ਬਲਾਕ-ਈ, ਸ਼ਹੀਦ ਭਗਤ ਸਿੰਘ ਨਗਰ ’ਚ ਛੇ ਸੁਰੱਖਿਆ ਗੇਟਾਂ ਕਾਰਨ ਲੋਕ ਪ੍ਰੇਸ਼ਾਨ, 66 ਸਾਲਾ ਦਿਲ ਦੇ ਮਰੀਜ਼ ਨੇ ਨਗਰ ਨਿਗਮ ਕਮਿਸ਼ਨਰ ਤੋਂ ਲਗਾਈ ਇਨਸਾਫ਼ ਦੀ ਗੁਹਾਰ
ਗੇਟਾਂ ਨੂੰ ਮਨਮਰਜ਼ੀ ਨਾਲ ਬੰਦ ਕਰਨ ਅਤੇ ਗੇਟ ਨੰਬਰ-6 ’ਤੇ ਦੋਹਰੀ ਰੋਕ ਲਗਾਉਣ ਦਾ ਦੋਸ਼; ਐਂਬੂਲੈਂਸ ਅਤੇ ਐਮਰਜੈਂਸੀ ਸੇਵਾਵਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਦਾ ਖਦਸ਼ਾ
ਸੁਖਮਿੰਦਰ ਭੰਗੂ
ਲੁਧਿਆਣਾ 9 ਅਕਤੂਬਰ 2026
ਲੁਧਿਆਣਾ ਸ਼ਹਿਰ ਦੀ 475 ਏਕੜ ਸਕੀਮ ਅਧੀਨ ਪੈਂਦੇ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ-ਈ ਵਿੱਚ ਸਥਾਪਤ ਕੀਤੇ ਗਏ ਛੇ ਸੁਰੱਖਿਆ ਗੇਟਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਲਾਕਾ ਨਿਵਾਸੀ ਅਤੇ ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਇਨ੍ਹਾਂ ਗੇਟਾਂ ਨੂੰ ਕਥਿਤ ਤੌਰ ’ਤੇ ਬਿਨਾਂ ਪ੍ਰਭਾਵਿਤ ਵਸਨੀਕਾਂ ਦੀ ਸਹਿਮਤੀ ਅਤੇ ਲੋੜੀਂਦੀ ਮਨਜ਼ੂਰੀ ਤੋਂ ਲਗਾਉਣ ਅਤੇ ਮਨਮਰਜ਼ੀ ਨਾਲ ਖੋਲ੍ਹਣ-ਬੰਦ ਕਰਨ ਦੇ ਮਾਮਲੇ ਵਿੱਚ ਨਗਰ ਨਿਗਮ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਸ਼ਿਕਾਇਤਕਰਤਾ ਅਰਵਿੰਦ ਸ਼ਰਮਾ, ਜੋ ਪਿਛਲੇ ਕਰੀਬ 26 ਸਾਲਾਂ ਤੋਂ ਮਕਾਨ ਨੰਬਰ 114-ਈ, ਸ਼ਹੀਦ ਭਗਤ ਸਿੰਘ ਨਗਰ ਵਿੱਚ ਰਹਿ ਰਹੇ ਹਨ, ਨੇ ਦੱਸਿਆ ਕਿ ਬਲਾਕ ਵਿੱਚ ਲਗਾਏ ਗਏ ਛੇ ਸੁਰੱਖਿਆ ਗੇਟਾਂ ਵਿੱਚੋਂ ਦੋ ਲੰਬੇ ਸਮੇਂ ਤੋਂ ਪੱਕੇ ਤੌਰ ’ਤੇ ਬੰਦ ਪਏ ਹਨ, ਜਦਕਿ ਬਾਕੀ ਗੇਟਾਂ ਨੂੰ ਐਸੋਸੀਏਸ਼ਨ ਦੇ ਕੁਝ ਮੈਂਬਰਾਂ ਵੱਲੋਂ ਆਪਣੀ ਮਰਜ਼ੀ ਅਨੁਸਾਰ ਖੋਲ੍ਹਿਆ ਅਤੇ ਬੰਦ ਕੀਤਾ ਜਾਂਦਾ ਹੈ। ਇਸ ਕਾਰਨ ਇਲਾਕਾ ਨਿਵਾਸੀਆਂ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਕਈ ਵਾਰ ਚਾਰ ਤੋਂ ਛੇ ਘੰਟਿਆਂ ਤੱਕ ਬਾਹਰ ਉਡੀਕ ਕਰਨੀ ਪੈਂਦੀ ਹੈ।
ਉਨ੍ਹਾਂ ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਹੈ ਕਿ ਗੇਟ ਨੰਬਰ-6 ’ਤੇ ਪਹਿਲਾਂ ਤੋਂ ਮੌਜੂਦ ਸੁਰੱਖਿਆ ਗੇਟ ਦੇ ਬਾਵਜੂਦ ਇੱਕ ਵਾਧੂ ਬੈਰੀਕੇਡ ਲਗਾ ਦਿੱਤਾ ਗਿਆ ਹੈ, ਜਿਸ ਨਾਲ ਦੋਹਰੀ ਰੋਕ ਪੈਦਾ ਹੋ ਗਈ ਹੈ ਅਤੇ ਲੋਕਾਂ ਦੀ ਆਵਾਜਾਈ ਹੋਰ ਵੀ ਮੁਸ਼ਕਲ ਬਣ ਗਈ ਹੈ।
ਇਸ ਮਾਮਲੇ ਨੂੰ ਹੋਰ ਵੀ ਗੰਭੀਰ ਦੱਸਦਿਆਂ ਅਰਵਿੰਦ ਸ਼ਰਮਾ ਨੇ ਕਿਹਾ ਕਿ ਉਹ 66 ਸਾਲ ਦੇ ਸੀਨੀਅਰ ਸਿਟੀਜ਼ਨ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਦੀ ਓਪਨ ਹਾਰਟ ਸਰਜਰੀ ਹੋਈ ਹੈ। ਇਸ ਤੋਂ ਇਲਾਵਾ ਉਹ ਦਮੇ ਦੀ ਬਿਮਾਰੀ ਤੋਂ ਵੀ ਪੀੜਤ ਹਨ। ਅਜਿਹੀ ਸਿਹਤ ਸਥਿਤੀ ਵਿੱਚ ਕਿਸੇ ਵੀ ਸਮੇਂ ਉਨ੍ਹਾਂ ਨੂੰ ਐਂਬੂਲੈਂਸ ਜਾਂ ਹਸਪਤਾਲ ਪਹੁੰਚਣ ਦੀ ਲੋੜ ਪੈ ਸਕਦੀ ਹੈ। ਜੇਕਰ ਉਸ ਸਮੇਂ ਗੇਟ ਬੰਦ ਹੋਣ ਜਾਂ ਰਸਤੇ ਵਿੱਚ ਬੈਰੀਕੇਡ ਕਾਰਨ ਦੇਰੀ ਹੁੰਦੀ ਹੈ ਤਾਂ ਇਹ ਉਨ੍ਹਾਂ ਦੀ ਜਾਨ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਸਿਰਫ਼ ਉਨ੍ਹਾਂ ਤੱਕ ਸੀਮਤ ਨਹੀਂ, ਸਗੋਂ ਕਿਸੇ ਵੀ ਐਮਰਜੈਂਸੀ ਦੌਰਾਨ ਹੋਰ ਵਸਨੀਕਾਂ ਲਈ ਵੀ ਜਾਨਲੇਵਾ ਸਾਬਤ ਹੋ ਸਕਦੀ ਹੈ।
ਸ਼ਿਕਾਇਤ ਵਿੱਚ ਜ਼ੋਰ ਦਿੱਤਾ ਗਿਆ ਹੈ ਕਿ ਜਨਤਕ ਸੜਕਾਂ ਅਤੇ ਆਵਾਜਾਈ ਦੇ ਰਸਤਿਆਂ ਨੂੰ ਕਿਸੇ ਨਿੱਜੀ ਐਸੋਸੀਏਸ਼ਨ ਵੱਲੋਂ ਮਨਮਰਜ਼ੀ ਨਾਲ ਰੋਕਿਆ ਨਹੀਂ ਜਾ ਸਕਦਾ। ਜੇਕਰ ਸੁਰੱਖਿਆ ਦੇ ਮੱਦੇਨਜ਼ਰ ਕੋਈ ਪ੍ਰਬੰਧ ਕੀਤਾ ਵੀ ਜਾਂਦਾ ਹੈ ਤਾਂ ਉਸ ਵਿੱਚ ਇਲਾਕਾ ਨਿਵਾਸੀਆਂ, ਆਮ ਲੋਕਾਂ, ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਸੇਵਾਵਾਂ ਦੀ ਆਵਾਜਾਈ ਹਰ ਸਮੇਂ ਨਿਰਵਿਘਨ ਰਹਿਣੀ ਲਾਜ਼ਮੀ ਹੈ।
ਅਰਵਿੰਦ ਸ਼ਰਮਾ ਨੇ ਨਗਰ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਬਲਾਕ-ਈ ਵਿੱਚ ਲਗਾਏ ਗਏ ਸਾਰੇ ਛੇ ਗੇਟਾਂ ਦੀ ਤੁਰੰਤ ਮੌਕੇ ’ਤੇ ਜਾਂਚ ਕਰਵਾਈ ਜਾਵੇ ਅਤੇ ਇਨ੍ਹਾਂ ਨੂੰ ਲਗਾਉਣ ਸਬੰਧੀ ਕਾਨੂੰਨੀ ਮਨਜ਼ੂਰੀ ਤੇ ਪ੍ਰਭਾਵਿਤ ਵਸਨੀਕਾਂ ਦੀ ਸਹਿਮਤੀ ਦੀ ਪੜਤਾਲ ਕੀਤੀ ਜਾਵੇ। ਇਸ ਦੇ ਨਾਲ ਹੀ ਗੇਟ ਨੰਬਰ-6 ’ਤੇ ਲਗਾਏ ਗਏ ਵਾਧੂ ਬੈਰੀਕੇਡ ਨੂੰ ਤੁਰੰਤ ਹਟਾਉਣ, ਕਿਸੇ ਵੀ ਗੇਟ ਨੂੰ ਮਨਮਰਜ਼ੀ ਨਾਲ ਬੰਦ ਨਾ ਕਰਨ ਅਤੇ ਸਾਰੇ ਰਸਤਿਆਂ ’ਤੇ ਲੋਕਾਂ ਤੇ ਐਮਰਜੈਂਸੀ ਵਾਹਨਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਸੀਨੀਅਰ ਸਿਟੀਜ਼ਨ ਜਾਂ ਇਲਾਕਾ ਨਿਵਾਸੀ ਨੂੰ ਨਿੱਜੀ ਐਸੋਸੀਏਸ਼ਨ ਵੱਲੋਂ ਲਗਾਈਆਂ ਗਈਆਂ ਕਥਿਤ ਗੈਰ-ਕਾਨੂੰਨੀ ਪਾਬੰਦੀਆਂ ਕਾਰਨ ਆਪਣੀ ਜਾਨ ਖ਼ਤਰੇ ਵਿੱਚ ਪਾਉਣ ਲਈ ਮਜਬੂਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨਗਰ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਮਨੁੱਖੀ ਹਮਦਰਦੀ ਅਤੇ ਜਨਤਕ ਸੁਰੱਖਿਆ ਨਾਲ ਜੁੜਿਆ ਅਤਿ ਜ਼ਰੂਰੀ ਮੁੱਦਾ ਸਮਝਦਿਆਂ ਤੁਰੰਤ ਦਖ਼ਲ ਦਿੱਤਾ ਜਾਵੇ। ਇਸ ਸੰਬੰਧ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਅੰਕੁਰ ਮਹਿੰਦਰੂ ਨੂੰ ਮੈਸੇਜ ਭੇਜ ਦਿੱਤਾ ਗਿਆ ਹੈ। ਹੁਣ ਦੇਖਦੇ ਆਂ ਕੀ ਕਾਰਵਾਈ ਹੋਵੇਗੀ ਉਹਨਾਂ ਨਾਲ ਫੋਨ ਤੇ ਗੱਲਬਾਤ ਹੋ ਸਕੀ।
- Download Babushahi App
-
-