ਅੰਮ੍ਰਿਤਸਰ ਏਅਰਪੋਰਟ ਰਡਾਰ ਉੱਤੇ’ ਡ੍ਰੋਨ ਦੀ ਸ਼ੱਕੀ ਗਤੀਵਿਧੀ, FIR ਦਰਜ
ਏਅਰਪੋਰਟ ਅਥੋਰਟੀ ਦੇ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂਪੁਲਿਸ ਵੱਲੋਂ FIR ਦਰਜ
ਕੁਲਵਿੰਦਰ ਸਿੰਘ
ਅੰਮ੍ਰਿਤਸਰ 07 ਸਤੰਬਰ
ਅੰਮ੍ਰਿਤਸਰ ਏਅਰਪੋਰਟ ’ਤੇ ਸ਼ੱਕੀ ਡ੍ਰੋਨ ਦੀ ਗਤੀਵਿਧੀ ਨਾਲ ਹੜਕੰਪ ਮਚ ਗਿਆ। ਐਤਵਾਰ ਦੇਰ ਰਾਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਓਪਰੇਸ਼ਨਲ ਏਰੀਏ ਵਿੱਚ ਡ੍ਰੋਨ ਜਾਂ ਯੂ.ਏ.ਵੀ. ਵਰਗੀ ਗਤੀਵਿਧੀ ਨਜ਼ਰ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਅਲਰਟ ਕੀਤਾ ਗਿਆ। ਸੁਰੱਖਿਆ ਦੇ ਮੱਦੇਨਜ਼ਰ ਅੰਮ੍ਰਿਤਸਰ ਆਉਣ ਵਾਲੀਆਂ ਕੁਝ ਉਡਾਣਾਂ ਨੂੰ ਦਿੱਲੀ ਅਤੇ ਚੰਡੀਗੜ੍ਹ ਵੱਲ ਡਾਇਵਰਟ ਵੀ ਕੀਤਾ ਗਿਆ। ਏਅਰਪੋਰਟ ਅਥਾਰਟੀ ਵੱਲੋਂ ਇਸ ਸਬੰਧੀ ਪੁਲਿਸ ਨੂੰ ਲਿਖਤੀ ਐਪਲੀਕੇਸ਼ਨ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਵਿੱਚ FIR ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਅੰਮ੍ਰਿਤਸਰ ਦਿਹਾਤੀ ਦੇ ਐਸ.ਪੀ. ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਏਅਰਪੋਰਟ ਅਥਾਰਟੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਵਿੱਚ ਰਾਤ ਸਮੇਂ ਡ੍ਰੋਨ ਜਾਂ UAV ਦੀ ਗਤੀਵਿਧੀ ਰਡਾਰ ਅਤੇ ਹੋਰ ਸਾਧਨਾਂ ਰਾਹੀਂ ਨੋਟਿਸ ਵਿੱਚ ਆਉਣ ਦੀ ਗੱਲ ਕਹੀ ਗਈ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ FIR ਦਰਜ ਕੀਤੀ ਗਈ ਹੈ ਅਤੇ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਏਅਰਪੋਰਟ ਦੇ ਆਸ-ਪਾਸ ਦੇ ਇੱਕ ਪਿੰਡ ਵਿੱਚ ਕਬੱਡੀ ਦਾ ਟੂਰਨਾਮੈਂਟ ਚੱਲ ਰਿਹਾ ਸੀ। ਹਾਲਾਂਕਿ ਪੁਲਿਸ ਇਸ ਐਂਗਲ ਨੂੰ ਵੀ ਬਾਰੀਕੀ ਨਾਲ ਵੇਖ ਰਹੀ ਹੈ, ਕਿਉਂਕਿ ਟੂਰਨਾਮੈਂਟ ਆਮ ਤੌਰ ’ਤੇ ਸ਼ਾਮ ਜਾਂ ਕਰੀਬ 6 ਵਜੇ ਤੱਕ ਖ਼ਤਮ ਹੋ ਜਾਂਦਾ ਹੈ, ਜਦਕਿ ਸ਼ੱਕੀ ਡ੍ਰੋਨ ਦੀ ਗਤੀਵਿਧੀ ਰਾਤ 9 ਤੋਂ 10 ਵਜੇ ਦੇ ਵਿਚਕਾਰ ਸਾਹਮਣੇ ਆਉਣ ਦੀ ਜਾਣਕਾਰੀ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਵਿਆਹ-ਸ਼ਾਦੀਆਂ, ਸਮਾਗਮਾਂ ਜਾਂ ਕਿਸੇ ਹੋਰ ਗਤੀਵਿਧੀ ਦੇ ਐਂਗਲ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਇਹ ਗਤੀਵਿਧੀ ਕਿਸ ਮਕਸਦ ਨਾਲ ਹੋਈ ਅਤੇ ਕੀ ਇਸ ਨਾਲ ਕਿਸੇ ਤਰ੍ਹਾਂ ਦੀ Threat Perception ਜੁੜੀ ਹੋਈ ਹੈ ਜਾਂ ਨਹੀਂ। ਅੰਮ੍ਰਿਤਸਰ ਸਰਹੱਦੀ ਜ਼ਿਲ੍ਹਾ ਹੋਣ ਕਾਰਨ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ CISF, ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਵੀ ਪੂਰੀ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਏਅਰਪੋਰਟ ਅਥਾਰਟੀ ਅਤੇ ਪੁਲਿਸ ਵਿਚਕਾਰ ਹੋਈ ਮੀਟਿੰਗ ਵਿੱਚ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਡ੍ਰੋਨ ਸਬੰਧੀ ਜਾਗਰੂਕ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪਿੰਡਾਂ ਵਿੱਚ ਲੋਕਾਂ ਨੂੰ ਹਦਾਇਤ ਕੀਤੀ ਜਾਵੇਗੀ ਕਿ ਏਅਰਪੋਰਟ ਦੇ ਨੇੜੇ ਕਿਸੇ ਵੀ ਸਮਾਗਮ, ਵਿਆਹ ਜਾਂ ਹੋਰ ਫੰਕਸ਼ਨ ਦੌਰਾਨ ਡ੍ਰੋਨ ਉਡਾਉਣ ਤੋਂ ਪਹਿਲਾਂ ਏਅਰਪੋਰਟ ਅਥਾਰਟੀ ਅਤੇ ਸਬੰਧਤ ਵਿਭਾਗਾਂ ਤੋਂ ਲਿਖਤੀ ਮਨਜ਼ੂਰੀ ਲੈਣੀ ਲਾਜ਼ਮੀ ਹੈ। ਪੁਲਿਸ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਏਅਰਪੋਰਟ ਨੇੜੇ ਨਜ਼ਰ ਆਈ ਡ੍ਰੋਨ ਵਰਗੀ ਗਤੀਵਿਧੀ ਅਸਲ ਵਿੱਚ ਕੀ ਸੀ ਅਤੇ ਇਸ ਦੇ ਪਿੱਛੇ ਕਿਸ ਦੀ ਭੂਮਿਕਾ ਸੀ।
- Download Babushahi App
-
-