ਰਵਨੀਤ ਬਿੱਟੂ ਦੇ ਮੰਡੀ ਦੌਰੇ ਤੋਂ ਬਾਅਦ ਸਿਆਸੀ ਅੱਗ; ਝੱਜ ਦਾ ਸਿੱਧਾ ਹਮਲਾ- ‘ਕਿਸਾਨ ਹਿਤੈਸ਼ੀ ਬਣਨ ਦਾ ਡਰਾਮਾ ਨਾ ਕਰੋ’
ਜਗਰਾਉਂ: (ਦੀਪਕ ਜੈਨ) ਬੇਮੌਸਮੀ ਬਰਸਾਤ ਨੇ ਜਗਰਾਉਂ ਅਨਾਜ ਮੰਡੀ ਵਿੱਚ ਪਾਣੀ ਭਰ ਦਿੱਤਾ ਅਤੇ ਇੱਥੋਂ ਹੀ ਸਿਆਸੀ ਲੜਾਈ ਵੀ ਸ਼ੁਰੂ ਹੋ ਗਈ। ਮੰਡੀ ਦਾ ਜਾਇਜ਼ਾ ਲੈਣ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ’ਤੇ ਨਿਕਾਸੀ ਅਤੇ ਖਰੀਦ ਪ੍ਰਬੰਧਾਂ ਦੀ ਕਾਰਵਾਈ ਦੇ ਦੋਸ਼ ਲਗਾਏ, ਜਿਸ ਤੋਂ ਬਾਅਦ ਮਾਰਕੀਟ ਕਮੇਟੀ ਚੇਅਰਮੈਨ ਕੁਲਵਿੰਦਰ ਸਿੰਘ ਝੱਜ (ਕਾਲਾ) ਨੇ ਬਿੱਟੂ ਨੂੰ ਸਿੱਧਾ ਘੇਰ ਲਿਆ।
ਪ੍ਰੈੱਸ ਕਾਨਫਰੰਸ ਵਿੱਚ ਕੁਲਵਿੰਦਰ ਸਿੰਘ ਝੱਜ ਨੇ ਬਿੱਟੂ ਵੱਲੋਂ ਮੰਡੀ ਵਿੱਚ ਪੀਪਿਆਂ ਨਾਲ ਪਾਣੀ ਕੱਢਣ ਦੀ ਕਾਰਵਾਈ ਨੂੰ ‘ਡਰਾਮਾ’ ਕਰਾਰ ਦਿੱਤਾ। ਉਹਨਾਂ ਸਵਾਲ ਉਠਾਇਆ ਕਿ ਜੇਕਰ ਬਿੱਟੂ ਕਿਸਾਨਾਂ ਦੇ ਇੰਨੇ ਵੱਡੇ ਹਮਦਰਦ ਹਨ, ਤਾਂ ਉਹਨਾਂ ਨੇ ਐੱਮ.ਪੀ. ਤੇ ਕੇਂਦਰੀ ਮੰਤਰੀ ਰਹਿੰਦਿਆਂ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਇਸ ਮੰਡੀ ਲਈ ਕੀ ਕੀਤਾ
ਝੱਜ ਨੇ ਕਿਹਾ ਕਿ ਜਦੋਂ ਕਿਸਾਨ ਡੇਢ ਸਾਲ ਸਰਹੱਦਾਂ ’ਤੇ ਬੈਠੇ ਰਹੇ ਤਾਂ ਐੱਮ.ਐੱਸ.ਪੀ. ਦੀ ਕਾਨੂੰਨੀ ਗਰੰਟੀ ਲਈ ਬਿੱਟੂ ਨੇ ਕੀ ਕਦਮ ਚੁੱਕੇ? ਉਹਨਾਂ ਮਾਝੇ ਵਿੱਚ ਹੜ੍ਹਾਂ ਦੌਰਾਨ ਕੀਤੇ 1600 ਕਰੋੜ ਰੁਪਏ ਦੇ ਵਾਅਦੇ ਦਾ ਹਿਸਾਬ ਵੀ ਮੰਗਿਆ।
ਪਾਣੀ ਭਰਨ ਦੇ ਦੋਸ਼ਾਂ ’ਤੇ ਚੇਅਰਮੈਨ ਨੇ ਕਿਹਾ ਕਿ ਮੀਂਹ ਕੁਦਰਤੀ ਆਫ਼ਤ ਹੈ, ਪਰ ਪ੍ਰਸ਼ਾਸਨ ਨੇ ਦੇਰ ਨਾ ਕੀਤੀ। ਟਿਊਬਵੈੱਲ ਚਲਾ ਕੇ ਪਾਣੀ ਕੱਢਿਆ ਗਿਆ ਅਤੇ ਬੰਦ ਪਏ ਸੀਵਰੇਜ ਚੈਂਬਰ ਮਜ਼ਦੂਰ ਲਗਾ ਕੇ ਸਾਫ਼ ਕਰਵਾਏ ਗਏ।
ਖਰੀਦ ਰੁਕਣ ਦੇ ਦੋਸ਼ਾਂ ਨੂੰ ਉਹਨਾਂ ਪੂਰੀ ਤਰ੍ਹਾਂ ਨਕਾਰਿਆ ਅਤੇ ਕਿਹਾ ਕਿ 17 ਫੀਸਦੀ ਤੋਂ ਘੱਟ ਨਮੀ ਵਾਲੇ ਝੋਨੇ ਦੀ ਖਰੀਦ ਤੇ ਲਿਫਟਿੰਗ ਲਗਾਤਾਰ ਜਾਰੀ ਹੈ। ਜਗਰਾਉਂ ਮੰਡੀ ਵਿੱਚ ਝੋਨੇ ਦੀ ਸਰਕਾਰੀ ਖਰੀਦ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।
ਮੰਡੀ ਦੇ ਫੜ੍ਹਾਂ ਦੀ ਮਾੜੀ ਹਾਲਤ ਲਈ ਝੱਜ ਨੇ ਸਾਬਕਾ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਕਿਹਾ ਕਿ ਇਹ ਢਾਂਚਾ ਪੁਰਾਣੇ ਰਾਜ ਦੌਰਾਨ ਬਣਿਆ ਸੀ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ 2022 ਵਿੱਚ ਆਈ ਹੈ।
ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਪੇਂਡੂ ਸੜਕਾਂ ਲਈ ਮੰਡੀ ਬੋਰਡ ਰਾਹੀਂ 1345 ਕਰੋੜ ਰੁਪਏ ਜਾਰੀ ਕੀਤੇ ਹਨ ਅਤੇ ਮੰਡੀ ਵਿੱਚ ਨਵੀਆਂ ਹਾਈਮਾਸਕ ਲਾਈਟਾਂ ਵੀ ਲੱਗ ਰਹੀਆਂ ਹਨ
- Download Babushahi App
-
-