ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਛੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਤੇ ਕਵੀਸ਼ਰੀ ਜਥਿਆਂ ਨੇ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਿਆ; ਮੀਰੀ-ਪੀਰੀ ਗਤਕਾ ਕਮੇਟੀ ਨੇ ਦਿਖਾਏ ਗਤਕੇ ਦੇ ਜੌਹਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ: 9 ਨਵੰਬਰ 2026 ਗੁਰੂ ਸਾਹਿਬਾਨ ਦੀ ਅਪਾਰ ਬਖਸ਼ਿਸ਼ ਅਤੇ ਸੰਗਤਾਂ ਦੀ ਸ਼ਰਧਾ ਤੇ ਸਹਿਯੋਗ ਸਦਕਾ ਗੁਰਦੁਆਰਾ ਧੰਨ-ਧੰਨ ਬਾਬਾ ਵਿਸ਼ਵਕਰਮਾ ਜੀ, ਸੁਲਤਾਨਪੁਰ ਲੋਧੀ ਵਿਖੇ ਇੱਕ ਵਿਸ਼ਾਲ ਧਾਰਮਿਕ ਸਮਾਗਮ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮੂਹ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੇ ਰਾਮਗੜ੍ਹੀਆ ਭਾਈਚਾਰੇ, ਇਲਾਕਾ ਵਾਸੀਆਂ ਅਤੇ ਰਾਮਗੜ੍ਹੀਆ ਨੌਜਵਾਨ ਸਭਾ ਸੁਲਤਾਨਪੁਰ ਲੋਧੀ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਸਮਾਗਮ ਦੌਰਾਨ ਪਹਿਲਾਂ ਆਰੰਭ ਕਰਵਾਏ ਗਏ ਛੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ, ਸਮੁੱਚੀ ਮਾਨਵਤਾ ਦੀ ਸੁੱਖ-ਸ਼ਾਂਤੀ ਅਤੇ ਭਾਈਚਾਰੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਸਮੁੱਚੇ ਸਮਾਗਮ ਦੀ ਦੇਖ-ਰੇਖ ਗੁਰਦੁਆਰਾ ਇੰਚਾਰਜ ਸੁਖਵਿੰਦਰ ਸਿੰਘ ਰਾਮਗੜ੍ਹੀਆ ਵੱਲੋਂ ਕੀਤੀ ਗਈ।
ਧਾਰਮਿਕ ਦੀਵਾਨਾਂ ਦੌਰਾਨ ਰਾਗੀ ਜਥਾ ਭਾਈ ਦਿਲਾਵਰ ਸਿੰਘ ਗੋਇੰਦਵਾਲ ਸਾਹਿਬ ਵਾਲਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਉੱਥੇ ਹੀ ਕਵੀਸ਼ਰੀ ਜਥਾ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਵਾਲਿਆਂ ਨੇ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਸਿੱਖ ਕੌਮ ਦੀਆਂ ਕੁਰਬਾਨੀਆਂ ਨੂੰ ਕਵੀਸ਼ਰੀ ਰਾਹੀਂ ਬਿਆਨ ਕਰਦਿਆਂ ਸੰਗਤਾਂ ਵਿੱਚ ਧਾਰਮਿਕ ਜੋਸ਼ ਅਤੇ ਸਿੱਖੀ ਜਜ਼ਬੇ ਦਾ ਸੰਚਾਰ ਕੀਤਾ।
ਇਸ ਮੌਕੇ ਮੀਰੀ-ਪੀਰੀ ਗਤਕਾ ਕਮੇਟੀ ਦੇ ਸਿੰਘਾਂ ਵੱਲੋਂ ਗਤਕੇ ਦੇ ਸ਼ਾਨਦਾਰ ਜੌਹਰ ਦਿਖਾਏ ਗਏ। ਸਿੱਖ ਸ਼ਸਤਰ ਵਿੱਦਿਆ ਦੇ ਇਸ ਰਵਾਇਤੀ ਪ੍ਰਦਰਸ਼ਨ ਨੇ ਸੰਗਤਾਂ ਦਾ ਵਿਸ਼ੇਸ਼ ਧਿਆਨ ਖਿੱਚਿਆ ਅਤੇ ਸਿੱਖ ਵਿਰਾਸਤ, ਬਹਾਦਰੀ ਤੇ ਸਵੈ-ਰੱਖਿਆ ਦੀ ਅਮੀਰ ਪਰੰਪਰਾ ਦੀ ਯਾਦ ਤਾਜ਼ਾ ਕਰਵਾਈ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਜਿੱਥੇ ਸੰਗਤਾਂ ਨੇ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕਿਆ।
ਸਮਾਗਮ ਵਿੱਚ ਰਾਮਗੜ੍ਹੀਆ ਵੈਲਫੇਅਰ ਬੋਰਡ ਪੰਜਾਬ ਦੇ ਹਲਕਾ ਸੁਲਤਾਨਪੁਰ ਲੋਧੀ ਤੋਂ ਨਵ-ਨਿਯੁਕਤ ਚੇਅਰਮੈਨ ਗੁਰਸ਼ਰਨ ਸਿੰਘ (ਵਿੱਕੀ ਠੇਕੇਦਾਰ) ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਪ੍ਰਬੰਧਕਾਂ ਨੇ ਗੁਰਸ਼ਰਨ ਸਿੰਘ ਭਾਂਬਰਾ ਨੂੰ ਰਾਮਗੜ੍ਹੀਆ ਵੈਲਫੇਅਰ ਬੋਰਡ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ 'ਤੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਇੰਚਾਰਜ ਸੱਜਣ ਚੀਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਇਹ ਅਹਿਮ ਮਾਣ-ਸਨਮਾਨ ਮਿਲਣਾ ਸਮੁੱਚੇ ਇਲਾਕੇ ਅਤੇ ਰਾਮਗੜ੍ਹੀਆ ਭਾਈਚਾਰੇ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ।
ਇਸ ਤੋਂ ਇਲਾਵਾ ਸਮਾਗਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਮੂਹ ਦਾਨੀ ਸੱਜਣਾਂ, ਸਹਿਯੋਗੀਆਂ ਅਤੇ ਸੇਵਾਦਾਰਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਗਿਆ ਕਿ ਗੁਰੂ ਘਰ ਦੀਆਂ ਸੇਵਾਵਾਂ ਅਤੇ ਧਾਰਮਿਕ ਕਾਰਜ ਸੰਗਤਾਂ ਦੇ ਸਹਿਯੋਗ, ਸੇਵਾ ਭਾਵਨਾ ਅਤੇ ਆਪਸੀ ਏਕਤਾ ਨਾਲ ਹੀ ਸੰਭਵ ਹੁੰਦੇ ਹਨ।
ਸਮੁੱਚੇ ਤੌਰ 'ਤੇ ਇਹ ਧਾਰਮਿਕ ਸਮਾਗਮ ਗੁਰਬਾਣੀ, ਕੀਰਤਨ, ਕਵੀਸ਼ਰੀ, ਗਤਕਾ ਅਤੇ ਗੁਰੂ ਕੇ ਲੰਗਰ ਰਾਹੀਂ ਸਿੱਖੀ ਵਿਰਸੇ, ਧਾਰਮਿਕ ਸਾਂਝ ਅਤੇ ਭਾਈਚਾਰਕ ਏਕਤਾ ਦਾ ਸੁੰਦਰ ਸੁਨੇਹਾ ਦੇ ਗਿਆ।
ਇਸ ਮੌਕੇ ਗੁਰਸ਼ਰਨ ਸਿੰਘ ਵਿੱਕੀ ਠੇਕੇਦਾਰ, ਚੇਅਰਮੈਨ ਰਾਮਗੜ੍ਹੀਆ ਵੈਲਫੇਅਰ ਬੋਰਡ ਪੰਜਾਬ (ਹਲਕਾ ਸੁਲਤਾਨਪੁਰ ਲੋਧੀ) ਨੇ ਕਿਹਾ ਕਿ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਸੇਵਾ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਉਨ੍ਹਾਂ ਲਈ ਸੁਭਾਗੇ ਪਲ ਹਨ। ਉਨ੍ਹਾਂ ਕਿਹਾ ਕਿ ਰਾਮਗੜ੍ਹੀਆ ਭਾਈਚਾਰੇ ਦੀ ਏਕਤਾ, ਨੌਜਵਾਨਾਂ ਦੀ ਤਰੱਕੀ ਅਤੇ ਸਮਾਜ ਭਲਾਈ ਦੇ ਕਾਰਜਾਂ ਲਈ ਉਹ ਪੂਰੀ ਤਨਦੇਹੀ ਨਾਲ ਯਤਨਸ਼ੀਲ ਰਹਿਣਗੇ। ਉਨ੍ਹਾਂ ਆਪਣੀ ਨਿਯੁਕਤੀ ਲਈ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੱਜਣ ਚੀਮਾ ਹਲਕਾ ਇੰਚਾਰਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਿਲੀ ਜ਼ਿੰਮੇਵਾਰੀ ਨੂੰ ਉਹ ਸੇਵਾ ਭਾਵਨਾ ਨਾਲ ਨਿਭਾਉਣਗੇ।
ਇਸ ਮੌਕੇ ਸੁਖਵਿੰਦਰ ਸਿੰਘ ਰਾਮਗੜ੍ਹੀਆ, ਗੁਰਦੁਆਰਾ ਇੰਚਾਰਜ ਨੇ ਕਿਹਾ ਕਿ ਗੁਰੂ ਘਰ ਵਿਖੇ ਧਾਰਮਿਕ ਸਮਾਗਮ ਕਰਵਾਉਣ ਦਾ ਮੁੱਖ ਮਕਸਦ ਸੰਗਤਾਂ ਨੂੰ ਗੁਰਬਾਣੀ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਸਿੱਖ ਇਤਿਹਾਸ ਨਾਲ ਜੋੜਨਾ ਹੈ। ਉਨ੍ਹਾਂ ਸਮੂਹ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੇ ਰਾਮਗੜ੍ਹੀਆ ਭਾਈਚਾਰੇ, ਇਲਾਕਾ ਵਾਸੀਆਂ, ਦਾਨੀ ਸੱਜਣਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਹੀ ਅਜਿਹੇ ਧਾਰਮਿਕ ਕਾਰਜ ਨੇਪਰੇ ਚੜ੍ਹਦੇ ਹਨ। ਉਨ੍ਹਾਂ ਗੁਰੂ ਸਾਹਿਬ ਅੱਗੇ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਇਸ ਮੌਕੇ ਜਗੀਰ ਸਿੰਘ ਝੀਤਾ ਪ੍ਰਧਾਨ, ਪਰਮਜੀਤ ਸਿੰਘ ਖਾਲਸਾ, ਅਜੀਤ ਸਿੰਘ ਝੀਤਾ, ਰਘਵੀਰ ਸਿੰਘ, ਅਜੀਤ ਸਿੰਘ, ਜਸਵੰਤ ਸਿੰਘ ਬਲਾਗਨ, ਟਵਿੰਕਲ, ਗੁਰਦਿਆਲ ਸਿੰਘ, ਸੁਖਵਿੰਦਰ ਸਿੰਘ ਬੱਗਾ, ਮਾਸਟਰ ਹਰਵਿੰਦਰ ਸਿੰਘ ਵਿਰਦੀ, ਸੁਖਵਿੰਦਰ ਸਿੰਘ ਰਾਮਗੜ੍ਹੀਆ, ਪਰਮਜੀਤ ਸਿੰਘ, ਬਾਬਾ ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ ਬਾਊ, ਹਰਜਿੰਦਰ ਸਿੰਘ ਹੀਰਾ, ਮਹਿੰਦਰ ਸਿੰਘ, ਮਨਜੀਤ ਸਿੰਘ, ਰਜਿੰਦਰ ਸਿੰਘ, ਜਗੀਰ ਸਿੰਘ, ਦਿਲਬਾਗ ਸਿੰਘ ਲਾਇਲ, ਹਰਭਜਨ ਸਿੰਘ ਵਿਰਦੀ, ਬਿਕਰਮਜੀਤ ਸਿੰਘ ਲਾਇਲ, ਅਮਰਿੰਦਰ ਸਿੰਘ ਹੈਪੀ, ਨਵਰੂਪ ਸਿੰਘ ਝੀਤਾ, ਹਰਨੂਰ ਸਿੰਘ ਤੇ ਹੋਰ ਪਤਵੰਤੇ ਸੱਜਣ ਹਾਜਰ ਸਨ।
- Download Babushahi App
-
-