ਬਟਾਲਾ ਡਰਾਇਵਿੰਗ ਲਾਇਸੈਂਸ ਟੈੱਸਟ ਟਰੈਕ ਦੀ ਖਸਤਾ ਹਾਲਤ ਤੋਂ ਲੋਕ ਪ੍ਰੇਸ਼ਾਨ
ਟੁੱਟੀਆਂ ਸੜਕਾਂ, ਟੋਏ ਅਤੇ ਮਿਟੇ ਦਿਸ਼ਾ-ਸੂਚਕ ਨਿਸ਼ਾਨ ਬਣ ਰਹੇ ਹਨ ਪ੍ਰੀਖਿਆਰਥੀਆਂ ਲਈ ਮੁਸ਼ਕਲ ਦਾ ਕਾਰਨ
ਰੋਹਿਤ ਗੁਪਤਾ
ਬਟਾਲਾ, 9 ਅਕਤੂਬਰ - ਟਰਾਂਸਪੋਰਟ ਵਿਭਾਗ ਵੱਲੋਂ ਬਟਾਲਾ ਵਿਖੇ ਬਣਾਇਆ ਗਿਆ ਡਰਾਇਵਿੰਗ ਲਾਇਸੈਂਸ ਟੈੱਸਟ ਟਰੈਕ ਪਿਛਲੇ ਕਈ ਮਹੀਨਿਆਂ ਤੋਂ ਖਸਤਾ ਹਾਲਤ ਵਿੱਚ ਹੋਣ ਕਾਰਨ ਡਰਾਇਵਿੰਗ ਲਾਇਸੈਂਸ ਬਣਵਾਉਣ ਵਾਲੇ ਲੋਕਾਂ ਲਈ ਮੁਸ਼ਕਲ ਦਾ ਕਾਰਨ ਬਣਿਆ ਹੋਇਆ ਹੈ। ਇਹ ਟਰੈਕ ਐੱਸ.ਡੀ.ਐੱਮ. ਬਟਾਲਾ ਦੇ ਅਧੀਨ ਚੱਲ ਰਿਹਾ ਹੈ ਜੋ ਕਿ ਐੱਸ.ਡੀ.ਐੱਮ. ਦਫ਼ਤਰ ਦੇ ਬਿਲਕੁਲ ਨਾਲ ਸਥਿਤ ਹੈ।
ਬਟਾਲਾ ਨਿਵਾਸੀ ਅਨੁਰਾਗ ਮਹਿਤਾ ਨੇ ਦੱਸਿਆ ਕਿ ਟੈੱਸਟ ਟਰੈਕ ਦੀ ਸੜਕ ਕਈ ਥਾਵਾਂ ਤੋਂ ਟੁੱਟੀ ਹੋਈ ਹੈ ਅਤੇ ਟਰੈਕ ਵਿੱਚ ਥਾਂ-ਥਾਂ ਟੋਏ ਪਏ ਹੋਏ ਹਨ। ਇਸ ਤੋਂ ਇਲਾਵਾ ਡਰਾਇਵਿੰਗ ਟੈੱਸਟ ਲਈ ਲੋੜੀਂਦੇ ਦਿਸ਼ਾ-ਸੂਚਕ ਨਿਸ਼ਾਨ ਵੀ ਕਈ ਥਾਵਾਂ ਤੋਂ ਪੂਰੀ ਤਰ੍ਹਾਂ ਮਿਟ ਚੁੱਕੇ ਹਨ ਜਾਂ ਇੰਨੇ ਫਿੱਕੇ ਹੋ ਗਏ ਹਨ ਕਿ ਸਪਸ਼ਟ ਤੌਰ ’ਤੇ ਦਿਖਾਈ ਨਹੀਂ ਦਿੰਦੇ। ਕੁਝ ਨਿਸ਼ਾਨ ਸੜਕ ਦੇ ਨਾਲ ਹੀ ਉਖੜੇ ਹੋਏ ਹਨ।
ਅਨੁਰਾਗ ਮਹਿਤਾ ਸਮੇਤ ਡਰਾਇਵਿੰਗ ਲਾਇਸੰਸ ਦਾ ਟੈੱਸਟ ਦੇਣ ਪ੍ਰੀਖਿਆਰਥੀਆਂ ਦਾ ਕਹਿਣਾ ਹੈ ਕਿ ਟਰੈਕ ’ਤੇ ਨਿਸ਼ਾਨ ਸਪਸ਼ਟ ਨਾ ਹੋਣ ਕਾਰਨ ਕਈ ਵਾਰ ਉਨ੍ਹਾਂ ਨੂੰ ਡਰਾਇਵਿੰਗ ਟੈੱਸਟ ਦੌਰਾਨ ਇਹ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ ਕਿ ਕਿਸ ਦਿਸ਼ਾ ਵਿੱਚ ਵਾਹਨ ਲਿਜਾਣਾ ਹੈ। ਇਸ ਕਾਰਨ ਅਣਜਾਣੇ ਵਿੱਚ ਹੋਈ ਗਲਤੀ ਉਨ੍ਹਾਂ ਦੇ ਟੈੱਸਟ ਦੇ ਨਤੀਜੇ ਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਟੈੱਸਟ ਪਾਸ ਨਹੀਂ ਹੁੰਦਾ ਤਾਂ ਪ੍ਰੀਖਿਆਰਥੀ ਨੂੰ ਮੁੜ ਟੈੱਸਟ ਲਈ ਫੀਸ ਜਮ੍ਹਾਂ ਕਰਵਾਉਣੀ ਪੈਂਦੀ ਹੈ, ਜਿਸ ਨਾਲ ਉਸ ’ਤੇ ਵਾਧੂ ਆਰਥਿਕ ਬੋਝ ਪੈਂਦਾ ਹੈ। ਇਸ ਦੇ ਨਾਲ ਹੀ ਦੁਬਾਰਾ ਟੈੱਸਟ ਦੇਣ ਲਈ ਆਉਣ ਕਾਰਨ ਸਮੇਂ ਦੀ ਬਰਬਾਦੀ ਅਤੇ ਖੱਜਲ-ਖੁਆਰੀ ਵੀ ਹੁੰਦੀ ਹੈ।
ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਟਰੈਕ ਦੀਆਂ ਇਨ੍ਹਾਂ ਖਾਮੀਆਂ ਵੱਲ ਸਬੰਧਤ ਅਧਿਕਾਰੀਆਂ ਦਾ ਧਿਆਨ ਦਿਵਾਏ ਜਾਣ ਦੇ ਬਾਵਜੂਦ ਸਮੱਸਿਆ ਦਾ ਸਥਾਈ ਹੱਲ ਨਹੀਂ ਹੋ ਸਕਿਆ। ਲੋਕਾਂ ਨੇ ਮੰਗ ਕੀਤੀ ਹੈ ਕਿ ਟਰੈਕ ਦੀ ਸੜਕ ਦੀ ਤੁਰੰਤ ਮੁਰੰਮਤ ਕਰਵਾਉਣ ਦੇ ਨਾਲ-ਨਾਲ ਸਾਰੇ ਦਿਸ਼ਾ-ਸੂਚਕ ਨਿਸ਼ਾਨ ਮੁੜ ਸਪਸ਼ਟ ਤਰੀਕੇ ਨਾਲ ਲਗਾਏ ਜਾਣ, ਤਾਂ ਜੋ ਡਰਾਇਵਿੰਗ ਟੈੱਸਟ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਕਰਵਾਇਆ ਜਾ ਸਕੇ।
ਇਸ ਤੋਂ ਇਲਾਵਾ ਲੋਕਾਂ ਵੱਲੋਂ ਇਹ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਜਦੋਂ ਕਿਸੇ ਸਰਕਾਰੀ ਸੇਵਾ ਨੂੰ ਲੈ ਕੇ ਲੋਕਾਂ ਨੂੰ ਵਾਰ-ਵਾਰ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਂਦੇ ਹਨ ਤਾਂ ਕੁਝ ਵਿਚੋਲਿਆਂ ਜਾਂ ਦਲਾਲਾਂ ਵੱਲੋਂ ਉਨ੍ਹਾਂ ਦੀ ਮਜ਼ਬੂਰੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੀਆਂ ਸੰਭਾਵਨਾਵਾਂ ਨੂੰ ਰੋਕਣ ਲਈ ਟੈੱਸਟ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਇਆ ਜਾਵੇ ਅਤੇ ਟਰੈਕ ਦੀਆਂ ਸਾਰੀਆਂ ਬੁਨਿਆਦੀ ਖਾਮੀਆਂ ਤੁਰੰਤ ਦੂਰ ਕੀਤੀਆਂ ਜਾਣ।
ਬਟਾਲਾ ਤਹਿਸੀਲ ਦੇ ਵਸਨੀਕਾਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਡਰਾਇਵਿੰਗ ਲਾਇਸੈਂਸ ਟੈੱਸਟ ਟਰੈਕ ਦੀ ਮੁਰੰਮਤ ਅਤੇ ਨਿਸ਼ਾਨਾਂ ਦੀ ਮੁੜ-ਸਥਾਪਨਾ ਦਾ ਕੰਮ ਜਲਦ ਮੁਕੰਮਲ ਕੀਤਾ ਜਾਵੇ, ਤਾਂ ਜੋ ਆਮ ਲੋਕਾਂ ਨੂੰ ਹੋ ਰਹੀ ਆਰਥਿਕ, ਮਾਨਸਿਕ ਪ੍ਰੇਸ਼ਾਨੀ ਅਤੇ ਬੇਲੋੜੀ ਖੱਜਲ-ਖੁਆਰੀ ਤੋਂ ਰਾਹਤ ਮਿਲ ਸਕੇ।
- Download Babushahi App
-
-