Babushahi Special- ਕੇਹੀਆਂ ਖੇਡਾਂ ਨੇ ਕਰਤਾਰ ਦੀਆਂ, ਇਹੀ ਲੱਕੜਾਂ ਧੀ ਦੀ ਡੋਲੀ ਤੋਰਨ ਤੇ ਇਹੋ ਪਿਤਾ ਨੂੰ ਸਾੜਦੀਆਂ
ਅਸ਼ੋਕ ਵਰਮਾ
ਬਠਿੰਡਾ, 25 ਨਵੰਬਰ 2026: ਇਸ ਨੂੰ ਭਾਰਤੀ ਸਮਾਜ ਲਈ ਹੱਦ ਦਰਜੇ ਦਾ ਦੁਖਦਾਈ ਵਰਤਾਰਾ ਹੀ ਕਿਹਾ ਜਾ ਸਕਦਾ ਹੈ ਕਿ ਇੱਕ ਪ੍ਰੀਵਾਰ ਨੇ ਕਦੀ ਸੁਪਨੇ ਵਿੱਚ ਵੀ ਸੋਚਿਆ ਹੋਣਾ ਕਿ ਜਿਸ ਧੀਅ ਦੇ ਵਿਆਹ ਦੌਰਾਨ ਫੇਰਿਆਂ ਲਈ ਲੱਕੜੀਆਂ ਲਿਜਾ ਰਿਹਾ ਹੈ , ਉਸ ਨੂੰ ਉਸੇ ਲੜਕੀ ਦੇ ਪਿਤਾ ਦਾ ਅੰਤਿਮ ਸਸਕਾਰ ਕਰਨ ਵਾਸਤੇ ਲੱਕੜਾਂ ਲਿਜਾਣੀਆਂ ਪੈਣਗੀਆਂ। ਇਹ ਤਲਖ ਹਕੀਕਤ ਉਦੇਪੁਰ ਜਿਲ੍ਹੇ ਦੀ ਹੈ ਜਿੱਥੇ ਆਪਣੀ ਧੀਅ ਨੂੰ ਵਿਦਾ ਕਰਨ ਦੀ ਖੁਸ਼ੀ ’ਚ ਨੱਚ ਰਹੇ ਪਿਤਾ ਦੀ ਤਬੀਅਤ ਵਿਗੜਨ ਕਾਰਨ ਮੌਤ ਹੋ ਗਈ। ਸ਼ੰਕਰ ਲਾਲ ਮੇਘਵਾਲ ਨਾਮੀ ਵਿਅਕਤੀ ਦੀ ਮੌਤ ਦਾ ਮਾਮਲਾ ਅਤੇ ਨੱਚਦੇ ਦੀ ਤਸਵੀਰ ਸਮੇਤ ਸੋਸ਼ਲ ਮੀਡੀਆ ’ਤੇ ਵਾਇਰਲ ਖਬਰ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕ ਵੀ ਆਪਣੇ ਕੁਮੈਂਟਾਂ ’ਚ ਇੱਕ ਹੱਸਦੇ ਵੱਸਦੇ ਵਿਅਕਤੀ ਨੂੰ ਹੋਣੀ ਵੱਲੋਂ ਇੰਜ ਘੇਰਨ ’ਤੇ ਦੁੱਖ ਪ੍ਰਗਟ ਕਰ ਰਹੇ ਹਨ।
ਹਿੰਦੀ ਦੈਨਿਕ ਭਾਸਕਰ ’ਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਦਿਲਾਂ ਨੂੰ ਝੰਜੋੜਨ ਵਾਲਾ ਇਹ ਮਾਮਲਾ ਰਿਸ਼ਭਦੇਵ ਸਬ ਡਿਵੀਜਨ ਦੇ ਪਿੰਡ ਪਟਿਆਰ ( ਭੂਦਰ) ਨਾਲ ਸਬੰਧਤ 20 ਨਵੰਬਰ ਦੇਰ ਰਾਤ ਦਾ ਹੈ। ਸ਼ੰਕਰ ਲਾਲ ਮੇਘਵਾਲ (51 ) ਨੇ ਆਪਣੀ ਵੱਡੀ ਧੀਅ ਪ੍ਰਿਅੰਕਾ ਦਾ ਵਿਆਹ ਰੱਖਿਆ ਹੋਇਆ ਸੀ। ਅਹਿਮਦਾਬਾਦ ਦੀ ਇੱਕ ਨਿੱਜੀ ਕੰਪਨੀ ’ਚ ਡਰਾਈਵਰ ਵਜੋਂ ਕੰਮ ਕਰਦੇ ਸ਼ੰਕਰ ਲਾਲ ਦੇ ਤਿੰਨ ਬੱਚੇ ਹਨ ਜਿੰਨ੍ਹਾਂ ’ਚ ਛੋਟੇ ਦੋ ਲੜਕੇ ਹਨ। ਸੇਵਾਮੁਕਤ ਅਧਿਆਪਕ ਨਰਾਇਣ ਲਾਲ ਮੇਘਵਾਲ ਨੇ ਦੱਸਿਆ ਕਿ ਸ਼ੰਕਰ ਲਾਲ ਦੀ ਲੜਕੀ ਪ੍ਰਿਅੰਕਾ ( 26) ਦਾ 21 ਨਵੰਬਰ ਦੀ ਦੁਪਹਿਰ ਨੂੰ ਵਿਆਹ ਸੀ। ਪੂਰੇ ਚਾਅ ਅਤੇ ਸੱਧਰਾਂ ਨਾਲ ਆਪਣੀ ਇਕਲੌਤੀ ਧੀ ਨੂੰ ਵਿਦਾ ਕਰਨ ਦੀਆਂ ਖੁਸ਼ੀਆਂ ’ਚ 20 ਨਵੰਬਰ ਰਾਤ ਨੂੰ ਸ਼ੰਕਰ ਲਾਲ ਮੇਘਵਾਲ ਪ੍ਰੀਵਾਰ ਸਮੇਤ ਨੱਚ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਅਚਾਨਕ ਹੀ ਉਨ੍ਹਾਂ ਦੇ ਸੀਨੇ ’ਚ ਦਰਦ ਹੋਣ ਲੱਗ ਪਿਆ।
ਇਸ ਮੌਕੇ ਸ਼ੰਕਰ ਲਾਲ ਦੇ ਦੋਨੋ ਲੜਕੇ ਦਲੀਪ ਮੇਘਵਾਲ ਅਤੇ ਉਮੇਸ਼ ਮੇਘਵਾਲ ਆਪਣੇ ਪਿਤਾ ਨੂੰ ਆਪਣੀ ਕਾਰ ’ਚ ਰਿਸ਼ਭਦੇਵ ’ਚ ਸਥਿਤ ਹਸਪਤਾਲ ਲੈ ਗਏ। ਡਾਕਟਰਾਂ ਨੇ ਸ਼ੰਕਰ ਲਾਲ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਉਦੇਪੁਰ ਰੈਫਰ ਕਰ ਦਿੱਤਾ । ਜਦੋਂ ਪ੍ਰੀਵਾਰ ਉਦੇਪੁਰ ਹਸਪਤਾਲ ਪੁੱਜਿਆ ਤਾਂ ਡਾਕਟਰਾਂ ਨੇ ਦੱਸਿਆ ਕਿ ਸ਼ੰਕਰ ਲਾਲ ਚੱਲ ਵੱਸਿਆ ਹੈ। ਇੱਕ ਪ੍ਰੀਵਾਰ ਜਿਸ ਦੇ ਘਰ ਧੀਅ ਦਾ ਵਿਆਹ ਸੀ , ਉਸ ਲਈ ਇਹ ਗੱਲ ਬੇਹੱਦ ਡੂੰਘਾ ਸਦਮਾ ਅਤੇ ਸੱਧਰਾਂ ’ਤੇ ਬਿਜਲੀ ਡਿੱਗਣ ਵਾਂਗ ਸੀ। ਇਸ ਮੌਕੇ ਪਿੰਡ ਦੇ ਮੋਹਤਬਰ ਲੜਕੇ ਵਾਲਿਆਂ ਦੇ ਘਰ ਪੁੱਜੇ ਅਤੇ ਘਟਨਾ ਸਬੰਧੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਲਾੜਾ ਅਤੇ ਉਸ ਦੇ 15-20 ਪ੍ਰੀਵਾਰਕ ਮੈਂਬਰ 25 ਕਿਲੋਮੀਟਰ ਦੂਰ ਚਨਾਵਦਾ ਪਿੰਡ ਤੋਂ 20 ਨਵੰਬਰ ਰਾਤ ਨੂੰ ਹੀ ਬਰਾਤ ਲੈਕੇ ਆ ਗਏ ਅਤੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਕੇ ਪ੍ਰਿਅੰਕਾ ਨੂੰ ਵਿਦਾ ਕੀਤਾ ਗਿਆ।
ਸੋਸ਼ਲ ਮੀਡੀਆ ’ਤੇ ਚੱਲ ਰਹੀ ਚਰਚਾ ਅਨੁਸਾਰ ਇਸ ਦੁਖਦਾਈ ਘਟਨਾ ਤੋਂ ਬਾਅਦ ਸ਼ੰਕਰ ਲਾਲ ਦੇ ਰਿਸ਼ਤੇਦਾਰਾਂ ਅਤੇ ਉਨ੍ਹਾਂ ਦੇ ਦੋਵਾਂ ਲੜਕਿਆਂ ਨੇ ਮਾਂ ਤੇ ਭੈਣ ਪ੍ਰਿਅੰਕਾ ਨੂੰ ਕਿਹਾ ਕਿ ਪਿਤਾ ਜੀ ਹਾਲੇ ਆਈਸੀਯੂ ’ਚ ਭਰਤੀ ਹੋਣ ਕਰਕੇ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਹਨ। ਵਿਆਹ ਅਗਲੇ ਦਿਨ 21 ਨਵੰਬਰ ਨੂੰ ਹੋਣ ਵਾਲਾ ਸੀ ਪਰ ਲੜਕੇ ਵਾਲਿਆਂ ਨੂੰ ਸਥਿਤੀ ਦੀ ਗੰਭੀਰਤਾ ਦੱਸਕੇ 20 ਨਵੰਬਰ ਦੀ ਰਾਤ ਨੂੰ ਹੀ ਸੱਦਿਆ ਗਿਆ ਅਤੇ ਕਰੀਬ 3 ਵਜੇ ਤੱਕ ਫੇਰੇ ਕਰਵਾ ਦਿੱਤੇ ਗਏ। ਪ੍ਰਿਅੰਕਾ ਦੀ ਡੋਲੀ ਤੋਰਨ ਤੋਂ ਬਾਅਦ ਪਿਤਾ ਸ਼ੰਕਰ ਲਾਲ ਦਾ ਅੰਤਿਮ ਸਸਕਾਰ ਕੀਤਾ ਗਿਆ। ਦੇਖੋ ਕਾਦਰ ਦੀ ਕੁਦਰ ਵੱਲੋਂ ਵਰਤਾਇਆ ਭਾਣਾ ਜਿਸ 21 ਨਵੰਬਰ ਨੂੰ ਪਿਤਾ ਸ਼ੰਕਰ ਲਾਲ ਨੇ ਆਪਣੇ ਹੱਥੀਂ ਆਪਣੇ ਜਿਗਰ ਦੇ ਟੋਟੇ ਨੂੰ ਹੱਥੀਂ ਡੋਲੀ ’ਚ ਬਿਠਾਉਣਾ ਸੀ , ਉਸ ਦਿਨ ਉਸ ਅਭਾਗੇ ਬਾਪ ਦਾ ਅੰਤਿਮ ਸਰਕਾਰ ਕੀਤਾ ਗਿਆ।
ਅਭਾਗੇ ਭਰਾਵਾਂ ਦਾ ਜਿਗਰਾ
ਭੈਣ ਦੇ ਵਿਆਹ ’ਚ ਕੋਈ ਵਿਘਨ ਨਾਂ ਪਵੇ ਇਸ ਲਈ ਵੱਡਾ ਜਿਗਰਾ ਦਿਖਾਉਂਦਿਆਂ ਅਭਾਗੇ ਭਰਾਵਾਂ ਨੇ ਪਿਤਾ ਦੀ ਮੌਤ ਦਾ ਗਮ ਦਿਲ ’ਚ ਦਬਾ ਲਿਆ ਅਤੇ ਮਾਂ ਤੇ ਭੈਣ ਤੋਂ ਇਹ ਗੱਲ ਲੁਕਾ ਲਈ। ਦਰਦ ਭਰੀ ਕਹਾਣੀ ਸੁਣਾਉਂਦਿਅ ਵੱਡੇ ਲੜਕੇਾਂ ਦਲੀਪ ਮੇਘਵਾਲ ਨੇ ਦੱਸਿਆ ਕਿ ਵਿਦਾਈ ਮੌਕੇ ਉਸ ਦਾ ਜੀਅ ਕਰਦਾ ਸੀ ਕਿ ਉਹ ਧਾਹਾਂ ਮਾਰਕੇ ਰੋਵੇ ਪਰ ਵਕਤ ਦੀ ਨਜ਼ਾਕਤ ਨੂੰ ਸਮਝਕੇ ਖੁਦ ਨੂੰ ਸੰਭਾਲਣਾ ਪਿਆ। ਸਹੁਰੇ ਘਰ ਪੁੱਜਣ ਤੋਂ ਬਾਅਦ ਭੈਣ ਪ੍ਰਿਅੰਕਾ ਨੂੰ ਜਦੋਂ ਦੱਸਿਆ ਕਿ ਪਿਤਾ ਇੱਕ ਦਿਨ ਪਹਿਲਾਂ ਹੀ ਇਸ ਦੁਨੀਆਂ ’ਚ ਨਹੀਂ ਰਹੇ ਤਾਂ ਉਸ ਨੂੰ ਡੂੰਘਾ ਸਦਮਾ ਲੱਗਿਆ। ਪ੍ਰਿਅੰਕਾ ਨੇ ਕਿਹਾ ਕਿ ਇੱਕ ਵਾਰ ਉਸ ਨੂੰ ਦੱਸ ਦਿੰਦੇ ਤਾਂ ਉਹ ਆਖਰੀ ਵਾਰ ਪਿਤਾ ਦਾ ਮੂੰਹ ਦੇਖ ਲੈਂਦੀ।
ਪਤਨੀ ਵੀ ਡੂੰਘੇ ਸਦਮੇ ’ਚ
ਸ਼ੰਕਰ ਲਾਲ ਦੇ ਛੋਟੇ ਪੁੱਤਰ ਉਮੇਸ਼ ਮੇਘਵਾਲ ਨੇ ਦੱਸਿਆ ਕਿ ਪਿਤਾ ਇੰਜ ਹੋਈ ਮੌਤ ਕਾਰਨ ਉਨ੍ਹਾਂ ਦੀ ਮਾਤਾ ਗੀਤਾ ਦੇਵੀ ਵੀ ਡੂੰਘੇ ਸਦਮੇ ’ਚ ਚਲੀ ਗਈ ਹੈ। ਉਹ ਲਗਾਤਾਰ ਪਿਤਾ ਦੀਆਂ ਗੱਲਾਂ ਅਤੇ ਉਨ੍ਹਾਂ ਨਾਲ ਬਿਤਾਇਆ ਸਮਾਂ ਯਾਦ ਕਰ ਰਹੀ ਹੈ। ਇਸ ਦੌਰਾਨ ਸਿਹਤ ਖਰਾਬ ਹੋਣ ਹੋਣ ਕਾਰਨ ਮਾਤਾ ਨੂੰ ਵੀ ਹਸਪਤਾਲ ਭਰਤੀ ਕਰਵਾਉਣਾ ਪਿਆ ਹੈ। ਵਿਆਹ ਦੀ ਖੁਸ਼ੀ ਮੌਕੇ ਪਿਤਾ ਨੂੰ ਗੁਆਉਣ ਵਾਲੇ ਪੁੱਤਰਾਂ ਅਤੇ ਪ੍ਰੀਵਾਰ ਸਿਰ ਦੁੱਖਾਂ ਦੀ ਪੰਡ ਲਿਆਉਣ ਵਾਲੀ ਇਸ ਘਟਨਾ ਦੀ ਦੂਰ ਦੂਰ ਤੱਕ ਚਰਚਾ ਹੈ।
- Download Babushahi App
-
-