ਲੁਧਿਆਣਾ ਵਿੱਚ ਦੀਵਾਲੀ ਮੌਕੇ ਪਟਾਕਿਆਂ ਦੀਆਂ ਆਰਜ਼ੀ ਦੁਕਾਨਾਂ ਲਈ 6 ਥਾਵਾਂ ’ਤੇ ਨਿਕਲੇਗਾ ਡਰਾਅ, 31 ਅਕਤੂਬਰ ਨੂੰ ਹੋਵੇਗੀ ਪ੍ਰਕਿਰਿਆ
---ਫਾਰਮ 21 ਤੋਂ 23 ਅਕਤੂਬਰ ਤੱਕ ਮਿਲਣਗੇ, ਯੋਗ ਉਮੀਦਵਾਰਾਂ ਦੀ ਸੂਚੀ 30 ਅਕਤੂਬਰ ਨੂੰ ਹੋਵੇਗੀ ਜਾਰੀ
ਸੁਖਮਿੰਦਰ ਭੰਗੂ
ਲੁਧਿਆਣਾ 19 ਅਕਤੂਬਰ 2026
ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਲੁਧਿਆਣਾ ਸ਼ਹਿਰ ਵਿੱਚ ਇਸ ਸਾਲ ਵੀ ਪਟਾਕਿਆਂ ਦੀਆਂ ਆਰਜ਼ੀ ਦੁਕਾਨਾਂ ਲਗਾਉਣ ਲਈ ਪ੍ਰਸ਼ਾਸਨ ਵੱਲੋਂ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤਹਿਤ ਸ਼ਹਿਰ ਦੀਆਂ ਛੇ ਨਿਰਧਾਰਤ ਥਾਵਾਂ ’ਤੇ ਪਟਾਕਿਆਂ ਦੀਆਂ ਦੁਕਾਨਾਂ ਲਈ ਆਰਜ਼ੀ ਲਾਇਸੰਸ ਜਾਰੀ ਕਰਨ ਵਾਸਤੇ ਡਰਾਅ ਕੱਢਿਆ ਜਾਵੇਗਾ। ਇਹ ਲਾਇਸੰਸ ਐਕਸਪਲੋਸਿਵ ਰੂਲਜ਼, 2008 ਤਹਿਤ ਜਾਰੀ ਕੀਤੇ ਜਾਣਗੇ।
ਪ੍ਰਸ਼ਾਸਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਡਰਾਅ ਦੀ ਪ੍ਰਕਿਰਿਆ ਬੱਚਤ ਭਵਨ, ਡਿਪਟੀ ਕਮਿਸ਼ਨਰ ਦਫ਼ਤਰ, ਲੁਧਿਆਣਾ ਵਿਖੇ ਦਰਖਾਸਤੀਆਂ ਅਤੇ ਪ੍ਰੈੱਸ ਦੀ ਹਾਜ਼ਰੀ ਵਿੱਚ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇਗੀ।
ਪਟਾਕਿਆਂ ਦੀਆਂ ਆਰਜ਼ੀ ਦੁਕਾਨਾਂ ਲਗਾਉਣ ਲਈ ਨਿਰਧਾਰਤ ਛੇ ਥਾਵਾਂ ਵਿੱਚ ਦਾਣਾ ਮੰਡੀ, ਸਲੇਮ ਟਾਬਰੀ, ਜਲੰਧਰ ਬਾਈਪਾਸ ਨੇੜੇ ਕੰਡੇ ਦੇ ਸਾਹਮਣੇ ਮਾਰਕੀਟਿੰਗ ਬੋਰਡ ਦੀ ਜਗ੍ਹਾ; ਮਾਡਲ ਟਾਊਨ ਐਕਸਟੈਂਸ਼ਨ ਵਿੱਚ 120 ਫੁੱਟਾ ਰੋਡ ਨੇੜੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ; ਅਰਬਨ ਅਸਟੇਟ ਫੇਜ਼-3, ਦੁੱਗਰੀ ਬਾਈਪਾਸ ਰੋਡ ’ਤੇ ਗਲਾਡਾ ਦੀ ਜਗ੍ਹਾ; ਸੈਕਟਰ-39 ਵਿੱਚ ਚੰਡੀਗੜ੍ਹ ਰੋਡ ਦੇ ਪਿੱਛੇ ਵਰਧਮਾਨ ਗਰਾਊਂਡ, ਜਿਸ ਦੀ ਕੰਧ ਸਰਕਾਰੀ ਕਾਲਜ ਨਾਲ ਲੱਗਦੀ ਹੈ; 200 ਫੁੱਟੀ ਰੋਡ ’ਤੇ ਲੋਧੀ ਕਲੱਬ ਨੇੜੇ ਨਿੱਜੀ ਗਰਾਊਂਡ ਅਤੇ ਹੈਬੋਵਾਲ ਦੀ ਚਾਰਾ ਮੰਡੀ ਵਿੱਚ ਮਾਰਕੀਟਿੰਗ ਬੋਰਡ ਦੀ ਜਗ੍ਹਾ ਸ਼ਾਮਲ ਹਨ।
ਇਨ੍ਹਾਂ ਦੁਕਾਨਾਂ ਲਈ ਅਰਜ਼ੀ ਫਾਰਮ ਪੁਲਿਸ ਕਮਿਸ਼ਨਰ ਦਫ਼ਤਰ, ਲੁਧਿਆਣਾ ਦੀ ਲਾਇਸੰਸਿੰਗ ਸ਼ਾਖਾ ਤੋਂ ਪ੍ਰਾਪਤ ਕੀਤੇ ਜਾ ਸਕਣਗੇ। ਨਿਰਧਾਰਤ ਸਮਾਂ-ਸਾਰਣੀ ਅਨੁਸਾਰ ਫਾਰਮ 21 ਤੋਂ 23 ਅਕਤੂਬਰ 2026 ਤੱਕ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦਿੱਤੇ ਜਾਣਗੇ। ਲੋੜੀਂਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਭਰੇ ਹੋਏ ਫਾਰਮ 24 ਤੋਂ 26 ਅਕਤੂਬਰ ਤੱਕ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਜਮ੍ਹਾਂ ਕਰਵਾਏ ਜਾਣਗੇ।
ਯੋਗ ਉਮੀਦਵਾਰਾਂ ਦੀ ਸੂਚੀ 30 ਅਕਤੂਬਰ 2026 ਨੂੰ ਸ਼ਾਮ 4 ਵਜੇ ਜਾਰੀ ਕੀਤੀ ਜਾਵੇਗੀ, ਜਦਕਿ ਛੇ ਨਿਰਧਾਰਤ ਥਾਵਾਂ ਲਈ ਡਰਾਅ 31 ਅਕਤੂਬਰ 2026 ਨੂੰ ਸਵੇਰੇ 11:30 ਵਜੇ ਬੱਚਤ ਭਵਨ, ਡਿਪਟੀ ਕਮਿਸ਼ਨਰ ਦਫ਼ਤਰ, ਲੁਧਿਆਣਾ ਵਿਖੇ ਕੱਢਿਆ ਜਾਵੇਗਾ।
ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਇਸ ਮਾਮਲੇ ਸਬੰਧੀ ਮਾਣਯੋਗ ਸੁਪਰੀਮ ਕੋਰਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਨਵਾਂ ਹੁਕਮ ਜਾਰੀ ਕੀਤਾ ਜਾਂਦਾ ਹੈ ਜਾਂ ਮੌਜੂਦਾ ਨਿਯਮਾਂ ਵਿੱਚ ਤਬਦੀਲੀ ਹੁੰਦੀ ਹੈ ਤਾਂ ਲਾਇਸੰਸ ਜਾਰੀ ਕਰਨ ਦੀ ਕਾਰਵਾਈ ਨਵੇਂ ਹੁਕਮਾਂ ਅਨੁਸਾਰ ਕੀਤੀ ਜਾਵੇਗੀ।
- Download Babushahi App
-
-