ਨਾਂਦੇੜ ਸਾਹਿਬ, 8 ਅਕਤੂਬਰ : ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਦੁਸ਼ਹਿਰਾ ਰਵਾਇਤੀ ਸ਼ਰਧਾ ਤੇ ਉਤਸ਼ਾਹ ਨਾਲ ਮਲਾਇਆ ਗਿਆ। ਪੰਜਾਬ, ਹਰਿਆਣਾ, ਦਿੱਲੀ, ਇੰਦੌਰ, ਮੁੰਬਈ, ਪੂਣੇ, ਹੈਦਰਾਬਾਦ ਸਮੇਤ ਵੱਖ ਵੱਖ ਸ਼ਹਿਰਾਂ ਤੋਂ ਆਏ ਸ਼ਰਧਾਲੂਆਂ ਨੇ ਇਥੇ ਦਾ ਆਨੰਦ ਮਾਣਿਆ। ਪੰਜਾਬ ਤੋਂ ਉਚੇਚੇ ਤੌਰ 'ਤੇ ਪਹੁੰਚੇ ਨਿਹੰਗ ਸਿੰਘਾਂ ਦੇ ਜੱਥਿਆਂ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕਰ ਕੇ ਵਿਸ਼ੇਸ਼ ਜੌਹਰ ਵਿਖਾਏ।
ਦੁਸ਼ਹਿਰੇ ਮੌਕੇ ਸਵੇਰੇ ਦੋ ਵਜੇ ਤੋਂ ਹੀ ਸ਼ਰਧਾਲੂ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਵਾਸਤੇ ਪੁੱਜ ਗਏ ਸਨ। ਗੁਰਦੁਆਰਾ ਸਾਹਿਬ ਦੀ ਸਮੁੱਚੀ ਇਮਾਰਤ ਨੂੰ ਰੰਗੇ ਬਿਰੰਗੇ ਵਿਦੇਸ਼ਾਂ ਤੋਂ ਮੰਗਵਾਏ ਫੁੱਲਾਂ ਨਾਲ ਸਜਾਇਆ ਗਿਆ ਸੀ। ਸਵੇਰੇ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਠ ਅਤੇ ਕੀਰਤਨ ਸਵਰਦ ਕੀਤਾ। ਉਥੇ ਹੀ ਦੁਸ਼ਹਿਰੇ ਦੇ ਤਿਓਹਾਰ ਦੇ ਸਬੰਧ ਵਿਚ ਇਤਿਹਾਸਕ ਕਥਾ ਕੀਤੀ ਗਈ।
ਜਥੇਦਾਰ ਗਿਆਨ ਕੁਲਵੰਤ ਸਿੰਘ ਜੀ, ਮੀਤ ਜਥੇਦਾਰ ਬਾਬਾ ਜਯੋਤਿਰਦਰ ਸਿੰਘਜੀ, ਹੈਡਗ੍ਰੰਥੀ ਗਿਆਨੀ ਕਸ਼ਮੀਰ ਸਿੰਘ, ਮੀਤ ਗ੍ਰੰਥੀ ਭਾਈ ਅਵਤਾਰ ਸਿੰਘ ਸ਼ੀਤਲ, ਭਾਈ ਰਾਮ ਸਿੰਘ ਅਤੇ ਧਾਰਮਿਕ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਇਸ ਮੌਕੇ ਹਾਜ਼ਰੀ ਲੁਆਈ।
ਦੁਪਹਿਰ ਬਾਅਦ 4 ਵਜੇ ਰਵਾਇਤੀ ਨਗਰ ਕੀਰਤਨ ਆਰੰਭ ਹੋਇਆ। ਨਗਰ ਕੀਰਤਨ ਵਿਚ ਨਿਸ਼ਾਨ ਸਾਹਿਬ, ਕੀਰਤਨੀ ਜੱਥੇ, ਗਤਕਾ ਜੱਥ, ਘੋੜੇ, ਬੈਂਡ ਵਾਜਾ ਗਰੁੱਪ ਸਮੇਤ ਵੱਡੀ ਗਿਣਤੀ ਵਿਚ ਸੰਗਤ ਸ਼ਾਮਲ ਸੀ। ਇਸ ਨਗਰ ਕੀਰਤਨ ਦੀ ਗਿਆਨੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਪੰਜ ਪਿਆਰਿਆਂ ਨੇ ਅਗਵਾਈ ਕੀਤੀ। ਇਸ ਮੌਕੇ ਬਲਵਿੰਦਰ ਸਿੰਘ ਕਾਰ ਸੇਵਾ ਵਾਲੇ, ਸੰਤ ਬਾਬਾ ਪ੍ਰੇਮ ਸਿੰਘ ਜੀ, ਗੁਰਦੇਵ ਸਿੰਘ, ਅਵਤਾਰ ਸਿੰਘ, ਗੁਚਰਨ ਸਿੰਘ, ਬਾਬਾ ਬਲਬੀਰ ਸਿੰਘ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਇਹ ਨਗਰ ਕੀਰਤਨ ਗੁਰਦੁਆਰਾ ਮੁੱਖ ਡਿਊੜੀ ਤੋਂ ਹੁੰਦੇ ਹੋਏ ਗੁਰਦੁਆਰਾ ਮੁੱਖ ਮਾਰਗ, ਗੁਰਦੁਆਰਾ ਚੌਰਾਹਾ, ਮਹਾਂਵੀਰ ਚੌਕ, ਹੱਲਾ ਬੋਲ ਚੌਂਕ ਹੁੰਦਾ ਹੋਇਆ ਸ਼ਾਮ 8 ਵਜੇ ਦੇਕਰੀਬ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਸੰਗਤ ਨੇ ਜੈਕਾਰਿਆਂ ਨੇ ਸਾਰਾ ਮਾਹੌਲ ਖਾਲਸਈ ਰੰਗ ਵਿਚ ਰੰਗ ਦਿੱਤਾ।