ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੀ ਕਾਮਯਾਬੀ ਲਈ ਆਮ ਜਨਤਾ ਦਾ ਸਹਿਯੋਗ ਜ਼ਰੂਰੀ: ਐੱਸ.ਐੱਸ.ਪੀ. ਖੰਨਾ
ਦੋਰਾਹਾ ਵਿਖੇ ਪੁਲਿਸ-ਪਬਲਿਕ ਤਾਲਮੇਲ ਮੀਟਿੰਗ ਦੌਰਾਨ ਲੋਕਾਂ ਨਾਲ ਕੀਤਾ ਸਿੱਧਾ ਰਾਬਤਾ
ਨਸ਼ਾ ਤਸਕਰਾਂ ਦੀ ਸੂਚਨਾ ਦੇਣ ਵਾਲਿਆਂ ਦੀ ਪਛਾਣ ਰੱਖੀ ਜਾਵੇਗੀ ਗੁਪਤ: ਪੁਲਿਸ ਪ੍ਰਸ਼ਾਸਨ
ਖੰਨਾ ( ਰਵਿੰਦਰ ਢਿੱਲੋਂ )
ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਦੋਰਾਹਾ ਵਿਖੇ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ.) ਡਾਕਟਰ ਦਰਪਣ ਆਹਲੂਵਾਲੀਆ ਆਈ.ਪੀ.ਐਸ ਵੱਲੋਂ ਇਲਾਕਾ ਨਿਵਾਸੀਆਂ, ਕੌਸਲਰਾਂ, ਪੰਚਾਂ-ਸਰਪੰਚਾਂ ਅਤੇ ਮੋਹਤਬਰ ਸ਼ਖ਼ਸੀਅਤਾਂ ਨਾਲ ਇੱਕ ਵਿਸ਼ੇਸ਼ ਪੁਲਿਸ-ਪਬਲਿਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਮੰਤਵ ਸਮਾਜ ਵਿਰੋਧੀ ਅਨਸਰਾਂ 'ਤੇ ਨਕੇਲ ਕੱਸਣਾ, ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਅਤੇ ਖੇਤਰ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਰਨਾ ਰਿਹਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਐੱਸ.ਐੱਸ.ਪੀ. ਖੰਨਾ ਨੇ ਕਿਹਾ ਕਿ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਇਕੱਲੀ ਪੁਲਿਸ ਦੀ ਕਾਰਵਾਈ ਕਾਫ਼ੀ ਨਹੀਂ ਹੈ, ਸਗੋਂ ਇਸ ਗੰਭੀਰ ਬੁਰਾਈ ਵਿਰੁੱਧ ਜਿੱਤ ਹਾਸਲ ਕਰਨ ਲਈ ਆਮ ਜਨਤਾ ਦਾ ਸਾਥ ਅਤੇ ਸਹਿਯੋਗ ਸਭ ਤੋਂ ਅਹਿਮ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਖ਼ੁਦ ਅੱਗੇ ਆ ਕੇ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਆਵਾਜ਼ ਨਹੀਂ ਉਠਾਉਣਗੇ, ਉਦੋਂ ਤੱਕ ਇਸ ਲੜੀ ਨੂੰ ਪੂਰੀ ਤਰ੍ਹਾਂ ਤੋੜਿਆ ਨਹੀਂ ਜਾ ਸਕਦਾ।
ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਤਸਕਰਾਂ ਜਾਂ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਪੁਲਿਸ ਨੂੰ ਜਾਣਕਾਰੀ ਦਿੰਦਾ ਹੈ, ਤਾਂ ਉਸ ਦਾ ਨਾਮ ਅਤੇ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਸਮਾਜ ਵਿਰੋਧੀ ਅਨਸਰਾਂ ਅਤੇ ਤਸਕਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਦਮ ਚੁੱਕੇ ਜਾਣਗੇ।
ਐੱਸ.ਐੱਸ.ਪੀ. ਨੇ ਮਾਪਿਆਂ ਅਤੇ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਨੌਜਵਾਨ ਪੀੜ੍ਹੀ 'ਤੇ ਨਜ਼ਰ ਰੱਖਣ ਅਤੇ ਉਨ੍ਹਾਂ ਨੂੰ ਖੇਡਾਂ ਤੇ ਸਿੱਖਿਆ ਵੱਲ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਅਣਜਾਣੇ ਵਿੱਚ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਹਨ, ਉਨ੍ਹਾਂ ਨੂੰ ਸਜ਼ਾ ਦੇਣ ਦੀ ਬਜਾਏ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਇਲਾਜ ਕਰਵਾ ਕੇ ਮੁੱਖ ਧਾਰਾ ਵਿੱਚ ਲਿਆਂਦਾ ਜਾਵੇਗਾ।
ਇਸ ਮੌਕੇ ਹਾਜ਼ਰ ਇਲਾਕਾ ਨਿਵਾਸੀਆਂ ਅਤੇ ਪੰਚਾਇਤ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਪੂਰਾ ਭਰੋਸਾ ਦਿੱਤਾ।
- Download Babushahi App
-
-