ਜਗਰਾਉਂ ’ਚ ਡਰੱਗ ਵਿਭਾਗ ਦੀ ਤਾਬੜਤੋੜ ਰੇਡ! ਮੈਡੀਕਲ ਸਟੋਰਾਂ ’ਤੇ ਖੁੱਲ੍ਹੀਆਂ ਰਿਕਾਰਡ ਦੀਆਂ ਪਰਤਾਂ, ਨਸ਼ੀਲੀਆਂ ਦਵਾਈਆਂ ਵਾਲਿਆਂ ਨੂੰ ਸਿੱਧੀ ਚਿਤਾਵਨੀ
ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਦਾ ਸਖ਼ਤ ਐਕਸ਼ਨ: ਗੈਰ-ਕਾਨੂੰਨੀ ਦਵਾਈਆਂ ਵੇਚੀਆਂ ਤਾਂ ਲਾਇਸੈਂਸ ਹੋਵੇਗਾ ਜ਼ਬਤ, ਐਸੋਸੀਏਸ਼ਨ ਵੀ ਨਹੀਂ ਦੇਵੇਗੀ ਸਾਥ
ਜਗਰਾਓਂ (ਦੀਪਕ ਜੈਨ) ਸ਼ਹਿਰ ਵਿੱਚ ਨਸ਼ੀਲੀਆਂ ਦਵਾਈਆਂ ਦੀ ਕਥਿਤ ਗੈਰ-ਕਾਨੂੰਨੀ ਵਿਕਰੀ ਨੂੰ ਲੈ ਕੇ ਡਰੱਗ ਵਿਭਾਗ ਨੇ ਸਖ਼ਤ ਰੁਖ਼ ਅਪਣਾ ਲਿਆ ਹੈ। ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਵੱਲੋਂ ਜਗਰਾਉਂ ਦੇ ਡਾਕਟਰ ਦਿਲਾ ਰਾਮ ਚਾਵਲਾ ਮੈਡੀਕਲ ਸਟੋਰ ਅਤੇ ਰਮੇਸ਼ ਮੈਡੀਕਲ ਸਟੋਰ ’ਤੇ ਅਚਨਚੇਤ ਰੇਡ ਕਰਕੇ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਅਚਾਨਕ ਹੋਈ ਇਸ ਕਾਰਵਾਈ ਨਾਲ ਮੈਡੀਕਲ ਸਟੋਰਾਂ ਵਿੱਚ ਹਲਚਲ ਮਚ ਗਈ। ਵਿਭਾਗੀ ਟੀਮ ਨੇ ਦਵਾਈਆਂ ਦੀ ਖਰੀਦ-ਫਰੋਖ਼ਤ, ਵਿਕਰੀ ਰਜਿਸਟਰ ਅਤੇ ਨਸ਼ੀਲੀਆਂ ਦਵਾਈਆਂ ਨਾਲ ਸਬੰਧਤ ਰਿਕਾਰਡ ਦੀ ਜਾਂਚ ਕੀਤੀ।
ਹਾਲਾਂਕਿ ਚੈਕਿੰਗ ਦੌਰਾਨ ਦੋਵਾਂ ਸਟੋਰਾਂ ’ਤੇ ਕੋਈ ਵੱਡੀ ਬੇਨਿਯਮੀ ਸਾਹਮਣੇ ਨਾ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ। ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਨੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਮੈਡੀਕਲ ਸਟੋਰਾਂ ਦੀ ਚੈਕਿੰਗ ਹੁਣ ਰੁਕਣ ਵਾਲੀ ਨਹੀਂ। ਜੇਕਰ ਕੋਈ ਵੀ ਦੁਕਾਨਦਾਰ ਨਸ਼ੀਲੀਆਂ ਦਵਾਈਆਂ ਬਿਨਾਂ ਨਿਯਮਾਂ ਜਾਂ ਗੈਰ-ਕਾਨੂੰਨੀ ਢੰਗ ਨਾਲ ਵੇਚਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਿੱਧੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦੋਸ਼ੀ ਮੈਡੀਕਲ ਸਟੋਰ ਦਾ ਲਾਇਸੈਂਸ ਰੱਦ ਜਾਂ ਜ਼ਬਤ ਵੀ ਕੀਤਾ ਜਾ ਸਕਦਾ ਹੈ। ਇਸ ਮੌਕੇ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਅਗਰਵਾਲ ਨੇ ਵੀ ਸਪੱਸ਼ਟ ਕਰ ਦਿੱਤਾ ਕਿ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਕਿਸੇ ਵੀ ਮੈਡੀਕਲ ਸਟੋਰ ਨੂੰ ਐਸੋਸੀਏਸ਼ਨ ਦੀ ਹਮਾਇਤ ਨਹੀਂ ਮਿਲੇਗੀ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਮੈਂਬਰ ਅਜਿਹੇ ਗੈਰ-ਕਾਨੂੰਨੀ ਕੰਮ ਵਿੱਚ ਫੜਿਆ ਜਾਂਦਾ ਹੈ ਤਾਂ ਐਸੋਸੀਏਸ਼ਨ ਉਸ ਦਾ ਸਾਥ ਦੇਣ ਦੀ ਬਜਾਏ ਕਾਨੂੰਨੀ ਕਾਰਵਾਈ ਵਿੱਚ ਸਹਿਯੋਗ ਕਰੇਗੀ।ਡਰੱਗ ਵਿਭਾਗ ਦੀ ਇਸ ਤਾਬੜਤੋੜ ਕਾਰਵਾਈ ਨੇ ਮੈਡੀਕਲ ਸਟੋਰ ਮਾਲਕਾਂ ਵਿੱਚ ਸਾਫ਼ ਸੰਦੇਸ਼ ਪਹੁੰਚਾ ਦਿੱਤਾ ਹੈ ਕਿ ਹੁਣ ਨਿਯਮਾਂ ਦੀ ਉਲੰਘਣਾ ਕਰਕੇ ਦਵਾਈਆਂ ਵੇਚਣ ਵਾਲਿਆਂ ’ਤੇ ਸਖ਼ਤ ਸ਼ਿਕੰਜਾ ਕੱਸਿਆ ਜਾਵੇਗਾ। ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਦਾ ਹੈ, ਕਿ ਜਗਰਾਓਂ ਵਿੱਚ ਕਈ ਐਸੇ ਮੈਡੀਕਲ ਸਟੋਰਾਂ ਤੇ ਨਸ਼ੀਲੀਆਂ ਦਵਾਈਆਂ ਵੇਚਿਆ ਜਾ ਰਹੀਆਂ ਹਨ।
- Download Babushahi App
-
-