ਗੁੱਗਾ ਮਾੜੀ ਪਿੰਡ ਸੇਖੂਪੁਰ ਵਿਖੇ ਕਰਵਾਇਆ ਸਾਲਾਨਾ ਕੁਸ਼ਤੀ ਦੰਗਲ
ਗੁਰਪ੍ਰੀਤ ਸਿੰਘ ਜਖਵਾਲੀ
ਫਤਿਹਗੜ੍ਹ ਸਾਹਿਬ 26 ਸਤੰਬਰ ਪਿੰਡ ਸੇਖੂਪੁਰ ਵਿਖੇ ਗੁੱਗਾ ਮਾੜੀ ਦੇ ਅਸਥਾਨ ’ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 25 ਸਤੰਬਰ ਨੂੰ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਤੋਂ ਪਹਿਲਾਂ 24 ਸਤੰਬਰ ਦੀ ਰਾਤ ਨੂੰ ਗੁੱਗਾ ਮਾੜੀ ਵਿਖੇ ਚੌਂਕੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਲਾਕੇ ਦੀ ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਮੱਥਾ ਟੇਕਿਆ ਅਤੇ ਗੁੱਗਾ ਮਾੜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਕੁਸ਼ਤੀ ਦੰਗਲ ਦੇ ਆਯੋਜਨ ਵਿੱਚ ਗੁੱਗਾ ਮਾੜੀ ਕਮੇਟੀ, ਪਿੰਡ ਦੀ ਪੰਚਾਇਤ, ਨੌਜਵਾਨਾਂ ਅਤੇ ਐਨਆਰਆਈ ਵੀਰਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਦੂਰ-ਦੁਰਾਡੇ ਤੋਂ ਪਹੁੰਚੇ ਪਹਿਲਵਾਨਾਂ ਨੇ ਆਪਣੀ ਕੁਸ਼ਤੀ ਦੇ ਜੌਹਰ ਦਿਖਾਉਂਦਿਆਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਮੇਟੀ ਅਤੇ ਪਿੰਡ ਦੇ ਐਨਆਰਆਈ ਵੀਰਾਂ ਵੱਲੋਂ ਵੱਖ-ਵੱਖ ਇਨਾਮ ਵੀ ਪ੍ਰਦਾਨ ਕੀਤੇ ਗਏ।
ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਧਾਰਮਿਕ ਮੇਲੇ ਅਤੇ ਖੇਡ ਸਮਾਗਮ ਸਾਡੀ ਪੁਰਾਤਨ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਖੇਡਾਂ ਨੌਜਵਾਨਾਂ ਵਿੱਚ ਤੰਦਰੁਸਤੀ, ਅਨੁਸ਼ਾਸਨ ਅਤੇ ਮਿਹਨਤ ਦੀ ਭਾਵਨਾ ਪੈਦਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ।
ਪਿੰਡ ਸੇਖੂਪੁਰ ਦਾ ਇਹ ਸਾਲਾਨਾ ਮੇਲਾ ਪਿੰਡ ਵਾਸੀਆਂ ਦੇ ਆਪਸੀ ਸਹਿਯੋਗ, ਭਾਈਚਾਰਕ ਸਾਂਝ ਅਤੇ ਨੌਜਵਾਨਾਂ ਦੀ ਇਕਜੁੱਟਤਾ ਦਾ ਪ੍ਰਤੀਕ ਬਣਿਆ। ਸਮੂਹ ਨਗਰ ਨਿਵਾਸੀਆਂ, ਪੰਚਾਇਤ, ਕਮੇਟੀ, ਨੌਜਵਾਨਾਂ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਹ ਸਮਾਗਮ ਆਪਣੀ ਅਮਿੱਟ ਛਾਪ ਛੱਡ ਗਿਆ।
- Download Babushahi App
-
-