ਬਿਜਲੀ ਕਾਮਿਆਂ ਦਾ ਧਰਨਾ ਦੂਜੇ ਦਿਨ ਵੀ ਜਾਰੀ
ਮਲਕੀਤ ਸਿੰਘ ਮਲਕਪੁਰ
ਲਾਲੜੂ : 22 ਅਕਤੂਬਰ 2026: ਮੁਲਾਜ਼ਮ ਏਕਤਾ ਮੰਚ ਅਤੇ ਜੁਆਇੰਟ ਫੋਰਮ ਵੱਲੋੱ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਦੇ ਚੱਲ ਰਹੇ ਸੰਘਰਸ਼ ਦੀ ਪੂਰਨ ਹਮਾਇਤ ਵਿੱਚ ਲਾਲੜੂ ਡਵੀਜ਼ਨ ਦੇ ਅੱਗੇ ਲਗਾਇਆ ਗਿਆ ਸਾਂਝਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਇਸ ਧਰਨੇ ਅਤੇ ਰੈਲੀ ਦੀ ਸਾਂਝੀ ਪ੍ਰਧਾਨਗੀ ਏਟਕ ਪ੍ਰਧਾਨ ਮੋਹਨ ਸਿੰਘ ਰਾਣਾ, ਟੀ.ਐਸ.ਯੂ. ਸਰਕਲ ਪ੍ਰਧਾਨ ਰਾਜੇਸ਼ ਰਾਣਾ, ਅਤੇ ਐਮ.ਐਸ.ਯੂ. ਡਵੀਜ਼ਨ ਲਾਲੜੂ ਪ੍ਰਧਾਨ ਸੰਦੀਪ ਸਿੰਘ ਵੱਲੋਂ ਕੀਤੀ ਗਈ।
ਰੈਲੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਮਹਿੰਦਰ ਸਿੰਘ ਸੈਣੀ, ਬਲਬੀਰ ਸਿੰਘ (ਆਰ.ਏ.), ਸੁਰਿੰਦਰ ਕੁਮਾਰ (ਏ.ਏ.ਈ.), ਨਰੇਸ਼ ਕੁਮਾਰ, ਪਰਵੀਨ ਕੁਮਾਰ, ਲਵਦੀਪ ਮੈਨਨ, ਸੁਖਵਿੰਦਰ ਸਿੰਘ, ਪਰਵੀਨ ਕੁਮਾਰ ਅਤੇ ਪਵਨ ਕੁਮਾਰ ਨੇ ਦੋਸ਼ ਲਾਇਆ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਲਗਾਤਾਰ ਅਣਦੇਖੀ ਕਰ ਰਹੀ ਹੈ, ਜਿਸ ਨਾਲ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ਼ ਵਿਆਪਤ ਹੈ।
ਬੁਲਾਰਿਆਂ ਨੇ ਆਪਣੀਆਂ ਧਰਨੇ ਦੇ ਪਹਿਲੇ ਦਿਨ ਵਾਲੀਆਂ ਮੰਗਾਂ ਨੂੰ ਦੁਹਰਾਉਂਦਿਆਂ ਸਰਕਾਰ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਮੁਲਾਜ਼ਮਾਂ ਵੱਲੋਂ ਲਈ ਗਈ 2 ਦਿਨਾਂ ਦੀ ਮਾਸ ਕੈਜੁਅਲ ਲੀਵ ਤਾਂ ਸਿਰਫ਼ ਇੱਕ ਛੋਟੀ ਜਿਹੀ ਝਾਕੀ ਹੈ। ਜੇਕਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਆਪਣਾ ਅੜੀਅਲ ਰਵੱਈਆ ਨਾ ਛੱਡਿਆ ਅਤੇ ਮੰਗਾਂ ਦਾ ਜਲਦ ਨਿਪਟਾਰਾ ਨਾ ਕੀਤਾ ਤਾਂ ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸੱਦੇ ਹੇਠ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
- Download Babushahi App
-
-