀ ਨੂੰ ਪਿਛਲੇ ਸਾਲ ਵੀ ਸੰਸਦ ਰਤਨ ਐਵਾਰਡ ਮਿਲਿਆ ਸੀ, ਪਰ ਉਹ ਐਵਾਰਡ ਉਨ੍ਹਾਂ ਦੀ ਲੋਕ ਸਭਾ ਵਿੱਚ ਵਿਅਕਤੀਗਤ ਜੋ ਕਾਰਗੁਜ਼ਾਰੀ ਸੀ, ਉਸ ਆਧਾਰ 'ਤੇ ਮਿਲਿਆ ਸੀ।
ਚਰਨਜੀਤ ਸਿੰਘ ਚੰਨੀ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਸਦ ਨਾਲ ਜੁੜੀਆਂ ਵੱਖ-ਵੱਖ ਸਥਾਈ ਕਮੇਟੀਆਂ ਦੇ ਕੰਮਕਾਜ ਅਤੇ ਪ੍ਰਦਰਸ਼ਨ ਨੂੰ ਲੈ ਕੇ ਮੁਕਾਬਲੇ ਕਰਵਾਏ ਗਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਉਨ੍ਹਾਂ ਦੀ ਅਗਵਾਈ ਵਾਲੀ ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਬਾਰੇ ਸਥਾਈ ਕਮੇਟੀ ਪਹਿਲੇ ਸਥਾਨ ’ਤੇ ਰਹੀ। ਇਸੇ ਪ੍ਰਾਪਤੀ ਦੇ ਤਹਿਤ ਕਮੇਟੀ ਦੇ ਚੇਅਰਮੈਨ ਵਜੋਂ ਉਨ੍ਹਾਂ ਨੂੰ ਇਹ ਵੱਕਾਰੀ ਸਨਮਾਨ ਮਿਲ ਰਿਹਾ ਹੈ।
ਚੰਨੀ ਨੇ ਕਿਹਾ ਕਿ ਸੰਸਦੀ ਕਮੇਟੀਆਂ ਦਾ ਕੰਮ ਦੇਸ਼ ਦੀਆਂ ਨੀਤੀਆਂ ਅਤੇ ਲੋਕਾਂ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ’ਤੇ ਵਿਚਾਰ-ਵਟਾਂਦਰੇ ਲਈ ਬੇਹੱਦ ਅਹਿਮ ਹੁੰਦਾ ਹੈ। ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਵਰਗੇ ਖੇਤਰ ਸਿੱਧੇ ਤੌਰ ’ਤੇ ਕਿਸਾਨਾਂ, ਪਸ਼ੂ ਪਾਲਕਾਂ ਅਤੇ ਪੇਂਡੂ ਅਰਥਵਿਵਸਥਾ ਨਾਲ ਜੁੜੇ ਹੋਏ ਹਨ। ਅਜਿਹੇ ਵਿੱਚ ਇਸ ਕਮੇਟੀ ਦਾ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਨਾ ਇੱਕ ਮਹੱਤਵਪੂਰਨ ਉਪਲਬਧੀ ਮੰਨੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਸਨਮਾਨ ਸਿਰਫ਼ ਉਨ੍ਹਾਂ ਦਾ ਨਿੱਜੀ ਸਨਮਾਨ ਨਹੀਂ, ਸਗੋਂ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਇਸ ਨਾਲ ਜੁੜੇ ਸਾਰੇ ਲੋਕਾਂ ਦੀ ਸਾਂਝੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੇ ਮੈਂਬਰਾਂ ਵੱਲੋਂ ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਨਾਲ ਸਬੰਧਤ ਮੁੱਦਿਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਅਤੇ ਇਨ੍ਹਾਂ ਖੇਤਰਾਂ ਨਾਲ ਜੁੜੀਆਂ ਚੁਣੌਤੀਆਂ ਨੂੰ ਸੰਸਦੀ ਪੱਧਰ ’ਤੇ ਉਠਾਉਣ ਲਈ ਕੰਮ ਕੀਤਾ ਗਿਆ।
‘ਸੰਸਦ ਰਤਨ ਐਵਾਰਡ’ ਲਈ ਚੁਣੇ ਜਾਣ ’ਤੇ ਚੰਨੀ ਨੇ ਕਿਹਾ ਕਿ ਉਹ ਇਸ ਸਨਮਾਨ ਨੂੰ ਮਾਣ ਦੇ ਨਾਲ-ਨਾਲ ਇੱਕ ਵੱਡੀ ਜ਼ਿੰਮੇਵਾਰੀ ਵਜੋਂ ਵੀ ਦੇਖਦੇ ਹਨ। ਉਨ੍ਹਾਂ ਕਿਹਾ ਕਿ ਸੰਸਦੀ ਕਮੇਟੀ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਅਤੇ ਕਿਸਾਨਾਂ ਤੇ ਪੇਂਡੂ ਖੇਤਰਾਂ ਨਾਲ ਸਬੰਧਤ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਲਈ ਯਤਨ ਜਾਰੀ ਰਹਿਣਗੇ।
- Download Babushahi App
-
-