ਕਿਸਾਨ ਮੋਰਚੇ ਵਿੱਚ ਕਿਸਾਨ ਆਗੂਆਂ ਵੱਲੋਂ ਸਰਕਾਰਾਂ ਨੂੰ ਪਾਣੀਆਂ ਦਾ ਮਸਲਾ ਵਿਵਾਦਿਤ ਨਾ ਬਣਾਉਣ ਦੀ ਨਸੀਹਤ
ਅਸ਼ੋਕ ਵਰਮਾ
ਬਠਿੰਡਾ, 8 ਸਤੰਬਰ 2026 : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਠਿੰਡਾ ਵਿਖੇ ਚੱਲ ਰਹੇ ਪੱਕੇ ਮੋਰਚੇ ਦੇ ਅੱਜ ਦਸਵੇਂ ਦਿਨ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਸਰਕਾਰਾਂ ਨੂੰ ਪਾਣੀਆਂ ਨੇ ਮੁੱਦੇ ਨੂੰ ਵਿਵਾਦਿਤ ਨਾ ਬਣਾ ਕੇ ਇਸ ਨੂੰ ਭਾਈਚਾਰਕ ਸਾਂਝ ਕਾਇਮ ਰੱਖਕੇ ਦੇਸ਼ ਦੇ ਰਿਪੇਰੀਅਨ ਅਤੇ ਬੇਸਨ ਸਿਧਾਂਤਾਂ ਮੁਤਾਬਿਕ ਮਿਲ ਬੈਠ ਕੇ ਪਾਣੀਆਂ ਦੇ ਨਿਰਪੱਖ ਉੱਚ ਮਾਹਿਰਾਂ ਦੀ ਕਮੇਟੀ ਰਾਹੀ ਹੱਲ ਕਰਨ ਦੀ ਨਸੀਹਤ ਦਿੱਤੀ । ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪਾਣੀ ਦੀ ਹੋ ਰਹੀ ਦੁਰਵਰਤੋਂ ਅਤੇ ਪ੍ਰਦੂਸ਼ਣ ਨੂੰ ਰੋਕਿਆ ਜਾਵੇ, ਦਰਿਆਵਾਂ ਦੇ ਅਤੇ ਹੋਰ ਅਣ ਵਰਤੇ ਪਾਣੀ ਨੂੰ ਸੰਭਾਲ ਕੇ ਖੇਤੀ ਅਤੇ ਹੋਰ ਕੰਮਾਂ ਲਈ ਵਰਤਿਆ ਜਾਵੇ। ਉਹਨਾਂ ਕਿਹਾ ਕਿ ਕੁਦਰਤ ਦੀ ਇਸ ਅਨਮੋਲ ਦਾਤ ਨੂੰ ਵਪਾਰਕ ਵਸਤੂ ਦੇ ਤੌਰ ਤੇ ਵਰਤ ਕੇ ਸੰਸਾਰ ਬੈਂਕ ਜਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀਆਂ ਕੋਸਿਸਾਂ ਰੱਦ ਕੀਤੀਆਂ ਜਾਣ, ਡੈਮਾਂ ਵਿੱਚੋ ਗਾਰ ਕੱਢ ਕੇ ਪਾਣੀ ਭੰਡਾਰਨ ਦੀ ਸਮਰੱਥਾ ਪੂਰੀ ਕੀਤੀ ਜਾਵੇ ਤਾਂ ਜੋ ਹੜਾਂ ਤੋਂ ਵੀ ਬਚਿਆ ਅਤੇ ਲੋੜ ਪੈਣ ਤੇ ਇਹ ਪਾਣੀ ਵਰਤਿਆ ਜਾ ਸਕੇ।
ਕਿਸਾਨ ਆਗੂ ਨੇ ਇਹ ਵੀ ਮੰਗ ਕੀਤੀ ਕਿ ਬਰਸਾਤਾਂ, ਹੜਾਂ ਜਾਂ ਨਹਿਰਾਂ ਦੇ ਵਾਧੂ ਪਾਣੀ ਨੂੰ ਰੀਚਾਰਜ ਕਰਕੇ ਧਰਤੀ ਵਿੱਚ ਪਾਇਆ ਜਾਵੇ, ਆਪਣੇ ਮੁਨਾਫੇ ਲਈ ਪਾਣੀ ਦੀ ਵਾਧੂ ਵਰਤੋਂ ਕਰਨ ਵਾਲੀਆਂ ਅਤੇ ਪਰਦੂਸਿਤ ਕਰਨ ਵਾਲੀਆਂ ਕੰਪਨੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਅੱਜ ਦੇ ਇਕੱਠ ਨੇ 9 ਸਤੰਬਰ ਨੂੰ 'ਪਾਸ ਹੰਸ ਯਾਦਗਾਰੀ ਕਮੇਟੀ" ਵੱਲੋਂ ਅਵਤਾਰ ਪਾਸ ਦੇ ਤਲਵੰਡੀ ਸਲੇਮ ਵਿਖੇ ਮਨਾਏ ਜਾ ਰਹੇ ਜਨਮ ਦਿਹਾੜੇ ਮੌਕੇ ਤਿਆਰੀ ਕਰਦਿਆਂ ਤੇ ਮਜਦੂਰ ਆਗੂ ਹਰਮੇਸ਼ ਮਾਲੜੀ 'ਤੇ ਪਿੰਡ ਦੇ ਸਰਪੰਚ ਵੱਲੋਂ ਕੀਤੇ ਹਮਲੇ, ਗਾਲਾਂ ਕੱਢਣ ਅਤੇ ਜਾਤੀ ਸੂਚਕ ਬੋਲਣ ਖਿਲਾਫ ਬਣਦੀ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਸਮੂਹ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ 9 ਸਤੰਬਰ ਨੂੰ ਜਨਮ ਦਿਹਾੜੇ ਮੌਕੇ ਤਲਵੰਡੀ ਸਲੇਮ ਵਿਖੇ ਹੋ ਰਹੇ ਇਕੱਠ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਅੱਜ ਦੇ ਇਕੱਠ ਨੂੰ ਜਗਦੇਵ ਸਿੰਘ ਜੋਗੇਵਾਲਾ, ਅਮਨ ਸਿੰਘ ਚੌਕੇ, ਹਰਪ੍ਰੀਤ ਸਿੰਘ ਚੱਠੇਵਾਲਾ, ਗੁਲਾਬ ਸਿੰਘ ਜਿਉਂਦ ਨੇ ਵੀ ਸੰਬੋਧਨ ਕੀਤਾ।
- Download Babushahi App
-
-