ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਖਿਡਾਰੀਆਂ ਦਾ ਸ਼ਾਨਦਾਰ ਵਿਖਾਵਾ
ਬੰਗਾ 09 ਅਕਤੂਬਰ () ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਸੂਬੇ ਭਰ ਵਿੱਚ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ-2026' ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ । ਇਹ ਜਾਣਕਾਰੀ ਢਾਹਾਂ ਕਲੇਰਾਂ ਵਿਖੇ ਜੇਤੂ ਖਿਡਾਰੀਆਂ ਦਾ ਸਨਮਾਨ ਕਰਨ ਅਤੇ ਵਧਾਈ ਦੇਣ ਮੌਕੇ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ, ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਮੀਡੀਆ ਨੂੰ ਪ੍ਰਦਾਨ ਕੀਤੀ । ਉਹਨਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਕੁਸ਼ਤੀ ਅਤੇ ਐਥਲੈਟਿਕਸ ਵਿੱਚ ਕੁੱਲ 9 ਮੈਡਲ (5 ਗੋਲਡ , 2 ਸਿਲਵਰ , 2 ਕਾਂਸੀ) ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਸਕੂਲ ਅਤੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ । ਉਹਨਾਂ ਦੱਸਿਆ ਕਿ ਸਕੂਲ ਦੀਆਂ ਪਹਿਲਵਾਨ ਲੜਕੀਆਂ ਨੇ ਕੁਸ਼ਤੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਹਨਾਂ ਵਿਚ ਸਰਗੁਣ ਕੌਰ ਪੁੱਤਰੀ ਬਲਜੀਤ ਸਿੰਘ ਪਿੰਡ ਢਾਹਾਂ ਨੇ ਅੰਡਰ 17 ਸਾਲ 54 ਕਿਲੋਗ੍ਰਾਮ ਵਜ਼ਨ ਵਰਗ ਵਿੱਚ ਸ਼ਾਨਦਾਰ ਦਾਅ-ਪੇਚ ਦਿਖਾਉਂਦਿਆਂ ਵਿਰੋਧੀਆਂ ਨੂੰ ਚਿੱਤ ਕਰਕੇ ਗੋਲਡ ਮੈਡਲ ਆਪਣੇ ਨਾਮ ਕੀਤਾ । ਜਦ ਕਿ ਨਿਧੀ ਲੀਨ ਪੁੱਤਰੀ ਰਾਕੇਸ਼ ਕੁਮਾਰ ਪਿੰਡ ਮਜਾਰੀ ਨੇ ਅੰਡਰ 17 ਸਾਲ 49 ਕਿਲੋਗ੍ਰਾਮ ਵਜ਼ਨ ਵਰਗ ਵਿੱਚ ਫਾਈਨਲ ਵਿੱਚ ਇੱਕ ਤਰਫਾ ਜਿੱਤ ਦਰਜ ਕਰਕੇ ਗੋਲਡ ਮੈਡਲ ਜਿੱਤਿਆ । ਹਰਮਨਪ੍ਰੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਪਿੰਡ ਜੱਸੋ ਮਜਾਰਾ ਨੇ ਅੰਡਰ 14 ਸਾਲ 39 ਕਿਲੋਗ੍ਰਾਮ ਵਜ਼ਨ ਵਰਗ ਵਿੱਚ ਆਪਣੀ ਤਾਕਤ ਅਤੇ ਤਕਨੀਕ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦਿਆਂ ਗੋਲਡ ਮੈਡਲ 'ਤੇ ਕਬਜ਼ਾ ਕੀਤਾ । ਪ੍ਰੀਤਪਾਲ ਕੌਰ ਪੁੱਤਰੀ ਮੱਖਣ ਸਿੰਘ ਪਿੰਡ ਹੱਪੋਵਾਲ ਨੇ ਅੰਡਰ 14 ਸਾਲ, 54 ਕਿਲੋਗ੍ਰਾਮ ਵਜ਼ਨ ਵਰਗ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਗੋਲਡ ਮੈਡਲ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ । ਜਦਕਿ ਅੰਡਰ 14 ਸਾਲ ਵਿਚ ਸਰੂਪ ਸੈਣੀ ਪੁੱਤਰੀ ਰੁਪਿੰਦਰ ਪਾਲ ਪਿੰਡ ਕਲੇਰਾਂ 39 ਕਿਲੋਗ੍ਰਾਮ ਵਜ਼ਨ ਵਰਗ ਵਿੱਚ ਅਤੇ ਸੁਖਮਨਪ੍ਰੀਤ ਕੌਰ ਪੁੱਤਰੀ ਮੱਖਣ ਸਿੰਘ ਪਿੰਡ ਹੱਪੋਵਾਲ ਨੇ 30 ਕਿਲੋਗ੍ਰਾਮ ਵਜ਼ਨ ਵਰਗ ਵਿੱਚ ਸਖ਼ਤ ਮੁਕਾਬਲੇ ਤੋਂ ਬਾਅਦ ਸਿਲਵਰ ਮੈਡਲ ਜਿੱਤੇ । ਸਕਸ਼ ਲੀਨ ਪੁੱਤਰ ਰਾਕੇਸ਼ ਕੁਮਾਰ ਮਜਾਰੀ ਨੇ ਅੰਡਰ 14 ਸਾਲ 48 ਕਿਲੋਗ੍ਰਾਮ ਵਜ਼ਨ ਵਰਗ ਵਿੱਚ ਹੋਏ ਸਖਤ ਮੁਕਾਬਲੇ ਵਿੱਚ ਜਿੱਤ ਹਾਸਲ ਕਰਕੇ ਕਾਂਸੀ ਦਾ ਮੈਡਲ ਜਿੱਤਿਆ । ਸ. ਢਾਹਾਂ ਨੇ ਦੱਸਿਆ ਕਿ ਐਥਲੈਟਿਕਸ ਵਿੱਚ ਵੀ ਸਕੂਲ ਦੇ ਖਿਡਾਰੀਆਂ ਨੇ ਅੰਡਰ-17 ਵਰਗ ਵਿੱਚ ਇਸ਼ਮੀਤ ਸਿੰਘ ਪੁੱਤਰ ਹਰਕਰਨਵੀਰ ਸਿੰਘ ਪਿੰਡ ਕੰਗਰੋੜ ਨੇ ਹਾਈ ਜੰਪ ਵਿੱਚ ਸਾਰਿਆਂ ਨੂੰ ਪਛਾੜਦਿਆਂ ਗੋਲਡ ਮੈਡਲ ਜਿੱਤਿਆ । ਇਸੇ ਤਰ੍ਹਾਂ ਸਹਿਜਮਨ ਸਿੰਘ ਮੱਟੂ ਪੁੱਤਰ ਕਮਲਜੀਤ ਸਿੰਘ ਮੱਟੂ ਪਿੰਡ ਝੰਡੇਰ ਕਲਾਂ ਨੇ 100 ਮੀਟਰ ਦੌੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਮੈਡਲ ਆਪਣੇ ਨਾਮ ਕੀਤਾ । ਸ. ਢਾਹਾਂ ਨੇ ਕਿਹਾ ਕਿ ਇਹ ਸਾਡੇ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਖਿਡਾਰੀਆਂ ਨੇ ਮਿਹਨਤ, ਅਨੁਸ਼ਾਸ਼ਨ ਅਤੇ ਖੇਡ ਭਾਵਨਾ ਨਾਲ ਇਹਨਾਂ ਖੇਡਾਂ ਵਿਚ ਭਾਗ ਲੈ ਕੇ ਸਕੂਲ ਦਾ ਨਾਮ ਬੁਲੰਦ ਕੀਤਾ ਹੈ। ਇਹ ਸਫਲਤਾ ਸਾਡੇ ਬੱਚਿਆਂ ਦੇ ਹੌਂਸਲੇ ਅਤੇ ਸਕੂਲ ਦੇ ਖੇਡ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ। ਸਾਨੂੰ ਆਪਣੇ ਖਿਡਾਰੀਆਂ 'ਤੇ ਮਾਣ ਹੈ ਅਤੇ ਇਹ ਸਫਲਤਾ ਹੋਰ ਖਿਡਾਰੀਆਂ ਲਈ ਪ੍ਰੇਰਣਾ ਬਣੇਗੀ । ਉਨ੍ਹਾਂ ਸਮੂਹ ਟਰੱਸਟ ਮੈਂਬਰਾਂ ਵੱਲੋਂ ਸਾਰੇ ਮੈਡਲ ਜੇਤੂਆਂ ਦਾ ਸਨਮਾਨ ਕੀਤਾ ਤੇ ਵਧਾਈਆਂ ਦਿੱਤੀਆਂ । ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਵਿਨੀਤਾ ਚੋਟ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਸਕੂਲ ਵਿਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਪੂਰਾ ਮਹੱਤਵ ਦਿੱਤਾ ਜਾਂਦਾ ਹੈ। ਇਸ ਮੌਕੇ ਦਵਿੰਦਰ ਸਿੰਘ ਢਿੱਲੋਂ ਮੈਂਬਰ ਟਰੱਸਟ, ਰਮਨ ਕੁਮਾਰ ਵਾਈਸ ਪ੍ਰਿੰਸੀਪਲ, ਜਸਵੀਰ ਕੌਰ, ਕੋਮਲ, ਕੁਲਜੀਤ ਸਿੰਘ (ਸਾਰੇ ਖੇਡ ਅਧਿਆਪਕ) ਅਤੇ ਕਮਲਜੀਤ ਸਿੰਘ ਮੱਟੂ ਵੀ ਹਾਜ਼ਰ ਸਨ । ਵਰਨਣਯੋਗ ਹੈ ਕਿ ਜ਼ਿਲ੍ਹਾ ਪੱਧਰ 'ਤੇ ਗੋਲਡ ਮੈਡਲ ਜਿੱਤਣ ਵਾਲੇ ਸਾਰੇ ਖਿਡਾਰੀ ਸਰਗੁਣ ਕੌਰ, ਨਿਧੀ ਲੀਨ, ਹਰਮਨਪ੍ਰੀਤ ਕੌਰ, ਪ੍ਰੀਤਪਾਲ ਕੌਰ ਅਤੇ ਇਸ਼ਮੀਤ ਸਿੰਘ ਹੁਣ ਸੂਬਾ ਪੱਧਰੀ 'ਖੇਡਾਂ ਵਤਨ ਪੰਜਾਬ ਦੀਆਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ ।
- Download Babushahi App
-
-